*ਭੇਦ ਮੁਕਤ ਸਮਾਜ ਦਾ ਸੱਦਾ ਦੇ ਗਈ ਦੋ ਰੋਜ਼ਾ ਫੀਰਾ ਕਾਨਫਰੰਸ*
*ਸਭਿਆਚਾਰਕ ਕਲਾ ਵੰਨਗੀਆਂ ਬਣੀਆਂ ਚਾਨਣਾਂ ਦਾ ਛੱਟਾ*
ਬਰਨਾਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਭਾਰਤ ਵਿੱਚ ਸੱਤਾ ਦੀ ਸਾਂਝ ਨਾਲ ਵਧ ਫ਼ੁੱਲ ਰਹੀਆਂ ਫਾਸ਼ੀਵਾਦੀ ਤਾਕਤਾਂ ਮਾਨਵਤਾ ਵਾਦੀ ਸਮਾਜ ਦੇ ਰਾਹ ਦਾ ਰੋੜਾ ਹਨ, ਜਿਹੜੀਆਂ ਧਰਮ ਤੇ ਅੰਧਵਿਸ਼ਵਾਸ਼ ਦੇ ਸਹਾਰੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਤੁਲੀਆਂ ਹੋਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਤਰਕਸ਼ੀਲ ਭਵਨ ਵਿਖੇ ਫੈਡਰੇਸ਼ਨ ਆਫ਼ ਇੰਡੀਅਨ ਰੈਸ਼ਨੇਲਿਸਟ ਐਸੋਸੀਏਸ਼ਨ (ਫੀਰਾ) ਦੀ ਦੋ ਰੋਜ਼ਾ ਕਾਨਫਰੰਸ ਵਿੱਚ ਬੋਲਦਿਆਂ ਕੌਮੀ ਸਕੱਤਰ ਡਾ. ਸੁਦੇਸ਼ ਘੋੜੇਰਾਓ ਨੇ ਕੀਤਾ।ਉਨ੍ਹਾਂ ਆਖਿਆ ਕਿ ਹਨੇਰੇ ਦੀਆਂ ਪ੍ਰਤੀਕ ਅਜਿਹੀਆਂ ਤਾਕਤਾਂ ਨੂੰ ਮਾਤ ਦੇਣ ਲਈ ਚੇਤਨਾ, ਇਕਮੁੱਠਤਾ ਤੇ ਸੰਘਰਸ਼ ਹੀ ਸੁਵੱਲੜਾ ਰਾਹ ਹੈ।
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪਹਿਲਕਦਮੀ ਤੇ ਹੋਈ ਕਾਨਫਰੰਸ ਵਿੱਚ ਔਰਤਾਂ ਤੇ ਅੰਧਵਿਸ਼ਵਸ਼ ਵਿਸ਼ੇ ਤੇ ਬਸੰਤੀ ਆਚਾਰਿਆ ਉੜੀਸਾ,ਡਾ. ਅਰੀਤ , ਮਮਤਾ ਨਾਇਕ ਕਰਨਾਟਕਾ ਤੇ ਸਜੀਤ ਸੀ ਕੇਰਲਾ ਨੇ ਭਾਰਤੀ ਸਮਾਜ ਵਿੱਚ ਔਰਤਾਂ ਦੀਆਂ ਜਿਉਣ ਹਾਲਤਾਂ ਤੇ ਅੰਧਵਿਸ਼ਵਾਸ਼ਾਂ ਕਾਰਣ ਦਰਪੇਸ਼ ਸਮੱਸਿਆਵਾਂ ਤੇ ਚਰਚਾ ਛੇੜੀ।ਉਨ੍ਹਾਂ ਔਰਤਾਂ ਲਈ ਅੱਗੇ ਵਧਣ ਦੇ ਬਰਾਬਰ ਮੌਕੇ ਤੇ ਸਮਜਿਕ ਬਰਾਬਰੀ ਦੀ ਮੰਗ ਕੀਤੀ।ਕਾਨਫਰੰਸ ਦੇ ਅਗਲੇ ਸੈਸ਼ਨ ਵਿੱਚ ਸਾਇੰਸ ਫ਼ਾਰ ਸੁਸਾਇਟੀ ਝਾਰਖੰਡ, ਅੰਧਸ਼ਰਧਾ ਨਿਰਮੂਲਣ ਸੰਮਤੀ, ਮਹਾਰਾਸ਼ਟਰ, ਯੁਕਤੀਵਾਦੀ ਸੰਗਠਨ ਕੇਰਲਾ ਸਮੇਤ ਹੋਰਨਾਂ ਰਾਜਾਂ ਦੇ ਡੈਲੀਗੇਟਾਂ ਨੇ ਆਪੋ ਆਪਣੀਆਂ ਸੰਸਥਾਵਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਹੋ ਰਹੀਆਂ ਚੇਤਨਾ ਮੁਖੀ ਸਰਗਰਮੀਆਂ ਦੀ ਝਲਕ ਫੀਰਾ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਅਹਿਮੀਅਤ ਦਰਸਾਉਂਦੀ ਸੀ।
