ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਜ਼ੋਰਦਾਰ ਹੱਲਾ ਬੋਲਦਿਆਂ ਅੱਜ ਕਿਹਾ ਕਿ ਪਾਰਟੀ ਕਰਜ਼ਿਆਂ ’ਤੇ ਲੀਕ ਮਾਰਨ ਦੇ ਨਾਂ ਹੇਠ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਵੋਟਾਂ ਹਾਸਲ ਕਰਨ ਲਈ ਕੀਤੇ ਝੂਠੇ ਵਾਅਦਿਆਂ ਦੀ ਸਚਾਈ ਸਾਹਮਣੇ ਆਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਰਾਜ ਸਰਕਾਰਾਂ ਨੇ ਚੋਣ ਵਾਅਦੇ ਪੁਗਾਉਣ ਦੀ ਥਾਂ ਕਿਸਾਨਾਂ ਹੱਥ ‘ਲੌਲੀਪੋਪ’ ਫੜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ‘ਕਾਂਗਰਸ ਤੇ ਉਹਦੇ ਝੂਠ ਤੋਂ ਸਾਵਧਾਨ ਰਹਿਣ।’ ਸ੍ਰੀ ਮੋਦੀ ਨੇ ਇੱਥੇ ਮਹਾਰਾਜ ਸੁਹੇਲਦੇਵ ਨੂੰ ਸਮਰਪਿਤ ਡਾਕ ਟਿਕਟ ਜਾਰੀ ਕਰਨ ਅਤੇ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਮਗਰੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘ਵੋਟਾਂ ਹਾਸਲ ਕਰਨ ਲਈ ਕੀਤੇ ਝੂਠੇ ਵਾਅਦਿਆਂ ਦਾ ਕੀ ਹਾਲ ਹੁੰਦਾ ਹੈ, ਉਹ ਹੁਣ ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਦਿਖਾਈ ਦੇ ਰਿਹਾ ਹੈ। ਸਰਕਾਰ ਬਦਲਦੇ ਹੀ ਉੱਥੇ ਹੁਣ ਖਾਦ ਤੇ ਯੂਰੀਆ ਲੈਣ ਲਈ ਕਤਾਰਾਂ ਲੱਗਣ ਲੱਗੀਆਂ ਹਨ। ਡਾਂਗਾਂ ਚੱਲ ਰਹੀਆਂ ਹਨ ਤੇ ਕਾਲਾਬਾਜ਼ਾਰੀ ਕਰਨ ਵਾਲੇ ਮੈਦਾਨ ਵਿੱਚ ਆ ਗਏ ਹਨ।’ ਉਨ੍ਹਾਂ ਕਾਂਗਰਸ ਨੂੰ ਲੌਲੀਪਾਪ ਫੜਾਉਣ ਵਾਲੀ ਪਾਰਟੀ ਦੱਸਿਆ। ਉਨ੍ਹਾਂ ਕਿਹਾ, ‘ਕਰਨਾਟਕ ’ਚ ਲੱਖਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਗਿਆ ਸੀ। ਵੋਟਾਂ ਲੈ ਕੇ ਪਿਛਲੇ ਰਸਤਿਓਂ ਸਰਕਾਰ ਤਾਂ ਬਣਾ ਲਈ, ਪਰ ਕਰਜ਼ਾ ਸਿਰਫ਼ 800 ਕਿਸਾਨਾਂ ਦਾ ਮੁਆਫ਼ ਕੀਤਾ।’ ਉਨ੍ਹਾਂ ਕਿਹਾ ਕਿ ਸਿਆਸੀ ਲਾਭ ਲਈ ਜੋ ਵਾਅਦੇ ਕੀਤੇ ਜਾਂਦੇ ਹਨ ਅਤੇ ਜੋ ਫ਼ੈਸਲੇ ਲਏ ਜਾਂਦੇ ਹਨ, ਉਨ੍ਹਾਂ ਨਾਲ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ’ਤੇ ਛੇ ਲੱਖ ਕਰੋੜ ਰੁਪਏ ਦਾ ਕਰਜ਼ਾ ਸੀ, ਪਰ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਡਰਾਮੇਬਾਜ਼ੀ ਕੀਤੀ ਗਈ ਅਤੇ ਕਿਸਾਨਾਂ ਦੀਆਂ ਅੱਖਾਂ ’ਚ ਘੱਟਾ ਪਾਇਆ ਗਿਆ। ਕਿਸਾਨਾਂ ਦਾ ਸਿਰਫ ਸੱਤ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੀ ਮੁਆਫ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੀਏਜੀ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਕਰਜ਼ਾ ਮੁਆਫ਼ੀ ਦੀ ਰਕਮ ਅਜਿਹੇ ਲੋਕਾਂ ਦੇ ਘਰ ਗਈ ਜੋ ਨਾ ਕਿਸਾਨ ਸਨ, ਨਾ ਉਨ੍ਹਾਂ ’ਤੇ ਕਰਜ਼ਾ ਸੀ ਤੇ ਨਾ ਹੀ ਕਰਜ਼ ਮੁਆਫ਼ੀ ਦੇ ਹੱਕਦਾਰ ਸਨ।
HOME ਕਾਂਗਰਸ ਨੇ ਕਿਸਾਨਾਂ ਹੱਥ ‘ਲੌਲੀਪੋਪ’ ਫੜਾਇਆ: ਮੋਦੀ