76ਵਾਂ ਗਣਤੰਤਰ ਦਿਵਸ: ਦਰਪੇਸ਼ ਚੁਣੌਤੀਆਂ ਨਾਲ ਜੂਝਦੇ ਲੋਕ

ਸੰਜੀਵ ਸਿੰਘ ਸੈਣੀ ,ਮੋਹਾਲੀ 7888966168
 (ਸਮਾਜ ਵੀਕਲੀ)  26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ। ਅੱਜ 2025 ਵਿੱਚੋਂ ਅਸੀਂ ਗੁਜ਼ਰ ਰਹੇ ਹਾਂ। ਆਜ਼ਾਦੀ ਦੇ ਇੰਨੇ ਵਰ੍ਹੇ ਬੀਤ ਜਾਣ ਬਾਅਦ ਵੀ ਅੱਜ ਅਸੀਂ ਦਰਪੇਸ਼ ਚੁਣੌਤੀਆਂ ਨਾਲ ਜੂਝ ਰਹੇ ਹਾਂ। ਧਰਨੇ, ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਕਦੇ ਸੜਕਾਂ ਰੋਕ ਲਈ ਜਾਂਦੀਆਂ ਹਨ ,ਕਦੇ ਮੁਕੰਮਲ ਬੰਦ ਤੱਕ ਦੇ ਸੱਦੇ ਦੇ ਦਿੱਤੇ ਜਾਂਦੇ ਹਨ। ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਤੇ ਉਤਰਿਆ ਹੋਇਆ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਿਹਾ ਹੈ।ਰੋਟੀ, ਕੱਪੜਾ ਅਤੇ ਮਕਾਨ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਹਨ । ਅੱਜ ਇੰਨੀ ਮਹਿੰਗਾਈ ਵੱਧ ਚੁੱਕੀ ਹੈ ਕਿ ਲੋਕਾਂ ਨੂੰ ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਕਰੋਨਾ ਮਹਾਮਾਰੀ ਨੇ ਦੇਸ਼ ਦੇ ਅਰਥਚਾਰੇ ਨੂੰ ਡੂੰਘੀ ਸੱਟ ਮਾਰੀ ਸੀ। ਸਨਅਤ ਬੁਰੀ ਤਰਾਂ ਪ੍ਰਭਾਵਿਤ ਹੋਈ ਸੀ। ਬੇਰੁਜ਼ਗਾਰੀ ਵੱਧ ਗਈ ਹੈ। ਬੇਰੁਜ਼ਗਾਰੀ ਦਾ ਮੁੱਖ ਕਾਰਨ ਆਰਥਿਕ ਵਿਕਾਸ ,ਮੰਦੀ ,ਤਕਨੀਕੀ ਤੇ ਹੋਰ ਸਾਧਨਾਂ ਦੀ ਕਮੀ ਹੈ। ਇਹੀ ਕਾਰਨ ਹੈ ਕਿ ਅੱਜ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਜੇਕਰ ਦੁਨੀਆ ਦੀ ਗੱਲ ਕਰੀਏ ਤਾਂ ਮੰਦੀ ਦੇ ਦੌਰ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹਰ ਰੋਜ਼ ਜਹਾਜ਼ ਦੇ ਜਹਾਜ਼ ਭਰਕੇ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਜਿੱਥੇ ਵੀ ਕੋਈ ਚਪੜਾਸੀ ਦੀ ਅਸਾਮੀ ਲਈ ਪ੍ਰੀਖਿਆ ਹੁੰਦੀ ਹੈ, ਉਥੇ ਪੀਐਚਡੀ ਤੱਕ ਦੇ ਨੌਜਵਾਨ ਪੜੇ ਲਿਖੇ ਅਪਲਾਈ ਕਰਦੇ ਹਨ। ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਸੀ ਕਿ ਚਪੜਾਸੀ ਦੀ ਪੋਸਟਾਂ 10 ਸਨ ਤੇ ਅਪਲਾਈ ਕਰਨ ਵਾਲੇ  ਇੱਕ  ਲੱਖ ਤੋਂ ਵੱਧ ਉਮੀਦਵਾਰ ਸਨ। ਜਿਨ੍ਹਾਂ ਨੇ ਅਪਲਾਈ ਕੀਤਾ ਉਹ ਸਾਰੇ ਹੀ ਮਾਸਟਰ ਡਿਗਰੀ ਤੋਂ ਉੱਪਰ ਦੇ ਸਨ। ਹਰ ਰੋਜ਼ ਪਤਾ ਨਹੀਂ ਕਿੰਨੇ ਹੀ ਉਮੀਦਵਾਰ ਆਈਲੈਟਸ ਪੇਪਰ ਕਲੀਅਰ ਕਰਕੇ ਵਿਦੇਸ਼ਾਂ ਵਿਚ ਲੱਖਾਂ ਰੁਪਿਆਂ ਖਰਚ ਕਰਕੇ ਵਿਦੇਸ਼ਾਂ ਵਿੱਚ ਦਾਖਲੇ ਲੈ ਰਹੇ ਹਨ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਖਾਲੀ ਹੋ ਜਾਵੇਗਾ।ਤੇਜ਼ੀ ਨਾਲ ਵੱਧ ਰਹੀ ਆਬਾਦੀ ਭਾਰਤ ਲਈ ਇਕ ਗੰਭੀਰ ਸਮੱਸਿਆ ਹੈ ।ਜਿਸ ਦੇ ਕਈ ਤਰ੍ਹਾਂ ਦੇ ਮਾੜੇ ਅਸਰ ਸਾਹਮਣੇ ਆ ਰਹੇ ਹਨ । ਵੱਧਦੀ ਜਨਸੰਖਿਆ ਦੀਆਂ ਖੁਰਾਕਾਂ ਲੋੜਾਂ ਪੂਰੀਆਂ ਕਰਨ ਲਈ ਰਸਾਇਣਕ ਖਾਦਾਂ ਦੀ ਵਰਤੋਂ ਹੋ ਰਹੀ ਹੈ।ਜਿਸ ਕਾਰਨ ਜ਼ਮੀਨ ਬੰਜਰ ਹੋ ਰਹੀ ਹੈ । ਅੱਜ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। ਮਾਲਵਾ ਖੇਤਰ ਕੈਂਸਰ ਨਾਲ ਪ੍ਰਭਾਵਿਤ ਹੈ। ਪਸ਼ੂਆਂ ਤੱਕ ਨੂੰ ਕੈਂਸਰ ਹੋ ਚੁੱਕਾ ਹੈ। ਜੰਮਦੇ ਬੱਚੇ ਇਸ ਨਾਮਮੁਰਾਦ ਬਿਮਾਰੀ ਨਾਲ ਪੀੜੀਤ ਹਨ । ਜ਼ਹਿਰੀਲੇ ਪਾਣੀ ਨੇ ਦਰਿਆਵਾਂ ਤੱਕ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਕੁਦਰਤੀ ਜੀਵ ਵੀ ਪ੍ਰਭਾਵਿਤ ਹੋ ਰਹੇ ਹਨ।ਫੈਕਟਰੀਆਂ ਦੀ ਰਹਿੰਦ-ਖੂੰਹਦ ਨੂੰ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ। ਵਾਤਾਵਰਣ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਕਈ ਫੈਕਟਰੀਆਂ ਦੇ ਮਾਲਕਾਂ ਨੇ ਤਾਂ ਪ੍ਰਦੂਸ਼ਿਤ ਪਾਣੀ ਨੂੰ ਧਰਤੀ ਹੇਠ ਬੋਰ ਰਾਹੀਂ ਛੱਡਿਆ ਹੈ। ਮਾਹਿਰਾਂ ਮੁਤਾਬਿਕ ਪੰਜਾਬ ਦਾ ਪਾਣੀ 70% ਖਰਾਬ ਹੋ ਚੁੱਕਿਆ ਹੈ।ਅਜੇ  ਤੱਕ ਸਰਕਾਰ ਨੇ ਅਜਿਹਾ ਕੋਈ ਕਾਨੂੰਨ  ਪਾਸ ਨਹੀਂ ਕੀਤਾ ਕਿ ਆਬਾਦੀ ਤੇ ਰੋਕ ਲੱਗ ਸਕੇ । ਅੱਜ ਭਾਰਤ ਦੁਨੀਆ ਦਾ ਪਹਿਲਾ ਮੁਲਕ ਬਣ ਚੁਕਿਆ ਹੈ। ਚੀਨ ਨੇ ਤਾਂ ਆਪਣੀ ਆਬਾਦੀ ਤੇ ਕਾਬੂ ਪਾਉਣ ਲਈ ਕਾਨੂੰਨ ਬਣਾਇਆ ਹੋਇਆ ਹੈ।ਅੱਜ ਮਹਿੰਗਾਈ ਸਿਖਰਾਂ ਤੇ ਪੁੱਜ ਚੁੱਕੀ ਹੈ ।ਮਾਰਕੀਟ ਵਿੱਚ ਤੁਸੀਂ ਚਲੇ ਜਾਓ !ਕਿਸੇ ਵੀ ਚੀਜ਼ ਤੇ ਹੱਥ ਨਹੀਂ ਟਿਕਦਾ । ਪਿਆਜ਼ ਅਤੇ ਟਮਾਟਰ ਹਮੇਸ਼ਾ ਹੰਝੂ ਹੀ ਕਢਵਾਉਂਦੇ ਹਨ ।ਕੁਪੋਸ਼ਣ ਦੀ ਸਮੱਸਿਆ ਵੀ ਗੰਭੀਰ ਮੁੱਦਾ ਹੈ ,ਜਿਸ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਤੇ ਪੈਂਦਾ ਹੈ । ਪਿਛਲੇ ਵਰ੍ਹੇ ਖਬਰ ਵੀ ਪੜ੍ਹਨ ਨੂੰ ਮਿਲੀ ਸੀ ਕਿ ਪੰਜਾਬ ਸੂਬੇ ‘ਚ ਖੁੱਲ੍ਹੇ ਵਿੱਚ ਪਿਆ ਅੰਨ ਹਵਾ, ਮੀਂਹ ,ਝੱਖੜ ਕਰਕੇ ਖਰਾਬ ਹੋ ਗਿਆ ਹੈ ।ਜਿਸ ਕਾਰਨ ਦੇਸ਼ ਦੇ ਕਈ ਸੂਬਿਆਂ ਵਿੱਚ ਅਨਾਜ ਘੱਟ ਪਹੁੰਚਣ ਤੇ ਨਾ ਪਹੁੰਚਣ ਕਾਰਨ ਭੁੱਖਮਰੀ ਅਤੇ ਕੁਪੋਸ਼ਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ।ਜਿਸ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਚ ਸਰੀਰਕ ਕਮਜ਼ੋਰੀਆਂ ਪੈਦਾ ਹੋਣ ਲੱਗਦੀਆਂ ਹਨ ।ਔਰਤਾਂ  ਅਜੇ ਵੀ ਸੁਰੱਖਿਅਤ ਨਹੀਂ ਹਨ । ਔਰਤਾਂ ਤੇ ਦਿਨ-ਪ੍ਰਤੀ-ਦਿਨ ਜ਼ੁਲਮ ਵਧਦੇ ਜਾ ਰਹੇ ਹਨ। ਨਿਰਭਿਆ ਕਾਂਡ ਨੂੰ ਸਾਰੇ ਹੀ ਅਸੀਂ ਚੰਗੀ ਤਰ੍ਹਾਂ ਜਾਣਦੇ ਹਨ। ਪੱਛਮੀ ਬੰਗਾਲ ਵਿੱਚ ਜੋ ਟ੍ਰੇਨਿੰਗ ਡਾਕਟਰ ਨਾਲ ਦਰਿੰਦਿਆਂ ਨੇ ਕੀਤਾ ਦਿਲ ਕੰਬਾਉਣ ਵਾਲਾ ਸੀ। ਚਾਹੇ ਉਸ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ, ਪਰ ਅਜਿਹੀਆਂ ਘਟਨਾਵਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ ਹਨ।ਨਸ਼ੇ ਨੇ ਤਾਂ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ। ਹਰ ਰੋਜ਼ ਅਖਬਾਰਾਂ ਵਿੱਚ ਪਤਾ ਨਹੀਂ ਕਿੰਨੇ ਹੀ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਰਹੇ ਹਨ ,ਖਬਰਾਂ ਪੜ੍ਹਦੇ ਹਨ। ਹਾਲਾਂਕਿ ਮਾਨ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਵੱਡੀ ਗਿਣਤੀ ਵਿੱਚ ਫੜਿਆ ਵੀ ਜਾ ਰਿਹਾ ਹੈ। ਗੁਆਂਢੀ ਸਰਹੱਦ ਰਾਹੀਂ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਹੋ ਰਹੀ ਹੈ। ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਹੋ ਰਹੀ ਹੈ।ਅਨਪੜ੍ਹਤਾ ਵੀ ਇੱਕ ਗੰਭੀਰ ਸਮੱਸਿਆ ਹੈ। ਇੱਕ ਸਰਵੇਖਣ ਦੇ ਮੁਤਾਬਕ ਸਾਡੇ ਦੇਸ਼ ਦੇ ਛੇ ਕਰੋੜ ਬੱਚੇ ਸਕੂਲ ਨਹੀਂ ਜਾ ਰਹੇ ਹਨ।ਹਾਲਾਂਕਿ ਸਰਕਾਰਾਂ ਨੇ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਸਿੱਖਿਆ ਦਾ ਪ੍ਰਬੰਧ ਵੀ ਕੀਤਾ ਹੈ ਤੇ ਮਿਡ ਡੇ ਮੀਲ ਵੀ ਸ਼ੁਰੂ ਕੀਤੀ ਹੋਈ ਹੈ ਫਿਰ ਵੀ ਬੱਚੇ ਸਕੂਲ ਨਹੀਂ ਜਾ ਪਾ ਰਹੇ ਹਨ।ਹਰ ਜਗ੍ਹਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਜਦੋਂ ਕੋਈ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿਚ ਜਾਂਦੇ ਹਨ ਤਾਂ ਚਪੜਾਸੀ ਤੱਕ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ। ਜਦੋਂ ਦੀ ਮਾਨ ਸਰਕਾਰ ਸੱਤਾ ਵਿੱਚ ਆਈ ਹੈ, ਕਈ ਮੁਲਾਜ਼ਮ ਫੜੇ ਗਏ ਹਨ। ਕਲਰਕਾਂ ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਅਧਿਕਾਰੀਆਂ ਨੇ ਰੰਗੇ ਹੱਥੀ ਫੜਿਆ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ।  ਆਏ ਦਿਨ ਅਖਬਾਰਾਂ ਵਿੱਚ ਖਬਰਾਂ  ਪੜ੍ਹਨ ਨੂੰ ਮਿਲਦੀਆਂ ਹਨ ਕਿ ਫਲਾਣੇ ਜ਼ਿਲ੍ਹੇ ਦੇ ਪਿੰਡ ਵਿੱਚ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ ਹੈ ।  ਆਵਾਰਾ ਕੁੱਤਿਆਂ ਦੀ ਸਮੱਸਿਆ ਇੰਨੀ ਵੱਧ ਚੁੱਕੀ ਹੈ ਕਿ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਅਨੁਭਵ ਕਰਦਾ ਹੈ। ਬੱਚਿਆਂ ਨੂੰ ਨੋਚ ਨੋਚ ਕੇ ਅਵਾਰਾ ਕੁੱਤੇ ਖਾ ਰਹੇ ਹਨ । ਆਵਾਰਾ ਪਸ਼ੂਆਂ ਨੇ ਤਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ। ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤੇ ਲੋਕਾਂ ਲਈ ਸਿਰਦਰਦੀ ਬਣਦੇ ਜਾ ਰਹੇ ਹਨ।ਹੈਰਾਨੀ ਵਾਲੀ ਗੱਲ ਹੈ ਕਿ ਅੱਜ ਅਸੀਂ  76ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ । ਵਿਚਾਰ ਕਰਨ ਵਾਲੇ ਮੁੱਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“26 ਜਨਵਰੀ, ਸੰਵਿਧਾਨ ਅਤੇ ਬਾਬਾ ਸਾਹਿਬ”
Next articleਮਸਾਣੀ ਵਿਖੇ ‘ਰਾਸ਼ਟਰੀ ਵੋਟਰ ਦਿਵਸ’ ਮਨਾਇਆ