ਚੱਬੇਵਾਲ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਵਿਧਾਨ ਸਭਾ ਹਲਕਾ ਚੱਬੇਵਾਲ ਦੇ ਸਰਕਾਰੀ ਸਕੂਲਾਂ ਨੂੰ ਰੋਲ ਮਾਡਲ ਵਜੋਂ ਵਿਕਸਤ ਕਰਨ ਦੇ ਮੰਤਵ ਨਾਲ ਹਲਕਾ ਵਿਧਾਇਕ ਡਾ: ਇਸ਼ਾਂਕ ਕੁਮਾਰ ਨੇ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਰੱਖ-ਰਖਾਅ ਅਤੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ |ਇਹ ਕੰਮ ਕੁੱਲ 75.13 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਜਾਣਗੇ।ਇਸ ਮੌਕੇ ਡਾ. ਇਸ਼ਾਂਕ ਕੁਮਾਰ ਨੇ ਕਿਹਾ, “ਸਿੱਖਿਆ ਸਮਾਜ ਦੀ ਤਰੱਕੀ ਦੀ ਨੀਂਹ ਹੈ ਅਤੇ ਮੇਰਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਛਰਵਾਲ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਲਈ 46.84 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ । ਇਹ ਕੰਮ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਅਤੇ ਸੁਰੱਖਿਅਤ ਕਰਨ ਵੱਲ ਇੱਕ ਵੱਡਾ ਕਦਮ ਹੈ। ਸਰਕਾਰੀ ਹਾਈ ਸਕੂਲ, ਸਰਹਾਲਾ ਕਲਾਂ ਦੀ ਮੁਰੰਮਤ ਲਈ 5.35 ਲੱਖ ਰੁਪਏ ਦੀ ਰਾਸ਼ੀ ਅਤੇ ਪ੍ਰਾਇਮਰੀ ਸਕੂਲ ਭਾਮ ਦੀ ਚਾਰਦੀਵਾਰੀ ਦੀ ਉਸਾਰੀ ਲਈ ਵੀ 5.35 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ। ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਦੀ ਮੁਰੰਮਤ ਦੇ ਕੰਮ ਲਈ 10 ਲੱਖ ਰੁਪਏ ਦਾ ਉਪਬੰਧ ਕੀਤਾ ਗਿਆ ਹੈ ਜਦਕਿ ਪ੍ਰਾਇਮਰੀ ਸਕੂਲ ਮੋਨਾ ਖੁਰਦ ਵਿੱਚ 6 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਚਾਰਦੀਵਾਰੀ ਅਤੇ 1.59 ਲੱਖ ਰੁਪਏ ਦੀ ਲਾਗਤ ਨਾਲ ਵਿਦਿਆਰਥਣਾਂ ਲਈ ਨਵਾਂ ਟਾਇਲਟ ਬਣਾਇਆ ਜਾਵੇਗਾ। ਮੋਨਾ ਖੁਰਦ ਸਕੂਲ ’ਤੇ ਕੁੱਲ 7.59 ਲੱਖ ਰੁਪਏ ਖਰਚ ਕੀਤੇ ਜਾਣਗੇ। ਡਾ: ਇਸ਼ਾਂਕ ਕੁਮਾਰ ਨੇ ਕਿਹਾ ਕਿ ਚੱਬੇਵਾਲ ਇਲਾਕੇ ਦੇ ਸਰਕਾਰੀ ਸਕੂਲਾਂ ਨੂੰ ਅਜਿਹੀਆਂ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਉਹ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਲੈਵਲ ‘ਤੇ ਆ ਸਕਣ। ਉਨ੍ਹਾਂ ਦਾ ਉਦੇਸ਼ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਧੀਆ ਸਿੱਖਿਆ ਵਧੀਆ ਵਾਤਾਵਰਨ ਵਿਚ ਪ੍ਰਾਪਤ ਕਰ ਸਕਣ। ਇਹ ਵਿਕਾਸ ਕਾਰਜ ਇਲਾਕੇ ਦੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਵਧੀਆ ਭਵਿੱਖ ਪ੍ਰਦਾਨ ਕਰਨ ਲਈ ਇੱਕ ਅਹਿਮ ਉਪਰਾਲਾ ਹੈ। ਡਾ: ਇਸ਼ਾਂਕ ਨੇ ਅੰਤ ਵਿਚ ਕਿਹਾ, “ਇਹ ਸ਼ੁਰੂਆਤ ਹੈ, ਅਤੇ ਆਉਣ ਵਾਲੇ ਸਮੇਂ ਵਿੱਚ, ਮੇਰੇ ਯਤਨ ਖੇਤਰ ਦੇ ਹਰ ਸਕੂਲ ਅਤੇ ਹਰ ਵਿਦਿਆਰਥੀ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਜਾਰੀ ਰਹਿਣਗੇ।”ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਲਲਿਤਾ ਅਰੋੜਾ ਨੇ ਡਾ: ਇਸ਼ਾਂਕ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਵਿਧਾਇਕ ਬਣਦਿਆਂ ਹੀ ਇਸ ਤਰ੍ਹਾਂ ਸਕੂਲਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਗਰਾਂਟਾਂ ਜਾਰੀ ਕਰਨ ਨਾਲ ਸਮੂਹ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅਧਿਆਪਕ ਅਤੇ ਵਿਦਿਆਰਥੀ ਆਪਣੇ ਸਕੂਲਾਂ ਵਿੱਚ ਦੋਹਰੇ ਉਤਸ਼ਾਹ ਨਾਲ ਪੜ੍ਹਨ-ਪੜ੍ਹਾਉਣ ਅਤੇ ਚੰਗੇ ਨਤੀਜੇ ਦੇਣ ਲਈ ਤਿਆਰ ਹਨ। ਇਨ੍ਹਾਂ ਸਕੂਲਾਂ ਵਿੱਚ ਨੀਂਹ ਪੱਥਰ ਰੱਖਣ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਹਰਜਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੁਖਵਿੰਦਰ ਸਿੰਘ, ਜ਼ਿਲ੍ਹਾ ਸਮਾਰਟ ਕਲਾਸਰੂਮ ਕੋਆਰਡੀਨੇਟਰ ਸਤੀਸ਼ ਕੁਮਾਰ ਸ਼ਰਮਾ, ਸਰਪੰਚ ਮੋਹਨ ਸਿੰਘ, ਮੁੱਖ ਅਧਿਆਪਕਾ ਕਸ਼ਮੀਰ ਕੌਰ, ਦਲਜੀਤ ਸਿੰਘ ਸਾਬਕਾ ਸਰਪੰਚ ਅਜਨੋਹਾ, ਸਰਪੰਚ ਰਾਜਵਿੰਦਰ ਕੌਰ, ਸਰਪੰਚ ਪਰਵਿੰਦਰ ਸਿੰਘ ਭਾਮ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly