ਸਮਤਾ ਸੈਨਿਕ ਦਲ ਦਾ 95 ਵਾਂ ਸਥਾਪਨਾ ਦਿਵਸ ਅੰਬੇਡਕਰ ਭਵਨ ਵਿਖੇ ਮਨਾਇਆ ਗਿਆ
ਜਲੰਧਰ (ਸਮਾਜ ਵੀਕਲੀ)- ਆਲ ਇੰਡੀਆ ਸਮਤਾ ਸੈਨਿਕ ਦਲ ਦਾ 95 ਵਾਂ ਸਥਾਪਨਾ ਦਿਵਸ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ ਜਲੰਧਰ ਵਿਖੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਥਾਪਨਾ ਦਿਵਸ ਸਮਾਗਮ ਦਾ ਆਯੋਜਨ ਸਮਤਾ ਸੈਨਿਕ ਦਲ ਦੇ ਪੰਜਾਬ ਯੂਨਿਟ ਵੱਲੋਂ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਅਤੇ ਅੰਬੇਡਕਰ ਭਵਨ ਟਰੱਸਟ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰੀ ਭੀਸ਼ਮ ਪਾਲ ਸਿੰਘ ਜੀ ਕੇਂਦਰੀ ਕਾਰਜਕਾਰਨੀ ਮੈਂਬਰ, ਆਲ ਇੰਡੀਆ ਸਮਤਾ ਸੈਨਿਕ ਦਲ, ਗਾਜੀਆਬਾਦ (ਉੱਤਰ ਪ੍ਰਦੇਸ਼) ਬਤੌਰ ਮੁੱਖ ਮਹਿਮਾਨ, ਸ੍ਰੀ ਸੋਹਨ ਲਾਲ ਸਾਂਪਲਾ ਜਰਮਨੀ ਬਤੌਰ ਵਿਸ਼ੇਸ਼ ਮਹਿਮਾਨ ਅਤੇ ਸ੍ਰੀ ਨਰੇਸ਼ ਖੋਖਰ (ਸੈਕਟਰੀ ਉੱਤਰੀ ਭਾਰਤ), ਆਲ ਇੰਡੀਆ ਸਮਤਾ ਸੈਨਿਕ ਦਲ ਟੋਹਾਣਾ (ਹਰਿਆਣਾ) ਬਤੌਰ ਬੁਲਾਰੇ ਸ਼ਾਮਿਲ ਹੋਏ । ਸ੍ਰੀ ਭੀਸ਼ਮਪਾਲ ਸਿੰਘ ਜੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ 13 ਮਾਰਚ, 1927 ਨੂੰ ਬਾਬਾ ਸਾਹਿਬ ਦੁਆਰਾ ਸਥਾਪਿਤ ਕੀਤੇ ਹੋਏ ਸਮਤਾ ਸੈਨਿਕ ਦਲ ਦਾ ਬਹੁਤ ਵੱਡਾ ਮਹੱਤਵ ਹੈ । ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਅਸੀਂ ਜਿੰਨੇ ਵੀ ਆਪਣੇ ਸਮਾਗਮ ਕੀਤੇ ਹਨ ਉਹ ਸਮਤਾ ਸੈਨਿਕ ਦਲ ਦੀ ਵਜ੍ਹਾ ਨਾਲ ਹੀ ਕਰ ਸਕੇ ਹਾਂ । ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਲਾਤ ਦਿਨੋ ਦਿਨ ਖਰਾਬ ਹੋ ਰਹੇ ਹਨ। ਯੂਪੀ, ਰਾਜਸਥਾਨ ਵਿੱਚ ਤੇ ਦੇਸ਼ ਦੇ ਹੋਰ ਰਾਜਾਂ ਵਿੱਚ ਦਲਿਤਾਂ ‘ਤੇ ਅੱਤਿਆਚਾਰ ਵਧਦੇ ਜਾ ਰਹੇ ਹਨ, ਇਸ ਲਈ ਸਾਡੇ ਸਮਾਜ ਦੇ ਲੋਕਾਂ ਨੂੰ ਸਵੈ ਰੱਖਿਆ ਲਈ ਤਿਆਰ ਰਹਿਣਾ ਚਾਹੀਦਾ ਹੈ । ਭੀਸ਼ਮ ਪਾਲ ਸਿੰਘ ਜੀ ਨੇ ਆਲ ਇੰਡੀਆ ਸਮਤਾ ਸੈਨਿਕ ਦਲ ਬਾਰੇ ਜਾਣਕਾਰੀ ਮੁਹਈਆ ਕਰਾਈ । ਉਹਨਾਂ ਕਿਹਾ ਕਿ ਦਲ ਬਾਬਾ ਸਾਹਿਬ ਡਾ. ਅੰਬੇਡਕਰ ਦੁਆਰਾ ਸਥਾਪਿਤ ਸੱਭਿਆਚਾਰਕ, ਗੈਰ ਰਾਜਨੀਤਿਕ ਸੰਗਠਨ ਹੈ ਜਿਸ ਦੀ ਸਥਾਪਨਾ ਬਾਬਾ ਸਾਹਿਬ ਨੇ 13 ਮਾਰਚ, 1927 ਨੂੰ ਕੀਤੀ ਸੀ । ਦਲ ਦਾ ਨਾਗਪੁਰ ਵਿਖੇ ਆਪਣਾ ਦਫਤਰ ਹੈ । ਦਲ ਇੱਕ ਰਜਿਸਟਰਡ ਸੰਸਥਾ ਹੈ ਅਤੇ ਇਸ ਦਾ ਹੈਡ ਆਫਿਸ ਨਾਗਪੁਰ ਵਿਖੇ ਹੈ। ਦਲ ਦਾ ਤਕਰੀਬਨ ਸਾਢੇ 3 ਏਕੜ ਭੂਮੀ ਵਿੱਚ ਨਾਗਪੁਰ ਵਿਖੇ ਆਪਣਾ ਟ੍ਰੇਨਿੰਗ ਸੈਂਟਰ ਹੈ । ਦਲ ਨੂੰ ਇਨਕਮ ਟੈਕਸ ਵੱਲੋਂ ਸੈਕਸ਼ਨ 80-ਜੀ ਦੇ ਅੰਤਰਗਤ ਛੂਟ ਮਿਲੀ ਹੋਈ ਹੈ । ਦਲ ਦਾ ਹਰ ਦੋ ਸਾਲ ਬਾਅਦ ਰਾਸ਼ਟਰੀ ਅਧਿਵੇਸ਼ਨ ਹੁੰਦਾ ਹੈ ਜਿਸ ਵਿੱਚ ਹਰ ਦੋ ਸਾਲ ਬਾਅਦ ਨਵੀਂ ਬਾਡੀ ਦਾ ਗਠਨ ਕੀਤਾ ਜਾਂਦਾ ਹੈ। ਵਿਸ਼ੇਸ਼ ਮਹਿਮਾਨ ਸੋਹਨ ਲਾਲ ਸਾਂਪਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੀ ਲਾਹੌਰੀ ਰਾਮ ਬਾਲੀ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਦੁਆਰਾ ਸਥਾਪਿਤ ਕੀਤੇ ਹੋਏ ਸਮਤਾ ਸੈਨਿਕ ਦਲ ਨੂੰ ਮੁੜ ਸੁਰਜੀਤ ਕੀਤਾ ਅਤੇ ਬਾਬਾ ਸਾਹਿਬ ਦੇ ਅਪ੍ਰਕਾਸ਼ਿਤ ਸਾਹਿਤ ਨੂੰ ਮਹਾਰਾਸ਼ਟਰ ਸਰਕਾਰ ਕੋਲੋਂ ਪ੍ਰਕਾਸ਼ਿਤ ਕਰਵਾ ਕੇ ਜੋ ਕੰਮ ਕੀਤਾ ਉਸ ਨੂੰ ਸਦਾ ਯਾਦ ਰੱਖਿਆ ਜਾਵੇਗਾ।
ਨਰੇਸ਼ ਖੋਖਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ 20 ਜੁਲਾਈ 1942 ਨੂੰ ਮੋਹਨ ਨਗਰ ਨਾਗਪੁਰ ਵਿੱਚ ਆਯੋਜਿਤ ਸਮਤਾ ਸੈਨਿਕ ਦਲ ਦੇ ਪਹਿਲੇ ਅਧਿਵੇਸ਼ਨ ਵਿੱਚ ਕਿਹਾ ਸੀ “ਅਗਰ ਅਸੀਂ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਬਗੈਰ ਕਿਸੇ ਅੜਚਣ ਜਾਂ ਛੇੜਖਾਨੀ ਦੇ ਚਲਾ ਰਹੇ ਹਾਂ ਤਾਂ ਇਸ ਦਾ ਸਿਹਰਾ ਆਪਣੇ ਸਵੈ ਸੇਵੀ ਸੰਗਠਨ ਸਮਤਾ ਸੈਨਿਕ ਦਲ ਨੂੰ ਜਾਂਦਾ ਹੈ ਜਿਸ ਦੀ ਸ਼ਕਤੀ ਦੇ ਕਾਰਨ ਕੋਈ ਸਾਡੇ ਕੰਮ ਵਿੱਚ ਰੁਕਾਵਟ ਪੈਦਾ ਨਹੀਂ ਕਰ ਸਕਿਆ । ਅਸੀਂ ਇਸਦੇ ਬਹੁਤ ਜਿਆਦਾ ਅਹਿਸਾਨਮੰਦ ਹਾਂ । ਬਾਬਾ ਸਾਹਿਬ ਨੇ ਕਿਹਾ ਕਿ ਮੈਂ ਸਮਤਾ ਸੈਨਿਕ ਦਲ ਦੀ ਬਹੁਤ ਜਰੂਰਤ ਮਹਿਸੂਸ ਕਰਦਾ ਹਾਂ। ਇਸ ਨੂੰ ਨਾ ਸਿਰਫ ਬਣਾ ਕੇ ਰੱਖਣਾ ਚਾਹੀਦਾ ਬਲਕਿ ਇਸ ਨੂੰ ਹਰ ਪ੍ਰਾਂਤ ਵਿੱਚ ਪਹੁੰਚਾਉਣਾ ਚਾਹੀਦਾ ਹੈ ਅਤੇ ਜਦੋਂ ਤੱਕ ਦਲਿਤ ਵਰਗ ਦਾ ਹਰ ਇੱਕ ਨੌਜਵਾਨ ਇਹਦਾ ਮੈਂਬਰ ਨਹੀਂ ਬਣ ਜਾਂਦਾ ਉਦੋਂ ਤੱਕ ਇਸ ਦਾ ਵਿਸਥਾਰ ਜਾਰੀ ਰੱਖਣਾ ਚਾਹੀਦਾ ਹੈ”। ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ. ਸੀ ਕੌਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ 1982 ਤੋਂ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਗਜ਼ਟਿਡ ਛੁੱਟੀ ਘੋਸ਼ਿਤ ਕਰਵਾ ਕੇ ਆਲ ਇੰਡੀਆ ਸਮਤਾ ਸੈਨਿਕ ਦਲ ਨੇ ਪੰਜਾਬ ਵਿੱਚ ਵੱਡੀ
ਭੂਮਿਕਾ ਨਿਭਾਈ ਹੈ। ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਨੇ ਵੀ ਇਸ ਮਾਮਲੇ ਵਿੱਚ ਪੂਰਾ ਸਹਿਯੋਗ ਦਿੱਤਾ ਸੀ । ਵਿੱਤ ਸਕੱਤਰ ਐਡਵੋਕੇਟ ਕੁਲਦੀਪ ਭੱਟੀ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਸਰੋਤਿਆਂ ਨੂੰ ਜੀ ਆਇਆ ਕਿਹਾ ਅਤੇ ਕਿਹਾ ਕਿ ਸਾਨੂੰ ਈਵੀਐਮ ਦਾ ਵਿਰੋਧ ਕਰਨਾ ਚਾਹੀਦਾ ਹੈ। ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਾਜ ਨੂੰ ਅਜੋਕੇ ਸਮੇਂ ਵਿੱਚ ਸਮਤਾ ਸੈਨਿਕ ਦਲ ਦੀ ਬਹੁਤ ਜਰੂਰਤ ਹੈ ਅਤੇ ਵਧ ਤੋਂ ਵੱਧ ਨੌਜਵਾਨਾਂ ਨੂੰ ਸਮਤਾ ਸੈਨਿਕ ਦਲ ਦੇ ਮੈਂਬਰ ਬਣਨਾ ਚਾਹੀਦਾ ਹੈ। ਮੰਚ ਸੰਚਾਲਨ ਬਾਖੂਬੀ ਕਰਦਿਆਂ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਬਾਬਾ ਸਾਹਿਬ ਦੇ ਅਪ੍ਰਕਾਸ਼ਿਤ ਸਾਹਿਤ ਨੂੰ ਪ੍ਰਕਾਸ਼ਿਤ ਕਰਵਾਉਣ ਵਾਸਤੇ ਆਲ ਇੰਡੀਆ ਸਮਤਾ ਸੈਨਿਕ ਦਲ ਨੂੰ 1978 ਵਿੱਚ ਮੁੜ ਸੁਰਜੀਤ ਕਰਨ ਤੋਂ ਬਾਅਦ ਸ੍ਰੀ ਐਲ ਆਰ ਬਾਲੀ ਜੀ, ਸ਼੍ਰੀ ਹਰੀਸ਼ ਚਾਹਾਂਦੇ, ਐਡਵੋਕੇਟ ਜੇਬੀ ਬਨਸੋਡ, ਧਰਮ ਦਾਸ ਚੰਦਨ ਖੇੜੇ, ਐਡਵੋਕੇਟ ਭਗਵਾਨ ਦਾਸ, ਡਾ. ਸੁਰਿੰਦਰ ਅਜਨਾਤ ਅਤੇ ਸ਼੍ਰੀਮਤੀ ਸੋਮਾ ਸਬਲੋਕ ਅਤੇ ਦਲ ਦੇ ਹੋਰ ਸੈਨਿਕਾਂ ਦੁਆਰਾ ਜੋ ਸੰਘਰਸ਼ ਕੀਤਾ ਗਿਆ ਉਹ ਕਦੇ ਭੁਲਾਇਆ ਨਹੀਂ ਜਾ ਸਕਦਾ । ਭਾਰਦਵਾਜ਼ ਨੇ ਦੱਸਿਆ ਕਿ ਸਮਤਾ ਸੈਨਿਕ ਦਲ ਨੇ ਮਹਾਰਾਸ਼ਟਰ ਸਰਕਾਰ ਨੂੰ ਬਾਬਾ ਸਾਹਿਬ ਦਾ ਅਪ੍ਰਕਾਸ਼ਿਤ ਸਾਹਿਤ ਪ੍ਰਕਾਸ਼ਿਤ ਕਰਨ ਵਾਸਤੇ
ਮਜਬੂਰ ਕਰ ਦਿੱਤਾ ਸੀ ਜਿਸ ਕਾਰਨ ਬਾਬਾ ਸਾਹਿਬ ਦੇ ਸਾਹਿਤ ਦੀਆਂ “ਡਾ. ਬਾਬਾ ਸਾਹਿਬ ਅੰਬੇਡਕਰ ਰਾਈਟਿੰਗਜ਼ ਐਂਡ ਸਪੀਚਜ਼” ਦੇ ਨਾਮ ਤੇ 22 ਵੋਲੀਅਮ ਛਪ ਚੁੱਕੇ ਹਨ, ਜਿਨਾਂ ਨੇ ਬਾਬਾ ਸਾਹਿਬ ਦਾ ਨਾਮ ਪੂਰੀ ਦੁਨੀਆ ਵਿੱਚ ਸੂਰਜ ਵਾਂਗ ਚਮਕਾਇਆ ਅਤੇ ਇਸ ਸਾਹਿਤ ਨੂੰ ਪੜ੍ਹ ਕੇ ਪੂਰੀ ਦੁਨੀਆਂ ਦੇ ਲੋਕ ਗਿਆਨਵਾਨ ਹੋਏ ਹਨ। ਇਸ ਮੌਕੇ ਸਰਬਸ਼੍ਰੀ ਚਰਨ ਦਾਸ ਸੰਧੂ ਪ੍ਰਧਾਨ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ, ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) ਚੇਅਰਮੈਨ ਅੰਬੇਡਕਰ ਭਵਨ ਟਰੱਸਟ, ਤਿਲਕ ਰਾਜ, ਸੁਖਰਾਜ, ਡਾ. ਮਹਿੰਦਰ ਸੰਧੂ, ਚਮਨ ਲਾਲ, ਹਰਭਜਨ ਨਿਮਤਾ, ਨਿਰਮਲ ਬਿੰਜੀ, ਬਲਦੇਵ ਰਾਜ ਜੱਸਲ, ਮੀਨੂ ਧੀਰ, ਜਗਦੀਸ਼ ਧੀਰ, ਮਲਕੀਤ ਸਿੰਘ, ਵਰਿੰਦਰ ਕੁਮਾਰ, ਗੌਤਮ ਸਾਂਪਲਾ, ਦੀਨ ਦਿਆਲ, ਦੇਸਰਾਜ, ਸਤਵਿੰਦਰ ਮਧਾਰਾ, ਚੌਧਰੀ ਹਰੀ ਰਾਮ, ਗੁਰਦਿਆਲ ਜੱਸਲ, ਜੋਤੀ ਪ੍ਰਕਾਸ਼, ਮੈਡਮ ਸੰਤੋਸ਼, ਮਿਸ ਕਵਿਤਾ ਅਤੇ ਹੋਰ ਅਨੇਕ ਸਾਥੀ ਸ਼ਾਮਲ ਸਨ। ਇਹ ਜਾਣਕਾਰੀ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਪ੍ਰੈਸ ਬਿਆਨ ਰਾਹੀਂ ਦਿੱਤੀ।
ਜਸਵਿੰਦਰ ਵਰਿਆਣਾ
ਸੂਬਾ ਪ੍ਰਧਾਨ ((ਮੋਬਾਈਲ : 75080 80709 )
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