(ਸਮਾਜ ਵੀਕਲੀ)
ਸਾਡਾ ਜੀਵਨ ਚੰਗੀਆਂ – ਮਾੜੀਆਂ ਭਾਵਨਾਵਾਂ ਦਾ ਸੁਮੇਲ ਹੈ। ਭਾਵਨਾਵਾਂ ਜਦੋਂ ਸਾਡੇ ਜੀਵਨ ‘ਤੇ ਹਾਵੀ ਹੋ ਜਾਂਦੀਆਂ ਹਨ ਤਾਂ ਸਾਨੂੰ ਆਪਣੇ ਵਹਿਣ ਵਿੱਚ ਵਹਾ ਕੇ ਲੈ ਜਾਂਦੀਆਂ ਹਨ। ਇਹ ਭਾਵਨਾਵਾਂ ਹੀ ਹਨ , ਜੋ ਸਾਨੂੰ ਆਪਣੇ ਪਰਿਵਾਰ , ਆਪਣੇ ਘਰ , ਆਪਣੇ ਬੱੱਚਿਆਂ , ਆਪਣੇ ਦੇਸ਼ , ਆਪਣੇ ਸਮਾਜ , ਆਪਣੀ ਮਿੱਟੀ , ਆਪਣੇ ਕਾਰਜ ਖੇਤਰ ਅਤੇ ਆਪਣਿਆਂ ਨਾਲ ਜੋੜੀ ਰੱਖਦੀਆਂ ਹਨ। ਭਾਵਨਾਵਾਂ ਤੋਂ ਬਿਨਾਂ ਸਾਡਾ ਜੀਵਨ ਉਸ ਕਿਸ਼ਤੀ ਵਾਂਗ ਹੋ ਜਾਂਦਾ ਹੈ , ਜਿਸ ਦਾ ਕੋਈ ਚੱਪੂ ਨਾ ਹੋਵੇ।
ਭਾਵਨਾਵਾਂ ਜੀਵਨ ਨੂੰ ਇੱਕ ਦਿਸ਼ਾ ਦਿੰਦੀਆਂ ਹਨ। ਪਰ ਭਾਵਨਾਵਾਂ ਚੰਗੀਆਂ ਹੋਣੀਆਂ ਚਾਹੀਦੀਆਂ ਹਨ।ਇਸੇ ਤਰ੍ਹਾਂ ਜ਼ਿੰਦਗੀ ਦੀ ਖ਼ਾਸ ਅਤੇ ਵਿਸ਼ੇਸ਼ ਭਾਵਨਾ ਹੈ ਵਿਸ਼ਵਾਸ। ਵਿਸ਼ਵਾਸ ਨਾਲ ਸਾਡੀ ਜ਼ਿੰਦਗੀ ਬਹੁਤ ਸਕਾਰਾਤਮਕ , ਸੁਚੱਜੀ ਅਤੇ ਸੁਯੋਗ ਬਣ ਜਾਂਦੀ ਹੈ।ਜਿੱਥੇ ਵਿਸ਼ਵਾਸ ਹੁੰਦਾ ਹੈ ਉੱਥੇ ਹੀ ਪਿਆਰ ਹੁੰਦਾ ਹੈ ਅਤੇ ਉੱਥੇ ਹੀ ਖੁਸ਼ਹਾਲੀ ਆਪਣਾ ਵਾਸ ਕਰਦੀ ਹੈ। ਜਿਸ ਰਿਸ਼ਤੇ , ਜਿਸ ਘਰ – ਪਰਿਵਾਰ ਤੇ ਜਿਸ ਸਮਾਜ ਵਿੱਚ ਆਪਸੀ ਪਿਆਰ ਅਤੇ ਵਿਸ਼ਵਾਸ ਨਾ ਹੋਵੇ ਉੱਥੇ ਰਿਸ਼ਤਿਆਂ ਦਾ ਅਤੇ ਮਾਨਵਤਾ ਦਾ ਘਾਣ ਹੋ ਜਾਂਦਾ ਹੈ। ਸਾਨੂੰ ਇਹ ਵੀ ਚਾਹੀਦਾ ਹੈ ਕਿ ਅਸੀਂ ਕਿਸੇ ਦੇ ਵਿਸ਼ਵਾਸ ਨੂੰ ਨਾ ਤੋੜੀਏ।
ਕਿਸ ਦਾ ਵਿਸ਼ਵਾਸ ਬਣਾਈ ਰੱਖਣਾ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ। ਕਿਸੇ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਉਣਾ ਬਹੁਤ ਵੱਡਾ ਗੁਨਾਹ ਹੈ।ਕਹਿੰਦੇ ਹਨ ਕਿ ਦੁਨੀਆਂ ਵਿਸ਼ਵਾਸ ‘ਤੇ ਟਿਕੀ ਹੋਈ ਹੈ। ਜਦੋਂ ਅਸੀਂ ਕਿਸੇ ਨੂੰ ਧੋਖਾ ਕਰਦੇ ਹਾਂ ਤਾਂ ਅਸੀਂ ਉਸ ਦੇ ਵਿਸ਼ਵਾਸ ਦਾ ਘਾਣ ਕਰ ਦਿੰਦੇ ਹਾਂ ਅਤੇ ਸਾਡੇ ਉੱਤੇ ਦੂਸਰੇ ਵਿਅਕਤੀ ਦੇ ਬਣੇ ਹੋਏ ਯਕੀਨ ਉੱਤੋਂ ਪਰਦਾ ਉੱਠ ਜਾਂਦਾ ਹੈ। ਇਸ ਲਈ ਵਿਸ਼ਵਾਸ ਨੂੰ ਕਦੇ ਨਾ ਤੋੜੋ ; ਕਿਉਂਕਿ ਵਿਸ਼ਵਾਸ ਹਰ ਕਿਸੇ ਦੇ ਲਈ ਅਤੇ ਸਾਡੇ ਜੀਵਨ ਦੇ ਲਈ ਇੱਕ ਅਹਿਮ ਹਿੱਸਾ ਹੈ।
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly