ਨਵੀਂ ਦਿੱਲੀ (ਸਮਾਜ ਵੀਕਲੀ) : ਯੂਕਰੇਨ ਦੇ ਗੁਆਂਢੀ ਮੁਲਕਾਂ ਰੋਮਾਨੀਆ ਅਤੇ ਹੰਗਰੀ ਤੋਂ ਅੱਜ ਤਿੰਨ ਉਡਾਣਾਂ ਰਾਹੀਂ 616 ਭਾਰਤੀ ਨਾਗਰਿਕ ਵਤਨ ਪਰਤ ਆਏ ਹਨ। ਦੋ ਉਡਾਣਾਂ ‘ਇੰਡੀਗੋ’ ਤੇ ਇਕ ਟਾਟਾ ਗਰੁੱਪ ਦੀ ਮਾਲਕੀ ਵਾਲੀ ‘ਏਅਰ ਇੰਡੀਆ ਐਕਸਪ੍ਰੈੱਸ’ ਨੇ ਭੇਜੀਆਂ ਸਨ। ਪ੍ਰਾਈਵੇਟ ਏਅਰਲਾਈਨਾਂ ਹੁਣ ਤੱਕ ਨੌਂ ਵਿਸ਼ੇਸ਼ ਉਡਾਣਾਂ ਰਾਹੀਂ 2,012 ਨਾਗਰਿਕਾਂ ਨੂੰ ਭਾਰਤ ਲਿਆ ਚੁੱਕੀਆਂ ਹਨ। ਏਅਰ ਇੰਡੀਆ ਦਾ ਇਕ ਜਹਾਜ਼ ਅੱਜ 182 ਨਾਗਰਿਕਾਂ ਨੂੰ ਲੈ ਕੇ ਬੁਖਾਰੈਸਟ (ਰੋਮਾਨੀਆ) ਤੋਂ ਮੁੰਬਈ ਵਾਇਆ ਕੁਵੈਤ ਪਰਤਿਆ ਹੈ। ਇੰਡੀਗੋ ਦੀ ਇਕ ਉਡਾਣ ਬੁਡਾਪੈਸਟ (ਹੰਗਰੀ) ਤੋਂ 216 ਜਣਿਆਂ ਨੂੰ ਲੈ ਕੇ ਵਾਇਆ ਤੁਰਕੀ ਦਿੱਲੀ ਆਈ ਹੈ। ਏਅਰਲਾਈਨ ਦੀ ਇਕ ਹੋਰ ਉਡਾਣ 218 ਨਾਗਰਿਕਾਂ ਨਾਲ ਬੁਖਾਰੈਸਟ ਤੋਂ ਦਿੱਲੀ ਆਈ ਹੈ।
ਇੰਡੀਗੋ ਨੇ ਦੋ ਜਹਾਜ਼ ਹੰਗਰੀ ਤੇ ਦੋ ਪੋਲੈਂਡ ਭੇਜੇ ਸਨ। ਸਪਾਈਸਜੈੱਟ ਨੇ ਵੀ ਇਕ ਉਡਾਣ ਅੱਜ ਸਲੋਵਾਕੀਆ ਭੇਜੀ ਹੈ। ਜ਼ਿਆਦਾਤਰ ਭਾਰਤੀ ਸੜਕੀ ਰਸਤੇ ਯੂਕਰੇਨ ਦੀਆਂ ਹੱਦਾਂ ਪਾਰ ਕਰ ਕੇ ਗੁਆਂਢੀ ਮੁਲਕਾਂ ਰੋਮਾਨੀਆ, ਹੰਗਰੀ, ਸਲੋਵਾਕੀਆ, ਪੋਲੈਂਡ ਵਿਚ ਦਾਖਲ ਹੋ ਰਹੇ ਹਨ ਜਿੱਥੋਂ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀ ਵੱਖ-ਵੱਖ ਹਵਾਈ ਅੱਡਿਆਂ ਤੋਂ ਮੁਲਕ ਵਾਪਸ ਭੇਜ ਰਹੇ ਹਨ। ਜ਼ਿਕਰਯੋਗ ਹੈ ਕਿ ਯੂਕਰੇਨ ਵਿਚਲੇ ਭਾਰਤੀ ਦੂਤਾਵਾਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਅੱਜ ਜਲਦੀ ਤੋਂ ਜਲਦੀ ਰਾਜਧਾਨੀ ਕੀਵ ਛੱਡਣ ਲਈ ਕਹਿ ਦਿੱਤਾ ਹੈ। ਮੇਘਾਲਿਆ ਦੇ 11 ਵਿਦਿਆਰਥੀ ਅੱਜ ਇਕ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਪਰਤੇ ਹਨ। ਉੱਤਰ-ਪੂਰਬੀ ਰਾਜਾਂ ਦੇ ਹੁਣ ਤੱਕ 12 ਵਿਦਿਆਰਥੀ ਸੁਰੱਖਿਅਤ ਯੂਕਰੇਨ ਤੋਂ ਪਰਤ ਆਏ ਹਨ। ਸੂਬੇ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਨੇ ਦੱਸਿਆ ਕਿ ਹਾਲੇ ਵੀ ਰਾਜ ਦੇ ਕਈ ਵਿਦਿਆਰਥੀ ਯੂਕਰੇਨ ਵਿਚ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly