ਚੀਫ਼ ਖ਼ਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਵਾਲੀ ਚੋਣ ਨੇੜੇ ਆਉਣ ਦੇ ਨਾਲ ਨਾਲ ਵਿਵਾਦ ਵੀ ਵਧ ਰਹੇ ਹਨ। ਅੱਜ ਇਕ ਚੋਣ ਅਧਿਕਾਰੀ ਪ੍ਰੋ. ਬਲਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਵੋਟਰ ਸੂਚੀਆਂ ਵਿਚ ਪਤਿਤ ਤੇ ਅੰਮ੍ਰਿਤਧਾਰੀ ਵੋਟਰਾਂ ਦੀ ਕੋਈ ਨਿਸ਼ਾਨਦੇਹੀ ਨਹੀਂ ਕੀਤੀ ਗਈ ਹੈ। ਉਨ੍ਹਾਂ ਅਕਾਲ ਤਖ਼ਤ ਵਿਖੇ ਪੱਤਰ ਦੇ ਕੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਦੋ ਦਸੰਬਰ ਨੂੰ ਚੋਣ ਵਾਲੇ ਦਿਨ ਪੰਜ ਪਿਆਰਿਆਂ ਦੀ ਡਿਊਟੀ ਲਾਉਣ, ਜੋ ਉਥੇ ਹਾਜ਼ਰ ਹੋ ਕੇ ਸਿਰਫ਼ ਅੰਮ੍ਰਿਤਧਾਰੀ ਵੋਟਰਾਂ ਨੂੰ ਹੀ ਚੋਣਾਂ ਵਿਚ ਹਿੱਸਾ ਲੈਣ ਦੀ ਹੀ ਇਜਾਜ਼ਤ ਦੇਣ।
ਪ੍ਰੋ. ਬਲਜਿੰਦਰ ਸਿੰਘ ਦੀਵਾਨ ਦੇ ਮੈਂਬਰ ਵੀ ਹਨ ਤੇ ਹੋਰ ਵੀ ਕਈ ਸਿੱਖ ਜਥੇਬੰਦੀਆਂ ਨਾਲ ਜੁੜੇ ਹੋਏ ਹਨ। ਚੀਫ਼ ਖ਼ਾਲਸਾ ਦੀਵਾਨ ਦੀ ਇਸ ਚੋਣ ਵਾਸਤੇ ਉਨ੍ਹਾਂ ਨੂੰ ਤਿੰਨ ਮੈਂਬਰੀ ਚੋਣ ਅਧਿਕਾਰੀਆਂ ਵਿਚ ਸ਼ਾਮਲ ਕੀਤਾ ਗਿਆ ਹੈ। ਮਾਰਚ 2018 ਵਿਚ ਹੋਈਆਂ ਚੋਣਾਂ ਸਮੇਂ ਵੀ ਉਹ ਚੋਣ ਅਧਿਕਾਰੀ ਰਹਿ ਚੁੱਕੇ ਹਨ। ਉਨ੍ਹਾਂ ਅੱਜ ਅਕਾਲ ਤਖ਼ਤ ਵਿਖੇ ਪੱਤਰ ਸੌਂਪ ਕੇ ਆਖਿਆ ਕਿ ਵੋਟਰ ਸੂਚੀ ਵਿਚ ਸ਼ਾਮਲ ਪਤਿਤ ਵੋਟਰਾਂ ਬਾਰੇ ਉਹ ਕਈ ਵਾਰ ਮੁੱਦਾ ਉਠਾ ਚੁੱਕੇ ਹਨ।
ਚੋਣ ਅਧਿਕਾਰੀ ਨਿਯੁਕਤ ਕਰਨ ਤੋਂ ਬਾਅਦ ਉਨ੍ਹਾਂ 3 ਨਵੰਬਰ ਨੂੰ ਇਹ ਵੋਟਰ ਸੂਚੀ ਦੀਵਾਨ ਦੇ ਆਨਰੇਰੀ ਸਕੱਤਰ ਨੂੰ ਸੋਧਣ ਵਾਸਤੇ ਭੇਜੀ ਸੀ, ਪਰ ਅੱਜ ਤਕ ਇਹ ਵੋਟਰ ਸੂਚੀ ਸੋਧ ਕੇ ਨਹੀਂ ਭੇਜੀ ਗਈ।
ਉਨ੍ਹਾਂ ਇਹ ਮਾਮਲਾ ਕਾਰਜਸਾਧਕ ਕਮੇਟੀ ਦੀਆਂ ਮੀਟਿੰਗਾਂ ਵਿਚ ਵੀ ਰੱਖਿਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਅਪੀਲ ਕੀਤੀ ਹੈ ਕਿ ਇਹ ਚੋਣ ਅਕਾਲ ਤਖ਼ਤ ਦੀ ਨਿਗਰਾਨੀ ਹੇਠ ਹੋਵੇ। ਅਕਾਲ ਤਖ਼ਤ ਤੋਂ ਪੰਜ ਪਿਆਰੇ ਭੇਜੇ ਜਾਣ, ਜੋ ਅੰਮ੍ਰਿਤਧਾਰੀ ਮੈਂਬਰਾਂ ਨੂੰ ਹੀ ਚੋਣਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇਣ। ਉਨ੍ਹਾਂ ਜਦੋਂ ਇਹ ਪੱਤਰ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਦਿੱਤਾ, ਉਸ ਵੇਲੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਾਜ਼ਰ ਨਹੀਂ ਸਨ। ਉਨ੍ਹਾਂ ਆਖਿਆ ਕਿ ਉਹ ਇਸ ਸਬੰਧੀ ਜਥੇਦਾਰ ਨੂੰ ਮੋਬਾਈਲ ਫੋਨ ਰਾਹੀਂ ਵੀ ਅਪੀਲ ਕਰਨਗੇ।
INDIA ਚੀਫ਼ ਖ਼ਾਲਸਾ ਦੀਵਾਨ ਚੋਣਾਂ: ਪਤਿਤ ਵੋਟਰਾਂ ਵਿਰੁੱਧ ਅਕਾਲ ਤਖ਼ਤ ’ਤੇ ਪੁੱਜਿਆ ਚੋਣ...