(ਸਮਾਜ ਵੀਕਲੀ)
ਨਾ ਦੇ ਵੇ ਮੂਰਖ ਮਨਾ ਸਲਾਹਾਂ
ਸੱਚ ਕੋਈ ਸੁਣਨਾ ਚਾਹੁੰਦਾ ਨਈਂ
ਓਪਰੇ ਜਿਹੇ ਲੱਗਣ ਸੱਭੇ ਚਿਹਰੇ
ਦਿਲ ਤਾਈਂ ਕੋਈ ਭਾਉਂਦਾ ਨਈਂ
ਹੋਈ ਭੀੜ ਇਕੱਠੀ ਠੱਗਾਂ ਦੀ
ਕਿੱਧਰੇ ਦੀਨ ਥਿਆਉਂਦਾ ਨਈਂ।
ਸੱਚ ਜਾਨਣਾ ਹਰ ਕੋਈ ਚਾਹੁੰਦਾ
ਪਰ ਸੱਚੇ ਨੂੰ ਮੂੰਹ ਲਾਉਂਦਾ ਨਈਂ।
ਤਮਾਸ਼ਬੀਨਾ ਦੀ ਹੋ ਗਈ ਦੁਨੀਆਂ
ਮੱਦਦਗਾਰ ਲੁਭਾਉਂਦਾ ਨਈਂ।
ਚੁਗਲਖੋਰ ਕਦੇ ਬਾਜ ਨਾ ਆਵੇ
ਕੀਤੀ ਗੱਲ ਪੁਚਾਉਂਦਾ ਨਈਂ ।
ਸੂਰਤ ਸੋਹਣੀ ਸਾਰੇ ਚਾਹੁੰਦੇ
ਮੁੱਲ ਸੀਰਤ ਦਾ ਪਾਉਂਦਾ ਨਈਂ ।
ਬਣ ਦਾਜ ਵਿਰੋਧੀ ਰੌਲਾ ਪਾਉਂਦੇ
ਲਾਲਸਾ ਕੋਈ ਘਟਾਉਂਦਾ ਨਈਂ ।
ਕੁਦਰਤ ਦੇ ਹਨ ਆਸ਼ਿਕ ਵੱਜਦੇ
ਕੋਈ ਰੁੱਖ ਫੇਰ ਵੀ ਲਾਉਂਦਾ ਨਈਂ।
ਲੱਗੇੇ ਬੇਹਿੰਮਤੀ ਦੇ ਰੋਗ ਅਵੱਲੇ
ਕੋਈ ਹੱਥੀਂ ਮਿਹਨਤ ਚਾਹੁੰਦਾ ਨਈਂ।
ਨਵੇਂ ਤੌਰ ਤਰੀਕੇ ਰਿਸ਼ਤੇ ਖਾ ਗਏ
ਗੱਲ ਪੁਰਾਣੀ ਕੋਈ ਗਾਉਂਦਾ ਨਈਂ।
ਛੱਡ ‘ਕੁਲਵਿੰਦਰ’ ਝਗੜੇ ਕਰਨੇ
ਗੱਲ ਕੋਈ ਖਾਨੇ ਪਾਂਉਦਾ ਨਈਂ ।
ਕੁਲਵਿੰਦਰ ਕੌਰ ਬਰਾੜ
ਧੂੜਕੋਟ (ਫਰੀਦਕੋਟ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly