ਪਰਵਾਸ

(ਸਮਾਜ ਵੀਕਲੀ)

ਮੁੱਢ ਕਦੀਮ ਤੋਂ ਇਨਸਾਨ ਪਰਵਾਸ ਕਰਦਾ ਆਇਆ ਹੈ ਅਤੇ ਕਰਦਾ ਰਹੇਗਾ। ਜ਼ਿੰਦਗੀ ਵਿੱਚ ਗਤੀਸ਼ੀਲਤਾ ਦਾ ਪ੍ਰਤੀਕ:
ਪਰਵਾਸ ਹੈ। ਇਸ ਦੇ ਨਾਲ ਭਾਵਨਾਤਮਕ ਅਤੇ ਪਰਵਾਰਿਕ ਸਾਂਝ ਵਿੱਚ ‌ਬਦਲਾਅ ਹੈ, ਪਰ ਤਰੱਕੀ ਲਈ ਕੁਝ ਗੁਆਉਣਾ ਪੈਂਦਾ ਹੈ।
ਇਨਸਾਨ ਵਿੱਚ ਸਮਝ, ਸੂਝ ਹੋਣ ਕਰਕੇ ਹੀ ਹਰ ਚੀਜ਼ ਨੂੰ ਬੜੀ ਬਰੀਕੀ ਨਾਲ ਵੇਖਦਾ ਪਰਖਦਾ ਅਤੇ ਜਾਂਚਦਾ ਹੈ। ਨਿਵੇਕਲੀਆਂ ਖੋਜਾਂ ਕਰਨ ਵਾਲੇ ਅਤੇ ਰਿਕਾਰਡ ਬਣਾਉਣ ਵਾਲੇ ਆਮ ਇਨਸਾਨ ਹੀ ਹੁੰਦੇ ਹਨ। ਜੋ ਆਪਣੇ ਜ਼ਜ਼ਬੇ ਅਤੇ ਮਿਹਨਤ ਨਾਲ ਨਾਮੁਮਕਿਨ ਨੂੰ ਵੀ ਮੁਮਕਿਨ ਕਰ ਦਿਖਾਉਂਦੇ ਹਨ। ਜਿੰਨੀ ਸੀਨੇ ਵਿੱਚ ਖਿੱਚ ਹੋਵੇਗੀ ਪਤੰਗ ਦੀ ਡੋਰ ਦੀ ਖਿੱਚ ਵਾਂਗ ਉਨ੍ਹਾ ਹੀ ਉੱਚਾ ਉੱਡਣ ਦੀ ਚਾਹ ਹੋਵੇਗੀ।

ਸੁੱਖ ਸੁਵਿਧਾਵਾਂ ਵਾਲੇ ਜੀਵਨ ਵਿੱਚ ਵਲਵਲਿਆਂ ਅਤੇ ਤਰੱਕੀ ਕਰਨ ਦੀ ਉਹ ਕਸ਼ਸ ਨਹੀਂ ਹੁੰਦੀ ਜੋ ਘਾਟਾ ਅਤੇ ਊਣਤਾਈਆਂ ਨੇ ਮਹਿਸੂਸ ਕੀਤੀ ਹੁੰਦੀ ਹੈ। ਇਨਸਾਨ ਵਿੱਚ ਜ਼ਿੰਦਗੀ ਨੂੰ ਬੇਹਤਰ ਤਰੀਕੇ ਨਾਲ ਜਿਊਣ ਦੀ ਚਾਹ ਅਤੇ ਕਲਾ ਕਰਕੇ ਹੀ ਇਨਸਾਨ ਨੇ ਨਿੱਤ ਦਿਨ ਨਵੀਆਂ- ਨਵੀਆਂ ਖੋਜਾਂ ਕੀਤੀਆਂ, ਨਵੇਂ-ਨਵੇਂ ਜੁਗਾੜ ਲਗਾਏ, ਨਵੀਆਂ ਕਾਢਾਂ ਕੱਢੀਆਂ। ਦੂਸਰਿਆਂ ਵੱਲ ਦੇਖ ਕੇ ਅਤੇ ਪ੍ਰਵਾਸ ਕਰ ਕੇ ਕਈ ਕੁਝ ਨਵਾਂ ਸਿੱਖਿਆ ਅਤੇ ਨਵੇਂ ਨਵੇਂ ਤਜਰਬੇ ਕੀਤੇ।

ਅੱਜ ਤੱਕ ਇਨਸਾਨ ਜੋ ਵੀ ਸੁੱਖ ਸੁਵਿਧਾਵਾਂ ਲ਼ੈ ਰਿਹਾ ਹੈ, ਇਹ ਸਭ ਇਨਸਾਨ ਦੇ ਨਿੱਕੇ ਜਿਹੇ ਦਿਮਾਗ ਦੀਆਂ ਕਾਢਾਂ ਹੀ ਹਨ। ਇਨਸਾਨ ਸਭ ਪਸ਼ੂ, ਪੰਛੀਆਂ ਅਤੇ ਜੀਵਾਂ ਤੋਂ ਇਸੇ ਕਰਕੇ ਵੱਖਰਾ ਹੈ ਕਿ ਉਸ ਅੰਦਰ ਕੁਝ ਨਵਾਂ ਕਰ ਗੁਜ਼ਰਨ ਦੀ ਇੱਛਾ ਹਮੇਸ਼ਾ ਹੀ ਬਰਕਰਾਰ ਰਹੀ ਹੈ ਅਤੇ ਇਸ ਇੱਛਾ ਨੂੰ ਪੂਰਾ ਕਰਕੇ ਹੀ ਦਮ ਲਿਆ ਹੈ‌। ਇਹ ਜੰਗਲਾਂ ਵਿੱਚੋਂ ਨਿਕਲ ਕੇ ਬੇਹਤਰ ਜ਼ਿੰਦਗੀ ਜੀਣ ਦੇ ਕਾਬਿਲ ਆਪਣੇ ਬਲਬੂਤੇ ‘ਤੇ ਹੀ ਹੋਇਆ ਹੈ।

ਉੱਡਦੇ ਪਰਿੰਦਿਆਂ ਨੂੰ ਕੈਦ ਕਰਕੇ ਉਹਨਾਂ ਦੀ ਅਜ਼ਾਦੀ ਖ਼ਤਮ ਕਰ ਦਿੰਦੇ ਹਾਂ। ਇਵੇਂ ਹੀ ਇਨਸਾਨੀ ਦਿਮਾਗ ਨੂੰ ਬੰਧਨਾਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਇਹ ਜੋ ਕੰਮ ਖੁੱਲ੍ਹਦਿਲੀ ਅਤੇ ਅਜ਼ਾਦੀ ਵਿੱਚ ਕਰ ਸਕਦਾ ਹੈ, ਉਹ ਗ਼ੁਲਾਮੀ ਵਿੱਚ ਨਹੀਂ ਕਰ ਸਕਦਾ। ਕਈ ਵਿਅਕਤੀਆਂ ਦੀ ਸੋਚ ਅਜੇ ਤੱਕ ਵੀ ਪਿਛਾਂਹਖਿੱਚੂ ਹੀ ਹੈ। ਉਹ ਤਰੱਕੀ ਨਹੀਂ ਕਰ ਸਕਦੇ। ਜ਼ਿੰਦਗੀ ਨੂੰ ਜੀਣ ਲਈ ਸਿਰਫ਼ ਦਿਨ ਟਪਾ ਸਕਦੇ ਹਨ। ਉੱਚਾ ਉੱਡਣ ਦੀ ਚਾਹ ਵਾਲੇ ਕਿਸੇ ਦੀਆਂ ਘਾਟਾਂ ਦਾ ਜ਼ਿਕਰ ਨਹੀਂ ਕਰਦੇ, ਸਗੋਂ ਘਾਟਾ ਵਿੱਚੋਂ ਨਿਕਲ ਕੇ ਬੇਹਤਰ ਜ਼ਿੰਦਗੀ ਵੱਲ ਜਾਂਦੇ ਹਨ।
ਪੰਛੀ ਵੀ ਤਾਂ ਲੰਮੀਆਂ-ਲੰਮੀਆਂ ਉਡਾਰੀਆਂ ਭਰ ਕੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਲਈ ਪਰਵਾਸ ਕਰਦੇ ਹਨ। ਚੋਗੇ ਦੀ ਭਾਲ ਵਿੱਚ, ਬੇਹਤਰ ਜ਼ਿੰਦਗੀ ਜੀਣ ਲਈ, ਕੁਝ ਨਵਾਂ ਸਿੱਖਣ ਲਈ ਜਾਂਦੇ ਹਨ। ਕਈ ਵਾਰ ਬਹੁਤੀ ਬਰਫ਼ ਪੈਣ ਕਾਰਨ ਵੀ ਚੋਗੇ ਦੀ ਭਾਲ ਅਤੇ ਜੀਣ ਦੀ ਆਸ ਨਾਲ ਪਰਵਾਸ ਕਰਦੇ ਹਨ। ਫਿਰ ਇਨਸਾਨ ਬੇਹਤਰੀ ਲਈ ਕਿਉਂ ਪਰਵਾਹ ਨਹੀਂ ਕਰ ਸਕਦਾ?

ਹਰ ਕੋਈ ਆਪਣੇ-ਆਪਣੇ ਹਿਸਾਬ ਨਾਲ ਅਤੇ ਤਜਰਬੇ ਨਾਲ ਅੰਦਾਜ਼ੇ ਲਾਉਂਦਾ ਆਇਆ ਹੈ ਅਤੇ ਅਗਾਂਹ ਵੀ ਇਹ ਅੰਦਾਜ਼ੇ ਲੱਗਦੇ ਰਹਿਣਗੇ। ਜੀਵਨ ਨੂੰ ਬਿਹਤਰ ਬਣਾਉਣ ਲਈ ਇਨਸਾਨ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਅਤੇ ਕਰਦਾ ਰਹੇਗਾ। ਇਹੀ ਜ਼ਿੰਦਗੀ ਦੀ ਅਸਲੀ ਸੱਚਾਈ ਹੈ।

ਦੇਖਿਆ ਜਾਵੇ ਤਾਂ ਅਸੀਂ ਆਪਣੇ ਮੁਲਕ ਅੰਦਰ ਵੀ ਪਰਵਾਸ ਕਰਦੇ ਹਾਂ। ਪਿੰਡਾਂ ਤੋਂ ਉੱਠ ਕੇ ਸ਼ਹਿਰ ਵੱਸ ਰਹੇ ਹਾਂ। ਇਵੇਂ ਹੀ ਫਿਰ ਹੋਰ ਵਧੀਆ ਸ਼ਹਿਰਾਂ ਵੱਲ ਵੀ ਹੋ ਸਕੇ ਤਾਂ ਜਾਣ ਦੀ ਕੋਸ਼ਸ਼ ਕਰਦੇ ਰਹਿੰਦੇ ਹਾਂ। ਸੋਚਿਆ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਅਸੀਂ ਆਪਣੇ ਬੱਚੇ ਨੂੰ ਆਈ. ਆਈ. ਟੀ. ਕਰਵਾਉਣੀ ਹੋਵੇ , ਐਨ. ਡੀ. ਏ. ਜਾਂ ਆਰਮੀ ਆਦਿ ਹੋਰ ਜਗਾ ਉੱਤੇ ਭੇਜਣਾ ਹੋਵੇ ਤਾਂ ਵੀ ਪਰਵਾਸ ਤਾਂ ਕਰਨਾ ਹੀ ਪੈਂਦਾ ਹੈ।

