ਆਸਟਰੇਲੀਆ ਖ਼ਿਲਾਫ਼ ਲੜੀ ਦੇ ਪਹਿਲੇ ਟੈਸਟ ਮੈਚ ਵਿੱਚ ਚੇਤੇਸ਼ਵਰ ਪੁਜਾਰਾ ਤੋਂ ਇਲਾਵਾ ਭਾਰਤੀ ਟੀਮ ਦਾ ਕੋਈ ਵੀ ਬੱਲੇਬਾਜ਼ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਨਹੀਂ ਕਰ ਸਕਿਆ ਤੇ ਕਮਜ਼ੋਰ ਮੰਨੀ ਜਾ ਰਹੀ ਮੇਜ਼ਬਾਨ ਟੀਮ ਨੇ ਭਾਰਤ ਦੀਆਂ ਛੇ ਵਿਕਟਾਂ 250 ਦੌੜਾਂ ’ਤੇ ਪੁੱਟ ਸੁੱਟੀਆਂ। ਆਸਟਰੇਲਿਆਈ ਧਰਤੀ ’ਤੇ ਪਹਿਲੀ ਵਾਰ ਟੈਸਟ ਲੜੀ ਜਿੱਤਣ ਦੇ ਇਰਾਦੇ ਨਾਲ ਆਈ ਭਾਰਤੀ ਟੀਮ ਨੂੰ ਪਹਿਲੇ ਦਿਨ ਹੀ ਅਹਿਸਾਸ ਹੋ ਗਿਆ ਕਿ ਇਸ ਚੁਣੌਤੀ ਉਨ੍ਹਾਂ ਲਈ ਸੌਖੀ ਨਹੀਂ ਹੈ। ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਦੀ ਗ਼ੈਰ-ਮੌਜੂਦਗੀ ’ਚ ਕਮਜ਼ੋਰ ਮੰਨੀ ਜਾ ਰਹੀ ਆਸਟਰੇਲਿਆਈ ਟੀਮ ਦੇ ਗੇਂਦਬਾਜ਼ਾਂ ਨੇ ਦੁਨੀਆਂ ਦੇ ਸਰਵੋਤਮ ਬੱਲੇਬਾਜ਼ੀ ਕ੍ਰਮ ਦੀਆਂ ਚੂਲਾਂ ਹਿਲਾ ਦਸ ਦਿੱਤਾ ਕਿ ਉਸ ਨੂੰ ਉਸ ਦੀ ਧਰਤੀ ’ਤੇ ਹਰਾਉਣਾ ਇੰਨਾ ਮੁਸ਼ਕਲ ਕਿਉਂ ਹੈ। ਐਡੀਲੇਡ ਦੀ ਸਿੱਧੀ ਪਿੱਚ ’ਤੇ ਭਾਰਤ ਲਈ ਰਾਹਤ ਦੀ ਗੱਲ ਪੁਜਾਰਾ ਦੀ ਸੈਂਕੜੇ ਦੀ ਪਾਰੀ ਰਹੀ ਜਿਸ ਨੇ 246 ਗੇਂਦਾਂ ’ਚ ਸੱਤ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 123 ਦੌੜਾਂ ਬਣਾਈਆਂ। ਉਹ ਦਿਨ ਦੀ ਆਖਰੀ ਗੇਂਦ ’ਤੇ ਆਊਟ ਹੋਇਆ। ਆਪਣੇ ਕਰੀਅਰ ਦਾ 16ਵਾਂ ਟੈਸਟ ਸੈਂਕੜਾ ਜੜਨ ਵਾਲਾ ਪੁਜਾਰਾ ਜੇਕਰ ਪਿੱਚ ਦੇ ਇੱਕ ਪਾਸੇ ਨਾ ਟਿਕਿਆ ਰਹਿੰਦਾ ਦਾ ਭਾਰਤੀ ਟੀਮ ਦਾ ਸਕੋਰ 200 ਦੌੜਾਂ ਤੱਕ ਵੀ ਨਹੀਂ ਪਹੁੰਚਣਾ ਸੀ। ਆਸਟਰੇਲੀਆ ਲਈ ਮਿਸ਼ੈਲ ਸਟਾਰਕ, ਜੋਸ਼ ਹੇਜ਼ਲਵੁੱਡ, ਪੈਟ ਕਮਿਨਜ਼ ਤੇ ਨਾਥਨ ਲਿਓਨ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਆਸਟਰੇਲਿਆਈ ਗੇਂਦਬਾਜ਼ਾਂ ਨੇ ਤਾਂ ਆਪਣਾ ਕੰਮ ਸ਼ਾਨਦਾਰ ਢੰਗ ਨਾਲ ਕੀਤਾ, ਪਰ ਭਾਰਤ ਦੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਗ਼ੈਰ-ਜ਼ਿੰਮੇਵਾਰੀ ਵਾਲੇ ਸ਼ਾਟ ਖੇਡ ਕੇ ਉਨ੍ਹਾਂ ਦੀ ਮਦਦ ਕਰਨ ’ਚ ਕੋਈ ਕਸਰ ਨਹੀਂ ਛੱਡੀ। ਆਸਟਰੇਲਿਆਈ ਖਿਡਾਰੀਆਂ ਨੇ ਇੰਨੀ ਸ਼ਾਨਦਾਰ ਰਹੀ ਕਿ ਉਨ੍ਹਾਂ ਸਾਰੇ ਦਿਨ ਦੀ ਖੇਡ ਦੌਰਾਨ ਸਿਰਫ਼ ਇੱਕ ਦੌੜ ਹੀ ਵਾਧੂ ਦਿੱਤੀ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਹਨੁਮਾ ਵਿਹਾਰੀ ਨੂੰ ਬਾਹਰ ਰੱਖ ਕੇ ਛੇਵੇਂ ਬੱਲੇਬਾਜ਼ ਵਜੋਂ ਰੋਹਿਤ ਸ਼ਰਮਾ ਨੂੰ ਟੀਮ ’ਚ ਥਾਂ ਦਿੱਤੀ ਗਈ। ਆਸਟਰੇਲੀਆ ਟੀਮ ਵੱਲੋਂ ਮਾਰਕਸ ਹੈਰਿਸ ਨੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ। ਭਾਰਤ ਵੱਲੋਂ ਕੇ.ਐੱਲ. ਰਾਹੁਲ 2, ਮੁਰਲੀ ਵਿਜੈ ਨੇ 11 ਵਿਰਾਟ ਕੋਹਲੀ 3, ਅਜਿੰਕਿਆ ਰਹਾਣੇ 13, ਰੋਹਿਤ ਸ਼ਰਮਾ ਨੇ 37, ਰਿਸ਼ਭ ਪੰਤ ਨੇ 25, ਅਸ਼ਵਿਨ ਨੇ 25 ਤੇ ਇਸ਼ਾਂਤ ਸ਼ਰਮਾ ਨੇ 4 ਦੌੜਾਂ ਬਣਾਈਆਂ।