ਭਾਰਤ ਨੇ ਜਿੱਤ ਦੀ ਰਾਹ ’ਤੇ ਪਰਤਣ ਲਈ ਬੁੱਧਵਾਰ ਤੋਂ ਇੱਥੇ ਆਸਟਰੇਲੀਆ ਖ਼ਿਲਾਫ਼ ਸ਼ੁਰੂ
ਹੋ ਰਹੇ ਤੀਜੇ ‘ਬੌਕਸਿੰਗ ਡੇਅ’ ਟੈਸਟ ਲਈ ਮਯੰਕ ਅਗਰਵਾਲ ਅਤੇ ਹੁਨਮਾ ਵਿਹਾਰੀ ਦੀ ਨੌਜਵਾਨ
ਸਲਾਮੀ ਜੋੜੀ ਨੂੰ ਜ਼ਿੰਮੇਵਾਰੀ ਸੌਂਪੀ ਹੈ।
ਪਰਥ ਵਿੱਚ ਦੂਜੇ ਟੈਸਟ ਵਿੱਚ 146 ਦੌੜਾਂ ਦੀ ਹਾਰ ਮਗਰੋਂ ਭਾਰਤ ਨੂੰ ਇਸ ਦੀ ਸਮੀਖਿਆ ਕਰਨ
ਲਈ ਇੱਕ ਹਫ਼ਤੇ ਦਾ ਆਰਾਮ ਮਿਲਿਆ ਅਤੇ ਟੀਮ ਨੇ ਖ਼ਰਾਬ ਲੈਅ ਨਾਲ ਜੂਝ ਰਹੇ ਸਲਾਮੀ
ਬੱਲੇਬਾਜ਼ਾਂ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੈ ਨੂੰ ਅਖ਼ੀਰ ਟੀਮ ਤੋਂ ਬਾਹਰ ਕਰ ਦਿੱਤਾ।
ਕਪਤਾਨ ਵਿਰਾਟ ਕੋਹਲੀ ਕੋਲ ਹਰਫ਼ਨਮੌਲਾ ਹਾਰਦਿਕ ਪੰਡਿਆ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ
ਮੌਕਾ ਸੀ, ਪਰ ਉਸ ਨੇ ਰੋਹਿਤ ਸ਼ਰਮਾ ਨੂੰ ਵਾਧੂ ਬੱਲੇਬਾਜ਼ ਵਜੋਂ ਖਿਡਾਉਣ ਦਾ ਫ਼ੈਸਲਾ
ਕੀਤਾ। ਭਾਰਤੀ ਟੀਮ ਪ੍ਰਬੰਧਕ ਕਮੇਟੀ ਨੇ ਰਵਾਇਤ ਤੋਂ ਉਲਟ ਮੈਚ ਤੋਂ ਇੱਕ ਦਿਨ ਪਹਿਲਾਂ ਹੀ
ਟੀਮ ਚੁਣਨ ਦੀਆਂ ਸੰਭਾਵਨਾ ਖ਼ਤਮ ਕਰ ਦਿੱਤੀਆਂ।
ਰਾਹੁਲ ਬਹੁਤ ਹੀ ਖ਼ਰਾਬ ਲੈਅ ਨਾਲ ਜੂਝ ਰਿਹਾ ਹੈ ਅਤੇ ਮੌਜੂਦਾ ਲੜੀ ਦੀਆਂ ਚਾਰ ਪਾਰੀਆਂ
ਵਿੱਚ ਸਿਰਫ਼ 48 ਦੌੜਾਂ ਬਣਾ ਸਕਿਆ ਹੈ, ਜਿਸ ਵਿੱਚ ਐਡੀਲੇਡ ਵਿੱਚ ਦੂਜੀ ਪਾਰੀ ਵਿੱਚ
ਬਣਾਈਆਂ 44 ਦੌੜਾਂ ਵੀ ਸ਼ਾਮਲ ਹਨ। ਇਸ ਸਾਲ ਵਿਦੇਸ਼ਾਂ ਵਿੱਚ ਖੇਡਦਿਆਂ ਉਸ ਦਾ ਔਸਤ 20.90
ਤੱਕ ਡਿੱਗ ਗਿਆ ਹੈ। ਇਸ ਦੌਰਾਨ ਉਹ ਨੌਂ ਟੈਸਟ ਮੈਚਾਂ ਵਿੱਚ ਸਿਰਫ਼ ਇੱਕ ਵਾਰ ਨੀਮ
ਸੈਂਕੜਾ ਮਾਰ ਸਕਿਆ।
ਵਿਜੈ ਦੀ ਵੀ ਹਾਲਤ ਇਸ ਤੋਂ ਜ਼ਿਆਦਾ ਬਿਹਤਰ ਨਹੀਂ ਹੈ। ਉਹ ਮੌਜੂਦਾ ਲੜੀਆਂ ਦੀਆਂ ਚਾਰ
ਪਾਰੀਆਂ ਵਿੱਚ ਸਿਰਫ਼ 49 ਦੌੜਾਂ ਬਣਾ ਸਕਿਆ। ਪਰਥ ਵਿੱਚ ਉਸ ਨੇ ਦੂਜੀ ਪਾਰੀ ਵਿੱਚ 20
ਦੌੜਾਂ ਬਣਾਈਆਂ, ਜੋ ਮੌਜੂਦਾ ਦੌਰੇ ’ਤੇ ਉਸ ਦਾ ਸਰਵੋਤਮ ਸਕੋਰ ਹੈ। ਕੁੱਲ ਮਿਲਾ ਕੇ 2018
ਵਿੱਚ ਅੱਠ ਟੈਸਟ ਵਿੱਚ ਉਸ ਦਾ ਔਸਤ ਸਿਰਫ਼ 18.80 ਰਿਹਾ, ਜਿਸ ਵਿੱਚ ਅਫ਼ਗਾਨਿਸਤਾਨ
ਖ਼ਿਲਾਫ਼ ਇੱਕ ਸੈਂਕੜਾ ਵੀ ਸ਼ਾਮਲ ਹੈ। ਜੇਕਰ ਅਫ਼ਗਾਨਿਸਤਾਨ ਖ਼ਿਲਾਫ਼ ਖੇਡੇ ਉਸ ਦੇ
ਸੈਂਕੜੇ ਨੂੰ ਨਾ ਜੋੜਿਆ ਜਾਵੇ ਤਾਂ ਵਿਜੈ ਦਾ ਸਰਵੋਤਮ ਸਕੋਰ ਇਸ ਸਾਲ 46 ਦੌੜਾਂ ਬਣਦਾ
ਹੈ। ਇਹ ਸਕੋਰ ਉਸ ਨੇ ਸੈਂਚੂਰੀਅਨ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੀ ਪਾਰੀ ਵਿੱਚ
ਬਣਾਇਆ ਸੀ। ਇਸ ਸਾਲ ਵਿਦੇਸ਼ਾਂ ਵਿੱਚ ਉਸ ਦਾ ਔਸਤ ਸੱਤ ਟੈਸਟ ਵਿੱਚ 12.64 ਹੀ ਹੈ।
ਮੈਲਬਰਨ ਵਿੱਚ ਮੌਜੂਦਾ ਚੋਣ ਕਮੇਟੀ ਦੇ ਪ੍ਰਧਾਨ ਐਮਐਸਕੇ ਪ੍ਰਸਾਦ ਨੇ ਸੰਕੇਤ ਦਿੱਤਾ ਹੈ
ਕਿ ਪ੍ਰਿਥਵੀ ਸ਼ਾਅ ਦੇ ਜ਼ਖ਼ਮੀ ਹੋਣ ਕਾਰਨ ਵਿਹਾਰੀ ਕੰਮ-ਚਲਾਊ ਹੱਲ ਹੈ। ਹਾਲਾਂਕਿ ਅਗਰਵਾਲ
ਨੇ ਟੀਮ ਵਿੱਚ ਥਾਂ ਘਰੇਲੂ ਪੱਧਰ ਅਤੇ ਭਾਰਤ ‘ਏ’ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ
ਬਣਾਈ ਹੈ। ਵਿਹਾਰੀ ਆਂਧਰਾ ਵੱਲੋਂ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦਾ ਹੈ। ਉਸ ਨੇ ਹੁਣ
ਤੱਕ ਆਪਣੇ ਦੋ ਟੈਸਟਾਂ ਵਿੱਚ ਟੀਮ ਪ੍ਰਬੰਧਕ ਕਮੇਟੀ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਹੀ
ਕਾਰਨ ਹੈ ਕਿ ਉਸ ਨੂੰ ਮਿਸ਼ੇਲ ਸਟਾਰਕ, ਪੈਟ ਕਮਿਨਜ਼ ਅਤੇ ਜੋਸ਼ ਹੇਜ਼ਲਵੁਡ ਖ਼ਿਲਾਫ਼
ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਪਹਿਲਾਂ ਟੀਮ ਪ੍ਰਬੰਧ ਕਮੇਟੀ ਰੋਹਿਤ ਨੂੰ ਟੀਮ ਵਿੱਚ ਮੌਕਾ ਦੇਣ ਲਈ ਚੇਤੇਸ਼ਵਰ
ਪੁਜਾਰਾ (ਸਿਡਨੀ ਵਿੱਚ 2014 ਦੌਰਾਨ) ਨੂੰ ਟੀਮ ਤੋਂ ਬਾਹਰ ਕਰ ਚੁੱਕੀ ਹੈ, ਜਦਕਿ ਕੋਲੰਬੋ
ਵਿੱਚ 2015 ਵਿੱਚ ਅਜਿੰਕਿਆ ਰਹਾਣੇ, ਜਦਕਿ ਸੇਂਟ ਲੂਸੀਆ ਵਿੱਚ 2016 ਵਿੱਚ ਕਪਤਾਨ
ਵਿਰਾਟ ਕੋਹਲੀ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰਿਆ। ਰੋਹਿਤ ਹਾਲਾਂਕਿ ਟੈਸਟ ਕ੍ਰਿਕਟ
ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਿਹਾ ਹੈ। ਐਡੀਲੇਡ ਵਿੱਚ ਪਹਿਲੇ ਟੈਸਟ
ਦੀ ਪਹਿਲੀ ਪਾਰੀ ਵਿੱਚ ਭਾਰਤ ਦੀਆਂ 250 ਦੌੜਾਂ ਵਿੱਚ ਉਸ ਨੇ 37 ਦੌੜਾਂ ਦੀ ਹਮਲਾਵਰ
ਪਾਰੀ ਖੇਡੀ ਸੀ। ਭਾਰਤ ਨੇ ਤੀਜਾ ਬਦਲਾਅ ਆਪਣੀ ਗੇਂਦਬਾਜ਼ੀ ਵਿੱਚ ਕੀਤੀ ਹੈ। ਪਰਥ ਵਿੱਚ
ਗੇਂਦਬਾਜ਼ੀ ਕਾਰਨ ਟੀਮ ਵਿੱਚ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਦੇ ਨਾਲ ਫ਼ਿਰਕੀ
ਗੇਂਦਬਾਜ਼ ਰਵਿੰਦਰ ਜਡੇਜਾ ਨੂੰ ਸ਼ਾਮਲ ਕੀਤਾ ਗਿਆ ਹੈ।
Sports ਮੈਲਬਰਨ ਟੈਸਟ ’ਚੋਂ ਵਿਜੈ ਤੇ ਰਾਹੁਲ ਬਾਹਰ