ਇੱਕ ਹੀ ਚੀਜ਼ ਜਾਂ ਜਗਾਂ ਉੱਤੇ ਬੈਠ ਕੇ ਤਰੱਕੀ ਵੀ ਸੰਭਵ ਨਹੀਂ ਹੁੰਦੀ। ਇਹਨਾਂ ਗੱਲਾਂ ਤੋਂ ਅਸੀਂ ਸਾਰੇ ਵਾਕਫ਼ ਹਾਂ, ਪਰ ਫਿਰ ਵੀ ਹੁਣ ਜਦੋਂ ਬੱਚੇ ਵਿਦੇਸ਼ ਦੀ ਧਰਤੀ ਵੱਲ ਪਰਵਾਸ ਕਰ ਰਹੇ ਹਨ ਤਾਂ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲਗਾਉਂਦੇ ਹਾਂ। ਇਹ ਕਿਉਂ ਨਹੀਂ ਸੋਚਦੇ ਕਿ ਬੱਚੇ ਆਤਮ ਨਿਰਭਰ ਅਤੇ ਜ਼ਿੰਮੇਵਾਰ ਵੀ ਬਣ ਰਹੇ ਹਨ। ਕਈ ਤਾਂ ਪੀ.ਐਚ. ਡੀ. ਕਰਕੇ ਵੀ ਮਾਮੂਲੀ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਹਨ। ਆਪਣੇ ਦੇਸ਼ ਅਤੇ ਘਰ ਵਿੱਚ ਰਹਿੰਦਿਆਂ ਵੀ ਕਈ ਮੁਸ਼ਕਲਾਂ ਅਤੇ ਊਣਤਾਈਆਂ ਆਉਂਦੀਆਂ ਹਨ ਅਤੇ ਅਸੀਂ ਮੁਸ਼ਕਲਾਂ ਹੱਲ ਕਰਨ ਦੇ ਯਤਨ ਕਰਦੇ ਰਹਿੰਦੇ ਹਾਂ।ਗੱਲਾਂ ਤਾਂ ਕਈਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਅਸੀਂ ਸਕਾਰਾਤਮਕ ਸੋਚ ਨਾਲ ਕਿਉਂ ਨਹੀਂ ਸੋਚਦੇ?

ਪਰਵਾਸ ਕਰਨ ਦੇ ਕਾਰਨ ਵੱਖਰੇ-ਵੱਖਰੇ ਹੋ ਸਕਦੇ ਹਨ, ਪਰ ਮਕਸਦ ਬੇਹਤਰੀਨ ਜ਼ਿੰਦਗੀ ਜੀਣ ਦੀ ਚਾਹ ਹੀ ਹੁੰਦਾ ਹੈ। ਚੰਗੀ ਸੁੱਖ ਸੁਵਿਧਾ ਵਾਲੀ ਜ਼ਿੰਦਗੀ ਸਭ ਨੂੰ ਪਸੰਦ ਹੁੰਦੀ ਹੈ। ਸਹੀ ਮਕਸਦ ਨਾਲ ਕੀਤਾ ਪਰਵਾਸ ਤਰੱਕੀ ਦਾ ਕਾਰਨ ਵੀ ਬਣਦਾ ਹੈ। ਜਦੋਂ ਘਰ ਵਿੱਚ ਲੋੜਾਂ ਵੀ ਪੂਰੀਆਂ ਨਾ ਹੋਣ ਤਾਂ ਪਰਵਾਸ ਕਰਨਾ ਮਜ਼ਬੂਰੀ ਬਣ ਜਾਂਦਾ ਹੈ। ਵਧੀਆ ਤੋਂ ਹੋਰ ਵਧੀਆ ਵੱਲ ਜਾਣਾ ਲਾਲਚ ਨਾ ਹੋ ਕੇ ਤਰੱਕੀ ਵੀ ਹੋ ਸਕਦਾ ਹੈ। ਸੰਘਰਸ਼ ਦੀ ਲੋੜ ਹਰੇਕ ਨੂੰ ਪੈਂਦੀ ਹੈ। ਥੋੜ੍ਹਾ ਬਹੁਤ ਸੰਘਰਸ਼ ਕਰਨ ਲਈ ਵੀ ਪਰਵਾਸ ਕਰਨਾ ਪੈਂਦਾ ਹੈ। ਪਰਵਾਸ ਦਾ ਸੰਬੰਧ ਇਨਸਾਨ ਦੀ ਹੋਂਦ ਨਾਲ ਹੀ ਹੈ। ਇਨਸਾਨ ਜਿਵੇਂ-ਜਿਵੇਂ ਤਰੱਕੀ ਕਰੀ ਜਾਵੇਗਾ, ਉਵੇਂ ਹੀ ਹਲਾਤਾਂ ਅਨੁਸਾਰ ਪਰਵਾਸ ਵੀ ਕਰਦਾ ਰਹੇਗਾ।

ਪਰਵੀਨ ਕੌਰ ਸਿੱਧੂ
8146536200

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly