ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਸਾਇਪ੍ਰਸ, ਬੁਲਗਾਰੀਆ ਅਤੇ ਚੈੱਕ ਗਣਰਾਜ ਦੀ ਫੇਰੀ ਬਹੁਤ ਉਸਾਰੁੂ ਰਹੀ ਹੈ। ਇਨ੍ਹਾਂ ਤਿੰਨਾਂ ਮੁਲਕਾਂ ਨੇ ਅਤਿਵਾਦ ਬਾਰੇ ਭਾਰਤੀ ਸਟੈਂਡ ਦਾ ਸਮਰਥਨ ਕੀਤਾ ਹੈ। ਇਹ ਜਾਣਕਾਰੀ ਇਕ ਸੀਨੀਅਰ ਭਾਰਤੀ ਰਾਜਦੂਤ ਨੇ ਦਿੱਤੀ। ਰਾਸ਼ਟਰਪਤੀ ਦੇ ਦੌਰੇ ਦਾ ਉਦੇਸ਼ ਯੂਰਪੀ ਮੁਲਕਾਂ ਨਾਲ ਭਾਰਤ ਦੀ ਉੱਚ ਪੱਧਰੀ ਗੱਲਬਾਤ ਨੂੰ ਜਾਰੀ ਰੱਖਣਾ ਸੀ। ਇਸ ਦੌਰਾਨ ਜਲਵਾਯੂ ਸਬੰਧੀ ਚੁਣੌਤੀਆਂ ਦੇ ਟਾਕਰੇ ਅਤੇ ਪਰਮਾਣੂ ਊਰਜਾ ਦੇ ਸ਼ਾਂਤੀਪੂਰਨ ਇਸਤੇਮਾਲ ਬਾਰੇ ਸਹਿਯੋਗ ਸਬੰਧੀ ਕਈ ਸਮਝੌਤੇ ਸਹੀਬੰਦ ਕੀਤੇ ਗਏ। ਵਿਦੇਸ਼ ਮੰਤਰਾਲੇ ਦੀ ਸਕੱਤਰ(ਪੱਛਮ) ਰੁਚੀ ਘਨਸ਼ਿਆਮ ਨੇ ਕਿਹਾ, ‘‘ ਤਿੰਨੇ ਮੁਲਕਾਂ ਦਾ ਦੌਰਾ ਪੂਰੀ ਤਰ੍ਹਾਂ ਉਸਾਰੂ ਅਤੇ ਸਥਾਈ ਰਿਹਾ ਹੈ ਤੇ ਇਨ੍ਹਾਂ ਦੌਰਿਆਂ ਦਾ ਨਤੀਜਾ ਬਿਹਤਰੀਨ ਰਿਹਾ। ਕੇਂਦਰੀ ਯੂਰੋਪ ਵਿੱਚ ਤਿੰਨੇ ਮੁਲਕ ਭਾਰਤ ਲਈ ਬਹੁਤ ਮਹੱਤਵਪੂਰਨ ਹਨ। ਸਾਡੇ ਉਨ੍ਹਾਂ ਨਾਲ ਰਾਜਨੀਤਕ ਪੱਧਰ ਤੇ ਨਾਲ ਨਾਲ ਸਭਿਆਚਾਰਕ ਪੱਧਰ ’ਤੇ ਵੀ ਦੋਸਤਾਨਾ ਸਬੰਧ ਹਨ।’’ ਘਨਸ਼ਿਆਮ ਨੇ ਕਿਹਾ ਕਿ ਤਿੰਨੇ ਮੁਲਕਾਂ ਨੇ ਭਾਰਤ ਦੇ ਕੌਮਾਂਤਰੀ ਅਤਿਵਾਦ ਬਾਰੇ ਵਿਆਪਕ ਕਨਵੈਨਸ਼ਨ ਦਾ ਸਮਰਥਨ ਕੀਤਾ ਹੈ। ਇਨ੍ਹਾਂ ਮੁਲਕਾਂ ਨੇ ਅਤਿਵਾਦ ਬਾਰੇ ਭਾਰਤ ਦੇ ਸਟੈਂਡ ਦਾ ਸਮਰਥਨ ਕੀਤਾ ਹੈ। ਉਨ੍ਹਾਂ ਅਤਿਵਾਦ ਬਾਰੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ। ਇਹ ਤਿੰਨੋ ਮੁਲਕ ਯੂਰਪੀ ਯੂਨੀਅਨ ਦੇ ਮੈਂਬਰ ਹਨ। ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਅਸ਼ੋਕ ਮਲਿਕ ਨੇ ਕਿਹਾ ਕਿ ਇਹ ਸਭ ਤੋਂ ਸਥਾਈ ਅਤੇ ਉਸਾਰੂ ਦੌਰਾ ਹੈ। ਇਸ ਦੌਰਾਨ 12 ਸਮਝੌਤੇ ਕੀਤੇ ਗਏ, ਜਿਨ੍ਹਾਂ ਵਿੱਚੋਂ ਪੰਜ ਬਹੁਤ ਵਿਆਪਕ ਹਨ।
INDIA ਅਤਿਵਾਦ ਬਾਰੇ ਭਾਰਤੀ ਸਟੈਂਡ ਦਾ ਸਮਰਥਨ