ਅਮਰੀਕਾ ਦੇ ਪਿਟਸਬਰਗ ਸ਼ਹਿਰ ’ਚ ਹਥਿਆਰਬੰਦ ਵਿਅਕਤੀ ਵੱਲੋਂ ਯਹੂਦੀਆਂ ਦੇ ਪ੍ਰਾਰਥਨਾ ਘਰ ’ਚ ਦਾਖਲ ਹੋ ਕੇ ਕੀਤੀ ਗਈ ਗੋਲੀਬਾਰੀ ’ਚ ਮਰਨ ਵਾਲਿਆਂ ਦੀ ਗਿਣਤੀ 11 ਤੱਕ ਪਹੁੰਚ ਗਈ ਹੈ। ਇਸ ਹਮਲੇ ’ਚ ਚਾਰ ਪੁਲੀਸ ਮੁਲਾਜ਼ਮਾਂ ਸਮੇਤ ਛੇ ਵਿਅਕਤੀ ਜ਼ਖ਼ਮੀ ਹੋਏ ਹਨ। ਹਮਲਾਵਰ ਨੇ ਪੁਲੀਸ ਨਾਲ ਮੁਕਾਬਲੇ ਦੌਰਾਨ ਜ਼ਖ਼ਮੀ ਹੋਣ ਮਗਰੋਂ ਆਤਮ-ਸਮਰਪਣ ਕਰ ਦਿੱਤਾ ਤੇ ਉਸ ਦੀ ਪਛਾਣ 46 ਸਾਲਾ ਰੌਬਰਟ ਬੋਅਰਸ ਵਜੋਂ ਹੋਈ ਹੈ।
ਸ਼ਹਿਰ ਦੇ ਸੁਰੱਖਿਆ ਨਿਰਦੇਸ਼ਕ ਵੈਂਡਲ ਹਿਸਰਿਚ ਨੇ ਦੱਸਿਆ ਕਿ ਇਸ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ 11 ਤੱਕ ਪਹੁੰਚ ਗਈ ਹੈ ਅਤੇ ਛੇ ਵਿਅਕਤੀ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਤੇ ਮ੍ਰਿਤਕਾਂ ’ਚ ਕੋਈ ਵੀ ਬੱਚਾ ਸ਼ਾਮਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਬੋਅਰਸ ਦੇ ਸੋਸ਼ਲ ਮੀਡੀਆ ਖਾਤੇ ’ਚ ਯਹੂਦੀਆਂ ਪ੍ਰਤੀ ਉਸ ਦੀ ਨਫਰਤ ਝਲਕਦੀ ਹੈ ਤੇ ਉਸ ’ਤੇ ਹਿੰਸਾ ਤੇ ਮਾਰੂ ਹਥਿਆਰਾਂ ਦੀ ਵਰਤੋਂ ਨਾਲ ਜੁੜੇ ਫੈਡਰਲ ਅਪਰਾਧਾਂ ਅਨੁਸਾਰ 29 ਦੋਸ਼ ਲਗਾਏ ਗਏ ਹਨ। ਪੈਨਸਿਲਵੇਨੀਆ ਦੇ ਪੱਛਮੀ ਜ਼ਿਲ੍ਹੇ ’ਚ ਅਮਰੀਕਾ ਦੇ ਅਟਾਰਨੀ ਸਕਾਟ ਡਬਲਿਊ ਬਰੈਡੀ ਨੇ ਕਿਹਾ, ‘ਜਾਂਚ ਏਜੰਸੀ ਐਫਬੀਆਈ ਇਸ ਹਮਲੇ ਦੀ ਜਾਂਚ ਨਫਰਤੀ ਅਪਰਾਧ ਵਜੋਂ ਕਰ ਰਹੀ ਹੈ।’ ਅਜਿਹੀਆਂ ਰਿਪੋਰਟਾਂ ਹਨ ਕਿ ਗੋਲੀ ਚਲਾਉਣ ਤੋਂ ਪਹਿਲਾਂ ਬੋਅਰਸ ਨੇ ਕਿਹਾ ਸੀ ਕਿ ‘ਸਾਰੇ ਯਹੂਦੀਆਂ ਨੂੰ ਮਰ ਜਾਣਾ ਚਾਹੀਦਾ ਹੈ।’ ਐੱਫਬੀਆਈ ਦੇ ਪਿਟਸਬਰਗ ਤੋਂ ਇੰਚਾਰਜ ਏਜੰਟ ਬੌਬ ਜੋਨਸ ਨੇ ਕਿਹਾ ਕਿ ਹਮਲੇ ਦੀ ਜਾਂਚ ਅਜੇ ਸ਼ੁਰੂਆਤੀ ਗੇੜ ’ਚ ਹੈ ਅਤੇ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਬੋਅਰਸ ਦਾ ਇਸ ਤੋਂ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਹੈ ਜਾਂ ਨਹੀਂ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਹਮਲੇ ਨੂੰ ਯਹੂਦੀਆਂ ਵਿਰੋਧੀ ਕਦਮ ਦੱਸਿਆ ਹੈ ਤੇ ਅਜਿਹੇ ਵਿਅਕਤੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਕਿਹਾ, ‘ਮਾਸੂਮ ਅਮਰੀਕੀਆਂ ’ਤੇ ਹਮਲਾ ਤੇ ਸਾਡੀ ਧਾਰਮਿਕ ਆਜ਼ਾਦੀ ’ਤੇ ਹਮਲਾ ਸੀ।’ ਯਹੂਦੀ ਮੁਲਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਘਟਨਾ ਤੋਂ ਬਾਅਦ ਅਮਰੀਕਾ ਨਾਲ ਇੱਕਜੁੱਟਤਾ ਜ਼ਾਹਿਰ ਕੀਤੀ ਹੈ।
World ਪਿਟਸਬਰਗ ਹਮਲਾ: ਮ੍ਰਿਤਕਾਂ ਦੀ ਗਿਣਤੀ 11 ਤੱਕ ਪੁੱਜੀ