(ਸਮਾਜ ਵੀਕਲੀ)
ਬਾਕੀ ਬਚੇ ਸਿੰਘਾਂ ਦੀ ਸ਼ਹੀਦੀ
ਗਿੱਦੜਾਂ ਦੇ ਨਾਲ ਹੋ ਗਿਆ ਮੁਕਾਬਲਾ।
ਸਵਾ – ਸਵਾ ਲੱਖ ਅੱਗੇ ਇੱਕ ਖੜ੍ਹਿਆ ।
ਵਿੱਚ ਗੜ੍ਹੀ ਚਮਕੌਰ ਦੇ ਵਰ੍ਹਨ ਗੋਲੀਆਂ,
ਕੱਲਾ ਕੱਲਾ ਸਿੰਘ ਸ਼ੇਰਾਂ ਵਾਂਗ ਲੜਿਆ।
ਨੌ ਪੋਹ ਦਾ ਦਿਨ ਵੈਰੀ ਆਵੇ ਚੜ੍ਹਕੇ ,
ਕੱਟੀ ਜਾਣ ਸਿੰਘ ਮੂਲੀ ਵਾਂਗ ਫੜ੍ਹਕੇ।
ਤੱਕ ਵੈਰੀ ਸਿੰਘਾਂ ਨੂੰ ਸਰੂਰ ਚੜ੍ਹਿਆ,
ਕੱਲਾ ਕੱਲਾ ਸਿੰਘ ਸ਼ੇਰਾਂ ਵਾਂਗ ਲੜਿਆ।
ਹੱਥ ਚ ਕਮਾਡ ਸੀ ਜੀਵਨ ਸਿੰਘ ਦੇ ,
ਵੱਡੇ – ਵੱਡੇ ਸੂਰੇ ਕੱਟੇ ਵਾਂਗ ਰਿੰਗਦੇ।
ਆਵੇ ਜਿਹੜਾ ਤੀਰਾਂ ਗੋਲੀਆਂ ਨਾ ਮੜ੍ਹਿਆ,
ਕੱਲਾ ਕੱਲਾ ਸਿੰਘ ਸ਼ੇਰਾਂ ਵਾਂਗ ਲੜਿਆ।
ਆਵੇ ਨਜ਼ਦੀਕ ਨਾ ਕੋਈ ਵੀ ਗੜ੍ਹੀ ਦੇ,
ਸਭਨਾਂ ਦੇ ਦੇਖੇ ਕਲਮੇ ਸੀ ਪੜ੍ਹੀ ਦੇ।
ਭੁੱਖਾ ਬਘਿਆੜ ਜਿਉਂ ਭੇਡਾਂ ਚ ਵੜਿਆ,
ਕੱਲਾ ਕੱਲਾ ਸਿੰਘ ਸ਼ੇਰਾਂ ਵਾਂਗ ਲੜਿਆ।
ਹੋ ਗਏ ਸ਼ਹੀਦ ਲਾਡਲੇ ਗੋਬਿੰਦ ਦੇ,
ਸਿਦਕੋਂ ਨਾ ਹਾਰੇ ਸਿੰਘ ਪੱਕੇ ਹਿੰਡ ਦੇ।
“ਸੁੱਖ” ਭਾਵੇਂ ਮੌਤ ਦਾ ਪੱਲਾ ਸੀ ਫੜ੍ਹਿਆ,
ਕੱਲਾ ਕੱਲਾ ਸਿੰਘ ਸ਼ੇਰਾਂ ਵਾਂਗ ਲੜਿਆ।
ਸੁਖਚੈਨ ਸਿੰਘ ਚੰਦ ਨਵਾਂ
9914973876