ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰਨ ਰਹੇ ਨੇ ਕੈਪਟਨ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰ ਰਹੀ ਹੈ ਅਤੇ ਸਿੱਖ ਕੌਮ ਵਿੱਚ ਵੰਡੀਆਂ ਪਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਗੱਲ ਦੇ ਠੋਸ ਸਬੂਤ ਹਨ ਕਿ ਮੁੱਖ ਮੰਤਰੀ ਨਾ ਸਿਰਫ ਗਰਮਖ਼ਿਆਲੀਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ, ਸਗੋਂ ਉਨ੍ਹਾਂ ਨਾਲ ਰਲ਼ੇ ਹੋਏ ਵੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੀ ਮੁੱਲਾਂਪੁਰ ਗਰੀਬਦਾਸ ਵਿੱਚ ਗਰਮਖ਼ਿਆਲੀ ਆਗੂ ਚੰਨਣ ਸਿੰਘ ਸਿੱਧੂ ਦੇ ਫਾਰਮ ਹਾਊਸ ਉੱਤੇ ਸਮੀਖਿਆ ਕੀਤੀ ਗਈ ਸੀ। 15 ਜੂਨ ਨੂੰ ਸੁਖਪਾਲ ਖਹਿਰਾ,ਜਸਟਿਸ ਰਣਜੀਤ ਸਿੰਘ ਅਤੇ ਕਮਿਸ਼ਨ ਰਜਿਸਟਰਾਰ ਜੇਐਸ ਮਹਿਮੀ ਫਾਰਮ ਹਾਊਸ ਉੱਤੇ ਗਏ ਸਨ ਅਤੇ ਉਹ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤਕ ਉੱਥੇ ਇਕੱਠੇ ਰਹੇ ਸਨ।
ਉਨ੍ਹਾਂ ਕਿਹਾ ਕਿ ਖਹਿਰਾ ਅਤੇ ਰਣਜੀਤ ਸਿੰਘ 17 ਜੂਨ ਨੂੰ ਦੁਬਾਰਾ ਵੱਡੇ ਤੜਕੇ ਤੋਂ ਲੈ ਕੇ ਸ਼ਾਮ ਤਕ ਸਿੱਧੂ ਦੇ ਫਾਰਮ ਵਿੱਚ ਰਹੇ ਸਨ, ਜਿੱਥੇ ਉਨ੍ਹਾਂ ਨਾਲ ਕਾਂਗਰਸੀ ਆਗੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸੀ। ਉਨ੍ਹਾਂ ਕਿਹਾ ਕਿ ਤ੍ਰਿਪਤ ਬਾਜਵਾ ਦੀ ਭੂਮਿਕਾ ਅਹਿਮ ਸੀ, ਕਿਉਂਕਿ ਉਹ ਬਰਗਾੜੀ ਵਿੱਚ ਧਰਨੇ ਵਾਲੀ ਥਾਂ ਉੱਤੇ ਗਿਆ ਸੀ ਅਤੇ ਉਸ ਤੋਂ ਬਾਅਦ ਪਾਕਿਸਤਾਨੀ ਏਜੰਸੀ ਵੱਲੋਂ ਖੜ੍ਹੀ ਕੀਤੀ ਸੰਸਥਾ ਸਿੱਖਸ ਫਾਰ ਜਸਟਿਸ ਨਾਲ ਮੀਟਿੰਗਾਂ ਕਰਨ ਲਈ ਲੰਡਨ ਵੀ ਗਿਆ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਸਿੱਧੂ ਦੇ ਫਾਰਮ ਹਾਊਸ ਉੱਤੇ ਤੀਜੀ ਮੀਟਿੰਗ 18 ਜੁਲਾਈ ਨੂੰ ਹੋਈ ਸੀ, ਜਿਸ ਵਿਚ ਸਰਕਾਰੀ ਜਥੇਦਾਰ ਧਿਆਨ ਸਿੰਘ ਮੰਡ, ਗਰਮਖ਼ਿਆਲੀ ਆਗੂ ਗੁਰਦੀਪ ਸਿੰਘ ਬਠਿੰਡਾ ਅਤੇ ਰਣਜੀਤ ਸਿੰਘ ਤੋਂ ਇਲਾਵਾ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਭਾਗ ਲਿਆ ਸੀ।
ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਵੀ ਲੰਘੀ ਰਾਤ ਚੁੱਪ-ਚੁਪੀਤੇ ਬਲਜੀਤ ਸਿੰਘ ਦਾਦੂਵਾਲ ਨੂੰ ਆਪਣੀ ਰਿਹਾਇਸ਼ ਉੱਤੇ ਮਿਲਣਾ ਜ਼ਰੂਰੀ ਸਮਝਿਆ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਦਾਦੂਵਾਲ ਨੇ ਦਾਅਵਾ ਕੀਤਾ ਹੈ ਕਿ ਉਹ ਬਠਿੰਡਾ ਵਿੱਚ ਸਨ, ਪਰ ਅਕਾਲੀ ਦਲ ਕੋਲ ਉਸ ਦੇ ਬਨੂੜ ਟੌਲ ਪਲਾਜ਼ਾ ਰਾਹੀਂ ਚੰਡੀਗੜ੍ਹ ਵਿੱਚ ਹੋਏ ਦਾਖ਼ਲੇ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਤੋਂ ਬਾਅਦ ਦਾਦੂਵਾਲ ਨੂੰ ਕਾਰ ਵਿੱਚ ਬਿਠਾ ਕੇ ਕਾਂਗਰਸ ਮੰਤਰੀ ਸੁਖਜਿੰਦਰ ਰੰਧਾਵਾ ਦੀ ਰਿਹਾਇਸ਼ ਉੱਤੇ ਛੱਡਿਆ ਗਿਆ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਬਲਜੀਤ ਸਿੰਘ ਦਾਦੂਵਾਲ ਦੇ 6 ਬੈਂਕ ਖਾਤਿਆਂ ਵਿੱਚ ਪਿਛਲੇ 10 ਸਾਲਾਂ ਦੌਰਾਨ 16.70 ਕਰੋੜ ਰੁਪਏ ਆਏ ਹਨ। ਇਹ ਪੈਸਾ ਵੈਸਟਰਨ ਯੂਨੀਅਨ ਅਤੇ ਮਨੀ ਗਰਾਮ ਰਾਹੀਂ ਹਾਸਲ ਕੀਤਾ ਜਾ ਰਿਹਾ ਹੈ।

Previous articleਕਰਨਾਟਕ ਦੇ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਕੇਸ ’ਚ ਰਾਹਤ
Next articleਸੀਵਰੇਜ ਜਾਮ ਤੋਂ ਪ੍ਰੇਸ਼ਾਨ ਲੋਕਾਂ ਨੇ ਨਿਗਮ ਦਫ਼ਤਰ ਵਿੱਚ ਸੁੱਟੀ ਗਾਰ