ਫੀਰਾ ਦੇ ਕੌਮੀ ਪ੍ਰਧਾਨ ਪ੍ਰੋ. ਨਰੇਂਦਰ ਨਾਇਕ ਨੇ ਦੇਸ਼ ਭਰ ਵਿੱਚ ਮਾਨਵਵਾਦੀ, ਤਰਕਸ਼ੀਲ ਤੇ ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ਪਸਾਰ ਲਈ ਡਟਣ ਦਾ ਸੱਦਾ ਦਿੱਤਾ। ਇਸ ਮੌਕੇ ਸਾਹਿਤ ਦੇ ਖ਼ੇਤਰ ਵਿੱਚ ਤਰਕਸ਼ੀਲ ਸਾਹਿਤ ਨਾਲ ਉੱਘਾ ਯੋਗਦਾਨ ਦੇਣ ਬਦਲੇ ਫੀਰਾ ਵੱਲੋਂ ਡਾ. ਸੁਰਿੰਦਰ ਅਜਨਾਤ ਤੇ ਸੋਮਾ ਸਬਲੋਕ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਆਖਰੀ ਸ਼ੈਸ਼ਨ ਵਿੱਚ ਪੰਜਾਬ, ਉੜੀਸਾ ਤੇ ਤੇਲੰਗਾਨਾ ਰਾਜਾਂ ਦੀਆਂ ਸਭਿਆਚਾਰਕ ਕਲਾ ਦੀਆਂ ਵੰਨਗੀਆਂ ਚੇਤਨਾ ਤੇ ਚਾਨਣ ਦਾ ਛੱਟਾ ਦੇ ਗਈਆਂ। ਮੈਡਮ ਜੋਸਨਾ ਹੈਦਰਾਬਾਦ, ਨੀਲੇਸ਼ ਪਾਟਿਲ, ਨਾਗਪੁਰ,ਉਦੈ ਕੁਮਾਰ ਉੱਤਰਾਖੰਡ ਤੇ ਸੰਜੈ ਜੰਮੂ ਨੇ ਆਪਣੇ ਸਾਥੀਆਂ ਨਾਲ ਕਲਾ ਦੇ ਵੱਖ ਵੱਖ ਰੂਪਾਂ ਨੂੰ ਮੰਚ ਤੇ ਸਾਕਾਰ ਕੀਤਾ।ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਪੇਸ਼ ਕੀਤੀ ਗਈ ਭਗਤ ਸਿੰਘ ਦੀ ਘੋੜੀ ਸਭਿਆਚਾਰਕ ਸ਼ੈਸ਼ਨ ਦਾ ਸਿਖ਼ਰ ਹੋ ਨਿਬੜੀ।ਫੀਰਾ ਕਾਨਫਰੰਸ ਵਿੱਚ ਸ਼ਾਮਲ 18 ਰਾਜਾਂ ਤੋਂ ਆਏ ਡੈਲੀਗੇਟਾਂ ਨੇ ਬਰਨਾਲਾ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਮਾਰਚ ਵੀ ਕੱਢਿਆ।
ਆਪੋ ਆਪਣੇ ਰਾਜਾਂ ਦੇ ਬੈਨਰਾਂ ਤੇ ਰਾਮਾਸਵਾਮੀ ਪੇਰੀਆਰ, ਡਾ. ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਨਾਲ ਮਾਰਚ ਵਿੱਚ ਅਨੂਠਾ ਰੰਗ ਭਰਿਆ।ਮਾਨਵਤਾ ਦੇ ਰੰਗ ਵਿੱਚ ਰੰਗੀ ਫੀਰਾ ਕਾਨਫਰੰਸ ਵਿਗਿਆਨਕ ਚੇਤਨਾ ਤੇ ਰੰਗ, ਭੇਦ ਮੁਕਤ ਸਮਾਜ ਦਾ ਸੰਦੇਸ਼ ਦਿੰਦੀ ਸੰਪੰਨ ਹੋਈ। ਕੌਮੀ ਕਾਨਫਰੰਸ ਦੀ ਸਫਲਤਾ ਲਈ ਹੇਮ ਰਾਜ ਸਟੈਨੋ ,ਗੁਰਪ੍ਰੀਤ ਸ਼ਹਿਣਾ, ਰਾਜੇਸ਼ ਅਕਲੀਆ, ਰਾਜਿੰਦਰ ਭਦੌੜ, ਜਸਵੰਤ ਮੁਹਾਲੀ, ਸੁਖਵਿੰਦਰ ਬਾਗ਼ਪੁਰ, ਕੁਲਵਿੰਦਰ ਨਗਾਰੀ, ਸੁਰਜੀਤ ਟਿੱਬਾ, ਸੱਤਪਾਲ ਸਲੋਹ ਤੇ ਬਲਰਾਜ ਮੌੜ ਆਦਿ ਤਰਕਸ਼ੀਲ ਆਗੂਆਂ ਨੇ ਭਰਵਾਂ ਯੋਗਦਾਨ ਪਾਇਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly