ਏਹੁ ਹਮਾਰਾ ਜੀਵਣਾ -116

(ਸਮਾਜ ਵੀਕਲੀ)

ਘਟ ਰਹੀ ਰਿਸ਼ਤਿਆਂ ਦੀ ਮਿਆਦ

ਵੈਸੇ ਤਾਂ ਰਿਸ਼ਤਿਆਂ ਬਾਰੇ ਕਈ ਵਿਦਵਾਨਾਂ ਦੁਆਰਾ ਆਪਣੀ ਆਪਣੀ ਮੱਤ ਅਨੁਸਾਰ ਉਹਨਾਂ ਨੂੰ ਪਰਿਭਾਸ਼ਤ ਕਰਕੇ ਉਹਨਾਂ ਦੀ ਆਪਸੀ ਸਾਂਝ ਬਾਰੇ ਸਮੇਂ ਸਮੇਂ ਤੇ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ।ਪਰ ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ ਹੈ, ਲੋਕਾਂ ਦੀ ਜੀਵਨ ਸ਼ੈਲੀ ਵਿੱਚ ਬਦਲਾਅ ਆ ਰਿਹਾ ਹੈ, ਜੀਵਨਸ਼ੈਲੀ ਦੇ ਨਾਲ ਨਾਲ ਆਪਸੀ ਰਿਸ਼ਤਿਆਂ ਦੇ ਵਰਤਾਰੇ ਵਿੱਚ ਤੇ ਉਸੇ ਤਰ੍ਹਾਂ ਰਿਸ਼ਤਿਆਂ ਦੀ ਮਿਆਦ ਵਿੱਚ ਵੀ ਪਰਿਵਰਤਨ ਆ ਰਿਹਾ ਹੈ। ਪਹਿਲਾਂ ਆਪਾਂ ਇੱਕ ਝਾਤ ਰਿਸ਼ਤਿਆਂ ਦੀਆਂ ਕਿਸਮਾਂ ਤੇ ਮਾਰ ਲਈਏ। ਮੋਟੇ ਤੌਰ ਤੇ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਖੂਨ ਦਾ ਰਿਸ਼ਤਾ, ਪਰਿਵਾਰਿਕ ਬੰਧਨਾਂ ਦੇ ਰਿਸ਼ਤੇ,ਫਿਰ ਸਮਾਜਿਕ ਰਿਸ਼ਤੇ ਅਤੇ ਫਿਰ ਮੋਹ ਦੇ ਰਿਸ਼ਤੇ ਹੁੰਦੇ ਹਨ। ਅੱਗੋਂ ਇਹਨਾਂ ਰਿਸ਼ਤਿਆਂ ਦਾ ਵੀ ਵਰਗੀਕਰਨ ਕੀਤਾ ਜਾ ਸਕਦਾ ਹੈ ਪਰ ਅੱਜ ਆਪਾਂ ਰਿਸ਼ਤਿਆਂ ਦੀ ਮਿਆਦ ਦੀ ਗੱਲ ਕਰਨੀ ਹੈ ਤਾਂ ਉਸ ਲਈ ਖ਼ਾਸ ਤੌਰ ਤੇ ਇਹਨਾਂ ਬਾਰੇ ਹੀ ਵਿਚਾਰਿਆ ਜਾਵੇਗਾ। ਇਹਨਾਂ ਰਿਸ਼ਤਿਆਂ ਤੋਂ ਇਲਾਵਾ ਪਿਛਲੇ ਇੱਕ ਦਹਾਕੇ ਤੋਂ ਜਿਹੜੇ ਨਵੇਂ ਰਿਸ਼ਤਿਆਂ ਨੇ ਬਾਜ਼ੀ ਮਾਰੀ ਹੈ ਉਹ ਹਨ‌ ਸੋਸ਼ਲ ਮੀਡੀਆ ਦੇ ਰਿਸ਼ਤੇ , ਇਹਨਾਂ ਰਿਸ਼ਤਿਆਂ ਨੇ ਸਾਰੇ ਰਿਸ਼ਤਿਆਂ ਨੂੰ ਪਿਛਾੜਦੇ ਹੋਏ ਆਪਣੇ ਆਪ ਨੂੰ ਪਹਿਲੇ ਨੰਬਰ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਜਿਸ ਕਰਕੇ ਇਸ ਨਵੇਂ ਬਣੇ ਰਿਸ਼ਤੇ ਦੀ ਡੋਰ ਨੇ ਬਾਕੀ ਰਿਸ਼ਤਿਆਂ ਨਾਲ ਪੇਚੇ ਪਾ ਕੇ ਰਿਸ਼ਤਿਆਂ ਦੀ ਮਿਆਦ ਤੇ ਅਸਰ ਪਾਇਆ ਹੈ।

ਪਹਿਲਾਂ ਖੂਨ ਦੇ ਰਿਸ਼ਤੇ ਖ਼ੂਨ ਦੇ ਰੰਗ ਵਾਂਗ ਮੁਹੱਬਤ ਦੇ ਸੂਹੇ ਲਿਬਾਸ ਪਹਿਨ ਕੇ ਆਪਸੀ ਪਿਆਰਾਂ ਨਾਲ ਸ਼ਿੰਗਾਰੇ ਜਾਂਦੇ ਸਨ।ਪਰ ਜਿਵੇਂ ਜਿਵੇਂ ਮਨੁੱਖੀ ਜੀਵਨ ਉੱਪਰ ਪਦਾਰਥਾਂ ਦੀ ਅਹਿਮੀਅਤ ਵਧਣ ਲੱਗੀ ਇਹਨਾਂ ਰਿਸ਼ਤਿਆਂ ਦਾ ਰੰਗ ਫਿੱਕਾ ਪੈਣ ਲੱਗਿਆ। ਜ਼ਮਾਨਾ ਨਵਾਂ ਆ ਗਿਆ, ਪਦਾਰਥਵਾਦੀ ਸੋਚ ਨੇ ਮਨੁੱਖ ਦੇ ਦਿਮਾਗ ਤੇ ਡੇਰਾ ਜਮਾਉਂਦੇ ਹੀ ਇਹਨਾਂ ਖੂਨ ਦੇ ਰਿਸ਼ਤਿਆਂ ਨੂੰ ਖੂਨ ਨਾਲ ਹੀ ਰੰਗਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਇਹ ਸਭ ਤੋਂ ਅਜ਼ੀਜ਼ ਰਿਸ਼ਤੇ‌ਭਾਵ ਖੂਨ ਦੇ ਰਿਸ਼ਤਿਆਂ ਦੀ ਮਿਆਦ ਦੀ ਸੀਮਾ ਬਹੁਤ ਘਟ ਗਈ। ਇਹਨਾਂ ਵਿੱਚੋਂ ਪਿਆਰ ਖ਼ਤਮ ਹੋ ਗਿਆ ਤੇ ਸਿਰਫ ਧਨ ਦੌਲਤ ਤੇ ਜ਼ਮੀਨ ਜਾਇਦਾਦ ਦਾ ਲਾਲਚ ਅਤੇ ਸਵਾਰਥਪੁਣਾ ਹੀ ਮਨੁੱਖ ਦੇ ਦਿਮਾਗ ਤੇ ਡੇਰਾ ਜਮਾ ਕੇ ਬੈਠ ਗਿਆ। ਇਸ ਦਾ ਨਤੀਜਾ ਪਰਿਵਾਰਾਂ ਵਿੱਚ ਝਗੜੇ, ਕਤਲੋਗਾਰਦ ਜਾਂ ਫਿਰ ਬਜ਼ੁਰਗਾਂ ਲਈ ਬਿਰਧ ਆਸ਼ਰਮਾਂ ਦੀ ਉਪਜ ਹੋਈ।

ਪਰਿਵਾਰਾਂ ਦੁਆਰਾ ਜੋੜੇ ਰਿਸ਼ਤਿਆਂ ਦੀਆਂ ਡੋਰਾਂ ਹੌਲੀ ਹੌਲੀ ਕਮਜ਼ੋਰ ਪੈਣ ਲੱਗੀਆਂ, ਕਿਉਂ ਕਿ ਉਸ ਉੱਪਰ ਨਵੇਂ ਜ਼ਮਾਨੇ ਅਤੇ ਪੱਛਮੀ ਸੱਭਿਅਤਾ ਦਾ ਰੰਗ ਚੜ੍ਹਨ ਲੱਗਿਆ। ਨਵੇਂ ਜ਼ਮਾਨੇ ਅਤੇ ਪੱਛਮੀ ਸੱਭਿਅਤਾ ਦਾ ਰੰਗ ਐਨਾ ਗੂੜ੍ਹਾ ਚੜ੍ਹਿਆ ਕਿ ਉਸ ਨੇ ਲੱਜ, ਸ਼ਰਮ,ਹਯਾ ਨਾ ਦੇ ਗੁਣਾਂ ਨੂੰ ‘ਮੌਡਰਨ’ ਨਾਂ ਦੇ ਨਵੇਂ ਰੂਪ ਨਾਲ਼ ਸ਼ਿੰਗਾਰ ਦਿੱਤਾ। ਇਸ ਮੌਡਰਨਪੁਣੇ ਦੀ ਖੁੱਲ੍ਹ ਨਾਲ ਵੱਡਿਆਂ ਦੀ ਸਲਾਹ ਤੇ ਸ਼ਰਮ ਦੋਨੋਂ ਹੀ ਖਤਮ ਹੋ ਗਏ।ਬਸ ਫੇਰ ਕੀ ਸੀ,ਪਰਿਵਾਰਕ ਬੰਧਨਾਂ ਵਾਲੇ ਰਿਸ਼ਤਿਆਂ ਦੀ ਮਿਆਦ ਵੀ ਖੁੱਲ੍ਹ ਦੀ ਭੇਂਟ ਚੜ੍ਹ ਕੇ ਬਹੁਤ ਛੋਟੀ ਰਹਿ ਗਈ ਜਿਸ ਦਾ ਨਤੀਜਾ ਪਰਿਵਾਰਾਂ ਦਾ ਟੁੱਟਣਾ, ਆਤਮਹੱਤਿਆ,ਕੁੱਟ ਕੁਟਾਪਾ ਤੇ ਇੱਕ ਦੂਜੇ ਉੱਪਰ ਦੂਸ਼ਣਬਾਜ਼ੀਆਂ ਤੱਕ ਹੀ ਸੀਮਤ ਰਹਿ ਗਿਆ।
ਪਹਿਲਾਂ ਸਮਾਜ ਵਿੱਚ ਵਿਚਰਦੇ ਪਤਾ ਹੀ ਨੀ ਸੀ ਲੱਗਦਾ ਕਿ ਇਹ ਲੋਕ ਇੱਕ ਦੂਜੇ ਲਈ ਮਹਿਜ਼ ਆਂਢੀ ਗੁਆਂਢੀ ਹਨ ਜਾਂ ਰਿਸ਼ਤੇਦਾਰ ਹਨ, ਕਿਉਂਕਿ ਸਾਂਝਾਂ ਹੀ ਐਨੀਆਂ ਗੂੜ੍ਹੀਆਂ ਹੁੰਦੀਆਂ ਸਨ।

ਪਰ ਜਿਵੇਂ ਜਿਵੇਂ ਘਰਾਂ ਦੇ ਅੰਦਰ ਵਾਲੇ ਪਰਿਵਾਰਾਂ ਦੇ ਰਿਸ਼ਤਿਆਂ ਦੀ ਮਿਆਦ ਘਟਣ ਲੱਗੀ, ਉਵੇਂ ਉਵੇਂ ਇਹਨਾਂ ਦੀਆਂ ਦੂਰੀਆਂ ਸਾਂਝੀ ਕੰਧ ਹੋਣ ਦੇ ਬਾਵਜੂਦ ਮੀਲਾਂ ਵਾਂਗੂੰ ਹੋ ਗਈਆਂ। ਰਲ਼ ਮਿਲ਼ ਕੇ ਉੱਠਣਾ ਬੈਠਣਾ ਗਿਆ,ਹਾਸੇ ਠੱਠਿਆਂ ਦੀ ਛਣਕਾਰ ਗਈ, ਹਮਦਰਦੀ ਗਈ ਭਾਵ ਇਹਨਾਂ ਰਿਸ਼ਤਿਆਂ ਦੀ ਮਿਆਦ ਘਰਾਂ ਦੀ ਚਾਰਦੀਵਾਰੀ ਦੇ ਅੰਦਰ ਤੱਕ ਹੀ ਸੀਮਤ ਰਹਿਣ ਲੱਗੀ,ਐਨੀ ਸੀਮਤ ਕਿ ਗੁਆਂਢ ਵਿੱਚ ਹੋਣ ਵਾਲੇ ਕਿਸੇ ਕਾਰਜ ਦਾ ਵੀ ਸ਼ਾਮਿਆਨੇ ਲੱਗਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਇਹਨਾਂ ਰਿਸ਼ਤਿਆਂ ਵਿੱਚੋਂ ਸਮਾਜਿਕ ਵਰਤਾਰਾ ਵੀ ਉਡ ਗਿਆ ਤੇ ਮੋਹ ਵੀ ਉਡ ਗਿਆ।

ਹੁਣ ਸਭ ਤੋਂ ਬਾਅਦ ਵਿੱਚ ਪਰ ਸਭ ਤੋਂ ਤਾਕਤਵਰ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਬਾਕੀ ਸਾਰੇ ਰਿਸ਼ਤਿਆਂ ਦੀ ਮਿਆਦ ਦਾ ਰੱਜ ਕੇ ਘਾਣ ਕੀਤਾ ਹੈ,ਉਹ ਹਨ ਸੋਸ਼ਲ ਮੀਡੀਆ ਤੇ ਪੈਦਾ ਹੋਏ ਰਿਸ਼ਤੇ। ਇਸ ਤੋਂ ਪੈਦਾ ਹੋਏ ਰਿਸ਼ਤਿਆਂ ਨੇ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਪ੍ਰਭਾਵਿਤ ਕੀਤਾ ਹੈ,ਪਰ ਬਾਕੀ ਪੀੜੀਆਂ ਵੀ ਇਸ ਤੋਂ ਬਚ ਨਾ ਸਕੀਆਂ।ਇਹ ਰਿਸ਼ਤੇ ਮਨੁੱਖ ਦੇ ਹੱਥਾਂ ਵਿੱਚ ਹੀ ਪੈਦਾ ਹੋ ਜਾਂਦੇ ਹਨ। ਇਹਨਾਂ ਰਿਸ਼ਤਿਆਂ ਦਾ ਨਾਂ ਕੋਈ ਧਰਮ ਹੈ ਤੇ ਨਾ ਹੀ ਕੋਈ ਈਮਾਨ ਹੈ।

ਸੋਸ਼ਲ ਮੀਡੀਆ ਵਾਲੇ ਰਿਸ਼ਤੇ ਕਈਆਂ ਲੋਕਾਂ ਲਈ ਤਾਂ ਅੰਨ੍ਹੇ ਖੂਹ ਸਾਬਤ ਹੁੰਦੇ ਹਨ ਜਿਨ੍ਹਾਂ ਵਿੱਚ ਪਤਾ ਨਹੀਂ ਕਿੰਨੀਆਂ ਕੁ ਚਮਕਦੀਆਂ ਦਮਕਦੀਆਂ ਜ਼ਿੰਦਗੀਆਂ ਸਿਆਹ ਲਿਬਾਸ ਪਹਿਨ ਲੈਂਦੀਆਂ ਹਨ। ਇਹਨਾਂ ਰਿਸ਼ਤਿਆਂ ਵਿੱਚ ਅੰਨ੍ਹਾਪਣ, ਬੇਸ਼ਰਮੀ ਅਤੇ ਬਗਾਵਤ ਹੁੰਦੀ ਹੈ।ਝੂਠੀ ਚਮਕ ਨੂੰ ਦੇਖ ਉਪਜਿਆ ਪਿਆਰ ਆਪਣਿਆਂ ਤੋਂ ਬਾਗ਼ੀ ਹੋ ਕੇ ਜਦ ਬਗ਼ਵਤ ਦਾ ਰੂਪ ਧਾਰਨ ਕਰ ਲੈਂਦਾ ਹੈ ਤਾਂ ਤਸਵੀਰਾਂ ਵਾਲੇ ਸ਼ਾਹੀ ਮਹੱਲ ਦੋ ਚਾਰ ਦਿਨ ਜਾਂ ਮਹੀਨਿਆਂ ਵਿੱਚ ਹੀ ਢਹਿ ਢੇਰੀ ਹੋ ਜਾਂਦੇ ਹਨ। ਅਸਲੀਅਤ ਉਸ ਚਮਕ ਤੋਂ ਕੋਹਾਂ ਦੂਰ ਹੁੰਦੀ ਹੈ ਇਸ ਲਈ ਉਹ ਰਿਸ਼ਤਿਆਂ ਦੀ ਲੋਅ ਬਹੁਤ ਛੇਤੀ ਮੱਧਮ ਪੈ ਕੇ ਬੁਝ ਜਾਂਦੀ ਹੈ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰਿਸ਼ਤਿਆਂ ਦੀ ਮਿਆਦ ਵਿੱਚ ਦਿਨ ਬ ਦਿਨ ਹੋ ਰਹੀ ਗਿਰਾਵਟ ਨੇ ਮਨੁੱਖੀ ਜੀਵਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕਈ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਹਨ। ਜੇ ਇਹਨਾਂ ਪ੍ਰਸ਼ਨਾਂ ਦੇ ਹਲ ਸਮੇਂ ਸਿਰ ਨਾ ਕੱਢੇ ਗਏ ਤਾਂ ਰਿਸ਼ਤਿਆਂ ਦੀ ਮਿਆਦ ਇਸ ਤੋਂ ਵੀ ਘੱਟ ਰਹਿ ਜਾਵੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਅਤੇ ਨਸਲਾਂ ਦਾ ਜੀਵਨ ਨਿਰਾ ਰੇਤ ਦੀਆਂ ਨੀਹਾਂ ਤੇ ਉਸਾਰੀ ਕਿਸੇ ਇਮਾਰਤ ਵਰਗਾ ਹੋ ਜਾਵੇਗਾ। ਸੋਚਣਾ ਪਵੇਗਾ ਕਿ ਕੀ ਏਹੁ ਹਮਾਰਾ ਜੀਵਣਾ ਹੈ?

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੋਟੇ ਕਰ ਦਿੱਤੇ……
Next articleਬਰਬਾਦੀ ਦੇ ਕਾਰਨ