ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਪੰਜਾਬੀ ਵਿਭਾਗ (ਸਿੱਖ ਨੈਸ਼ਨਲ ਕਾਲਜ ਬੰਗਾ), ਸਥਾਨਕ ਸਾਹਿਤਕ ਸਭਿਆਚਾਰਕ ਅਤੇ ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ 9 ਸਤੰਬਰ ਨੂੰ ਹੋ ਰਹੇ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਦੀਆਂ ਤਿਆਰੀਆਂ ਨੂੰ ਪ੍ਰਬੰਧਾਂ ਪੱਖੋਂ ਅੰਤਿਮ ਛੋਹਾਂ ਦੇਣ ਲਈ ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਖਟਕੜ ਕਲਾਂ ਵਿਖੇ ਮੀਟਿੰਗ ਕੀਤੀ ਹੋਈ। ਇਸ ਮੀਟਿੰਗ ਵਿੱਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਉਲੀਕੇ ਪ੍ਰੋਗਰਾਮ ਬਾਰੇ ਮੁੜ ਯਾਦ ਦੁਆਉਂਦੇ ਹੋਏ ਅਮੋਲਕ ਸਿੰਘ ਨੇ ਹਾਜ਼ਰੀਨ ਨੂੰ ਦੱਸਿਆ ਕਿ ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਡਾਕਟਰ ਪਰਮਿੰਦਰ ਸਿੰਘ ਪਾਸ਼ ਦੀ ਵਾਰਤਕ ਅਤੇ ਇਸਦੀ ਪ੍ਰਸੰਗਿਕਤਾ ਵਿਸੇ ਤੇ ਮੁੱਖ ਵਕਤਾ ਹੋਣਗੇ। ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਹੋਏਗਾ। ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਡਾਕਟਰ ਸੁਰਜੀਤ ਪਾਤਰ ਦੀ ਸਾਹਿਤਕ ਘਾਲਣਾ ਨੂੰ ਸਲਾਮ ਕੀਤਾ ਜਾਏਗਾ। ਡਾਕਟਰ ਸੁਰਜੀਤ ਪਾਤਰ ਅਤੇ ਕਵੀ ਸੰਤ ਰਾਮ ਉਦਾਸੀ ਦੇ ਪਰਿਵਾਰ ਵੀ ਉਚੇਚੇ ਤੌਰ ਤੇ ਸਮਾਗਮ ਵਿੱਚ ਸ਼ਾਮਲ ਹੋਣਗੇ। 9 ਸਤੰਬਰ ਸਵੇਰੇ ਠੀਕ 11 ਵਜੇ ਪੈਂਜੀ ਇਕਮਿੰਦਰ ਸਿੰਘ ਸੰਧੂ ਸੈਮੀਨਾਰ ਹਾਲ, ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਹੋਣ ਜਾ ਰਹੇ ਇਸ ਸਮਾਗਮ ਨੂੰ ਹਰ ਪੱਖੋਂ ਯਾਦਗਾਰੀ ਬਣਾਉਣ ਅਤੇ ਸਿੱਕੇਬੰਦ ਪ੍ਰਬੰਧ ਕਰਨ ਲਈ ਹੋਈ ਅੱਜ ਦੀ ਮੀਟਿੰਗ ‘ਚ ਪਾਸ਼ ਦੇ ਸਾਥੀ ਕਵੀ ਦੀਪ ਕਲੇਰ, ਜਸਵੰਤ ਖਟਕੜ ਤੋਂ ਇਲਾਵਾ ਨੌਜਵਾਨ ਕਵੀ ਤਲਵਿੰਦਰ ਸ਼ੇਰ ਗਿੱਲ, ਸ਼ਿੰਗਾਰਾ ਸਿੰਘ, ਬੂਟਾ ਸਿੰਘ ਮਹਿਮੂਦਪੁਰ, ਤੀਰਥ ਰਸੂਲਪੁਰੀ, ਨੰਦ ਲਾਲ ਰਾਏਪੁਰ ਡੱਬਾ, ਖੁਸ਼ੀ ਰਾਮ ਗੁਣਾਚੌਰ, ਦੇਵ ਰਾਜ ਗੁਣਾਚੌਰ, ਰਾਮ ਲੁਭਾਇਆ ਖਟਕੜ ਕਲਾਂ ਅਤੇ ਸੋਹਣ ਲਾਲ ਹਾਜ਼ਰ ਸਨ। ਇਸ ਮੌਕੇ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਦਾ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly