ਐੱਨਡੀਏ ਦੇ ਹਰਿਵੰਸ ਬਣੇ ਰਾਜ ਸਭਾ ਦੇ ਉਪ ਸਭਾਪਤੀ

ਸੱਤਾਧਾਰੀ ਐਨਡੀਏ ਗੱਠਜੋੜ ਅਤੇ ਜਨਤਾ ਦਲ (ਯੂ) ਦੇ ਮੈਂਬਰ ਹਰੀਵੰਸ਼ ਨਰਾਇਣ ਸਿੰਘ ਅੱਜ ਰਾਜ ਸਭਾ ਦੇ ਉਪ ਸਭਾਪਤੀ ਚੁਣੇ ਗਏ ਹਨ। ਉਨ੍ਹਾਂ ਨੇ 125 ਵੋਟਾਂ ਹਾਸਲ ਕੀਤੀਆਂ ਅਤੇ ਉਨ੍ਹਾਂ ਦੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਕੇ ਹਰੀਪ੍ਰਸ਼ਾਦ ਨੂੰ 105 ਵੋਟਾਂ ਪਈਆਂ। ਸ੍ਰੀ ਪੀ ਜੇ ਕੁਰੀਅਨ ਦੇ ਅਹੁਦੇ ਦੀ ਮਿਆਦ ਪੁੱਗਣ ਤੋਂ ਬਾਅਦ ਪਹਿਲੀ ਜੁਲਾਈ ਤੋਂ ਇਹ ਅਹੁਦਾ ਖਾਲੀ ਪਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਾਰੇ ਸਦਨ ਨੇ ਸ੍ਰੀ ਹਰੀਵੰਸ਼ ਨੂੰ ਰਾਜ ਸਭਾ ਦੇ ਉਪ ਸਭਾਪਤੀ ਚੁਣੇ ਜਾਣ ਉੱਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਵਧਾਈ ਦਿੰਦਿਆਂ ਹਲਕੇ ਫੁਲਕੇ ਅੰਦਾਜ਼ ਵਿਚ ਕਿਹਾ, ‘‘ਅਬ ਸਭ ਕੁਛ ‘ਹਰੀ ਭਰੋਸੇ’ ਔਰ ਮੁਝੇ ਵਿਸ਼ਵਾਸ ਹੈ ਕਿ ਸਭੀ, ਇਧਰ ਹੋ ਯਾ ਉਧਰ, ਸਭੀ ਸੰਸਦੋਂ ਪਰ ਹਰੀ ਕ੍ਰਿਪਾ ਬਨੀ ਰਹੇਗੀ।’’ ਸੱਤਾਧਾਰੀ ਧਿਰ ਦੇ ਸਦਨ ਦੇ ਆਗੂ ਅਰੁਣ ਜੇਤਲੀ ਅਤੇ ਵਿਰੋਧੀ ਧਿਰ ਕਾਂਗਰਸ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਸ੍ਰੀ ਹਰੀਵੰਸ਼ ਦਾ ਨਾਂਅ ਰਾਮ ਪ੍ਰਸ਼ਾਦ ਸਿੰਘ ਨੇ ਤਜਵੀਜ਼ ਕੀਤਾ ਅਤੇ ਇਸ ਦੀ ਤਾਈਦ ਕੇਂਦਰੀ ਮੰਤਰੀ ਅਤੇ ਆਰਪੀਆਈ ਦੇ ਮੈਂਬਰ ਰਾਮਦਾਸ ਅਠਾਵਲੇ ਨੇ ਕੀਤੀ। ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਸ਼ਿਵ ਸੈਨਾ ਦੇ ਸੰਜੇ ਰਾਉਤ ਅਤੇ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਉਨ੍ਹਾਂ ਦੇ ਨਾਂਅ ਦਾ ਸਮਰਥਨ ਕੀਤਾ। ਸਦਨ ਵਿੱਚ ਵੋਟਾਂ ਦੂਜੀ ਵਾਰ ਪਵਾਈਆਂ ਗਈਆਂ ਕਿਉਂਕਿ ਕੁੱਝ ਮੈਂਬਰਾਂ ਨੇ ਪਹਿਲੀ ਵੋਟਿੰਗ ਵਿੱਚ ਕੁੱਝ ਖਾਮੀਆ ਸਾਹਮਣੇ ਲਿਆਂਦੀਆਂ ਸਨ। ਪਹਿਲੀ ਵੋਟਿੰਗ ਦਾ ਨਤੀਜਾ 122 ਵੋਟਾਂ ਹਰੀਵੰਸ਼ ਦੇ ਹੱਕ ’ਚ, 98 ਵਿਰੋਧ ’ਚ ਅਤੇ ਦੋ ਗੈਰਹਾਜ਼ਰ ਦਾ ਸੀ। ਅੰਤਿਮ ਤੌਰ ਉੱਤੇ ਐਲਾਨੇ ਨਤੀਜੇ ਵਿੱਚ ਹਰੀਵੰਸ਼ ਨੂੰ 125 ਵੋਟਾਂ ਪਈਆਂ ਅਤੇ ਹਰੀਪ੍ਰਸ਼ਾਦ ਨੂੰ 105 ਵੋਟਾਂ ਮਿਲੀਆਂ ਅਤੇ ਦੋ ਮੈਂਬਰ ਗੈਰਹਾਜ਼ਰ ਪਾਏ ਗਏ। ਚੋਣ ਤੋਂ ਤੁਰੰਤ ਬਾਅਦ ਰਾਜ ਸਭਾ ਦੇ ਸਭਾਪਤੀ ਐੱਮ ਵੈਂਕਈਆ ਨਾਇਡੂ ਵੱਲੋਂ ਨਤੀਜਾ ਐਲਾਨਣ ੋਂ ਬਾਅਦ ਸ੍ਰੀ ਅਰੁਣ ਜੇਤਲੀ, ਗੁਲਾਮ ਨਬੀ ਆਜ਼ਾਦ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਆਨੰਤ ਕੁਮਾਰ, ਸ੍ਰੀ ਹਰੀਵੰਸ਼ ਨੂੰ ਸਦਨ ਵਿੱਚ ਉਪ ਸਭਾਪਤੀ ਦੀ ਸੀਟ ਤੱਕ ਲੈ ਕੇ ਗਏ। ਉਨ੍ਹਾਂ ਦੀ ਸੀਟ ਵਿਰੋਧੀ ਧਿਰ ਦੇ ਆਗੂ ਤੋਂ ਅਗਲੀ ਹੈ।
ਭਾਜਪਾ ਦੇ ਰਾਜ ਸਭਾ ਵਿੱਚ ਆਗੂ ਅਰੁਣ ਜੇਤਲੀ ਗੁਰਦਾ ਬਦਲਣ ਦੇ ਅਪਰੇਸ਼ਨ ਬਾਅਦ ਅੱਜ ਲੰਬੇ ਸਮੇਂ ਬਾਅਦ ਸਦਨ ਵਿੱਚ ਹਾਜ਼ਰ ਹੋਏ। ਪ੍ਰਧਾਨ ਮੰਤਰੀ ਅਤੇ ਸ੍ਰੀ ਆਜ਼ਾਦ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਆਜ਼ਾਦ ਨੇ ਉਨ੍ਹਾਂ ਨੂੰ ਥੋੜ੍ਹਾ ਸਮਾਂ ਹੋਰ ਆਰਾਮ ਕਰਨ ਦੀ ਸਲਾਹ ਵੀ ਦਿੱਤੀ। ਸ੍ਰੀ ਹਰੀਵੰਸ਼ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ੍ਰੀ ਹਰੀਵੰਸ਼ ਚਾਰ ਦਹਾਕਿਆਂ ਤੱਕ ਪੱਤਰਕਾਰ ਵਜੋਂ ਸਰਗਰਮ ਰਹੇ ਹਨ। ਉਨ੍ਹਾਂ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਵੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਨਤੀਜੇ ਬਾਰੇ ਪਤਾ ਹੀ ਸੀ ਪਰ ਪਰ ਵਿਧੀ ਅਨੁਸਾਰ ਵੋਟਾਂ ਪੈਣੀਆਂ ਸਨ ਅਤੇ ਇਸ ਦੇ ਨਾਲ ਨਵੇਂ ਮੈਂਬਰ ਨੂੰ ਟਰੇਨਿੰਗ ਵੀ ਮਿਲਦੀ ਹੈ ਕਿ ਸਦਨ ਵਿੱਚ ਵੋਟਾਂ ਕਿਵੇਂ ਪਾਈਆਂ ਜਾਂਦੀਆਂ ਹਨ।

Previous articleਸੀਨੀਅਰ ਭਾਰਤੀ ਅਫ਼ਸਰ ਦੇ ਪਰਿਵਾਰ ਨੂੰ ਜਹਾਜ਼ ’ਚੋਂ ਉਤਾਰਿਆ
Next article3.1 ਕਰੋੜ ਪਰਵਾਸੀ ਭਾਰਤੀਆਂ ਨੂੰ ਮਿਲੇਗਾ ਪ੍ਰੌਕਸੀ ਵੋਟ ਦਾ ਹੱਕ