ਅਗਲੇ ਹਫਤੇ ਤੋਂ ਪੂਰੀ ਤਰ੍ਹਾਂ ਕੰਮ ਕਰੇਗੀ ਸਬ-ਤਹਿਸੀਲ ਸ਼ਾਮਚੁਰਾਸੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬ ਸਰਕਾਰ ਵਲੋਂ ਸਥਾਨਕ ਸ਼ਹਿਰ ਅੰਦਰ ਬਣਾਇਆ ਸਬ-ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ ਕਰਦਿਆਂ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਸਬ-ਤਹਿਸੀਲ ਬਨਣ ਨਾਲ ਖੇਤਰ ਦੇ 75 ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਸਹੂਲਤ ਮਿਲੇਗੀ ਜਿਹੜੀ ਕਿ ਹਲਕੇ ਦੇ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਾਮਚੁਰਾਸੀ ਸ਼ਹਿਰ ਅੰਦਰ ਸਬ-ਤਹਿਸੀਲ ਬਣਾਏ ਜਾਣ ਨਾਲ ਲੋਕ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਜਿਵੇਂ ਕਿ ਜਿਸਟਰੀਆਂ, ਫਰਦ, ਜ਼ਮੀਨਾਂ ਦੇ ਇੰਤਕਾਲ, ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ, ਐਫੀਡੈਵਿਟ ਆਦਿ ਇਥੇ ਹੀ ਆਸਾਨੀ ਨਾਲ ਲੈ ਸਕਣਗੇ ਅਤੇ ਉਨ੍ਹਾਂ ਨੂੰ ਇਨ੍ਹਾਂ ਕੰਮਾਂ ਲਈ ਹੁਣ ਹੁਸ਼ਿਆਰਪੁਰ ਨਹੀਂ ਜਾਣਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਲਕਾ ਸ਼ਾਮਚੁਰਾਸੀ ਵਿੱਚ ਰਿਕਾਰਡ ਤੋੜ ਵਿਕਾਸ ਕਰਵਾਇਆ ਗਿਆ ਹੈ ਅਤੇ ਇਹ ਸਬ-ਤਹਿਸੀਲ ਖੇਤਰ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ। ਪਵਨ ਕੁਮਾਰ ਆਦੀਆ ਨੇ ਦੱਸਿਆ ਕਿ ਸਬ-ਤਹਿਸੀਲ ਵਿੱਚ ਲੋੜੀਂਦਾ ਅਮਲਾ-ਫੈਲਾ ਅਤੇ ਬੁਨਿਆਦੀ ਢਾਂਚਾ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਆਉਂਦੇ ਇਕ-ਦੋ ਦਿਨਾਂ ’ਚ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਮੁਹੱਈਆ ਹੋਣੀਆਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸ਼ਾਮਚੁਰਾਸੀ ਹਲਕੇ ਵਿੱਚ ਪੰਜਾਬ ਸਰਕਾਰ ਵਲੋਂ 22 ਕਰੋੜ ਰੁਪਏ ਦੀ ਲਾਗਤ ਨਾਲ 10 ਏਕੜ ਵਿੱਚ ਕਾਲਜ ਦੀ ਉਸਾਰੀ ਕਰਵਾਈ ਜਾ ਰਹੀ ਹੈ ਜੋ ਕਿ ਲਗਭਗ ਅੰਤਮ ਪੜਾਅ ’ਤੇ ਹੈ। ਇਸੇ ਤਰ੍ਹਾਂ ਕਸਬਾ ਹਰਿਆਣਾ ਵਿੱਚ 23 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ਼ ਪ੍ਰਾਜੈਕਟ ਵੀ ਲਿਆਂਦਾ ਗਿਆ ਹੈ ਜਿਸ ਨਾਲ ਲੋਕਾਂ ਦੀ ਬਹੁਤ ਵੱਡੀ ਮੰਗ ਪ੍ਰਵਾਨ ਹੋਈ ਹੈ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸਬ-ਤਹਿਸੀਲ ਵਿੱਚ ਫਿਲਹਾਲ ਨਾਇਬ ਤਹਿਸੀਲਦਾਰ ਭੂੰਗਾ ਨੂੰ ਤਾਇਨਾਤ ਕਰਨ ਤੋਂ ਇਲਾਵਾ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਅਗਲੇ ਹਫ਼ਤੇ ਤੋਂ ਨਿਰਧਾਰਤ ਦਿਨਾਂ ਦੌਰਾਨ ਲੋਕਾਂ ਦੇ ਕੰਮਾਂ ਲਈ ਸਬ-ਤਹਿਸੀਲ ਪੂਰੀ ਤਰ੍ਹਾਂ ਕੰਮ ਕਰ ਸਕੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਖੇਤਰ ਦੇ ਵਸਨੀਕਾਂ ਦੇ ਵੱਧ ਤੋਂ ਵੱਧ ਕੰਮ ਇਥੇ ਹੋ ਸਕਣ। ਸਬ-ਤਹਿਸੀਲ ਦੀ ਸ਼ੁਰੂਆਤ ਉਪਰੰਤ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਕੀਤੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਪ੍ਰਤੀ ਸੁਹਿਰਦ ਹੁੰਦਿਆਂ ਕਾਲੇ ਖੇਤੀ ਕਾਨੂੰਨ ਵਾਪਸ ਲੈ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ ਕਿਉਂਕਿ ਦੇਸ਼ ਦਾ ਹਰ ਇਕ ਵਰਗ ਕਿਸਾਨੀ ’ਤੇ ਨਿਰਭਰ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਹੁਸ਼ਿਆਰਪੁਰ ਅਮਿਤ ਮਹਾਜਨ, ਚੇਅਰਮੈਨ ਮਾਰਕੀਟ ਕਮੇਟੀ ਰਾਜੇਸ਼ ਗੁਪਤਾ, ਜ਼ਿਲ੍ਹਾ ਮਾਲ ਅਫ਼ਸਰ ਅਮਨ ਪਾਲ ਸਿੰਘ, ਤਹਿਸੀਲਦਾਰ ਹਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ, ਬਾਬਾ ਪ੍ਰਿਥੀ ਸਿੰਘ ਬਾਲੀ, ਕੌਂਸਲਰ ਹਰਭਜਨ ਕੌਰ, ਨਿਰਮਲ ਕੁਮਾਰ, ਕੁਲਜੀਤ ਸਿੰਘ, ਬਲਵਿੰਦਰ ਕੌਰ, ਨਿਤੂ ਰਾਣੀ ਆਦਿ ਹਾਜ਼ਰ ਸਨ।