500 ਰੁਪਏ ਦਾ ਗੁਪਤ ਦਾਨ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਮਿਤੀ 30 ਮਾਰਚ 2016 ਨੂੰ ਮੈਂ ਆਪਣੇ ਵਿਦਿਆਰਥੀ ਦੋਸਤ ਪਰਜੇਸ਼ ਸਣੇ, ‘ਪੰਜਾਬੀ ਸਾਹਿਤ ਯੁਵਾ ਉਸਤਵ’ ਵਿੱਚ ਭਾਗ ਲੈ ਕੇ ਅੰਮ੍ਰਿਤਸਰ ਤੋਂ ਆਪਣੀ ਕਾਰ ਵਿੱਚ ਵਾਪਸ ਪਟਿਆਲਾ ਵੱਲ੍ਹ ਨੂੰ ਆ ਰਿਹਾ ਸਾਂ। ਛਿਪ ਰਹੇ ਦਿਨ ਕਾਰਨ ਪੱਸਰ ਰਿਹਾ ਹਨੇਰਾ, ਅਪ ਡਾਊਨ ਕਾਰਨ ਲਾਂਗ ਡਰਾਈਵ, ਥਾਂ ਥਾਂ ਲੱਗੇ ਲੰਮੇ ਲੰਮੇ ਜਾਮ, ਅੱਤ ਦਾ ਟ੍ਰੈਫ਼ਿਕ, ਸੜਕ ਨਿਰਮਾਣ ਲਈ ਥਾਂ ਥਾਂ ‘ਤੇ ਪੱਟ-ਪਟਈਆ, ਵਾਰ ਫਲਾਈ ਓਵਰ ‘ਤੇ ਉਤਰਨ ਚੜ੍ਹਨ ਦਾ ਟੰਟਾ, ਲੋਕਾਂ ਦੀ ਬੇਹੂਦਗੀ ਭਰੀ ਡਰਾਈਵਿੰਗ ਤੇ ਹੋਰ ਖਾਸੇ ਕੁਛ ਤੋਂ ਕਾਣਤੇ ਜਿਹੇ ਵਾਪਸ ਪਰਤ ਆ ਰਹੇ ਸਾਂ।

ਅਸੀਂ ਜਲੰਧਰ ਟਰੈਫ਼ਿਕ ਬੱਤੀਆਂ ਕੋਲ਼ ਪਹੁੰਚ ਗਏ। ਇਨ੍ਹਾਂ ਬੱਤੀਆਂ ਤੋਂ ਖੱਬੇ ਪਾਸੇ ਵੱਲ੍ਹ ਮੁੜ ਕੇ ਪਟਿਆਲ਼ਾ ਵਾਲ਼ੀ ਸੜਕ ‘ਤੇ ਚੜ੍ਹ ਜਾਣਾ ਸੀ। ਅਸੀਂ ਬੱਤੀਆਂ ਕੋਲ਼ ਆ ਕੇ ਰੁਕ ਗਏ ਕਿਉਂਕਿ ਬੱਤੀ ਲਾਲ ਸੀ। ਬੱਤੀ ਹਰੀ ਹੋਣ ਤੋਂ ਪਹਿਲਾਂ ਹੀ ਇੱਕ ਟਰੈਫਿਕ ਪੁਲਿਸ ਵਾਲ਼ਾ ਸਾਡੇ ਕੋਲ਼ ਆਇਆ ਤੇ ਸਾਨੂੰ ਕਹਿੰਦਾ, “ਹਰੀ ਬੱਤੀ ਹੋਣ ਤੋਂ ਬਾਅਦ ਗੱਡੀ ਮੋੜ ਕੇ ਸਾਈਡ ‘ਤੇ ਲਾ ਲਿਓ।”

ਮੈਂ ਇੰਝ ਹੀ ਕੀਤਾ। ਬੱਤੀ ਹਰੀ ਹੋਈ, ਮੈਂ ਕਾਰ ਖੱਬੇ ਪਾਸੇ ਵੱਲ੍ਹ ਮੋੜੀ, ਪਟਿਆਲ਼ਾ ਰੋਡ ‘ਤੇ ਚੜ੍ਹਾ ਕੇ ਕਾਰ ਸਾਈਡ ‘ਤੇ ਲਗਾ ਲਈ।

ਟਰੈਫ਼ਿਕ ਪੁਲਿਸ ਵਾਲ਼ਾ ਸਾਡੇ ਨੇੜੇ ਆ ਗਿਆ। ਉਸ ਨੇ ਪਹਿਲਾਂ ਤੁਰ–ਫਿਰ ਕੇ ਚਾਰੇ ਪਾਸਿਓਂ ਗੱਡੀ ਦਾ ਮੁਆਇਨਾ ਕੀਤਾ। ਸ਼ਾਇਦ ਕੋਈ ਫਾਲਟ ਭਾਲ਼ ਰਿਹਾ ਸੀ, ਜਿਹੜਾ ਕਿ ਉਸ ਨੂੰ ਨਹੀਂ ਲੱਭਾ। ਮੈਂ ਅੰਦਰ ਬੈਠੇ ਬੈਠੇ ਹੀ ਉਸ ਨੂੰ ਪੁੱਛ ਲਿਆ :

“ਹਾਂ ਜੀ ਸਰ ਦੱਸੋ ?” ਮੈਂ ਪੂਰੇ ਆਤਮ–ਵਿਸ਼ਵਾਸ ਨਾਲ਼ ਕਿਹਾ ਕਿਉਂਕਿ ਮੇਰੇ ਕੋਲ਼ ਮੇਰੇ ਵਹੀਕਲਾਂ ਦੇ ਸਾਰੇ ਕਾਗ਼ਜ਼ (ਲਾਇਸੰਸ, ਆਰ.ਸੀ., ਪ੍ਰਦੂਸ਼ਣ ਸਰਟੀਫ਼ਿਕੇਟ ਤੇ ਬੀਮਾ ਆਦਿ) ਸਦਾ ਹੀ ਪੂਰੇ ਹੁੰਦੇ ਹਨ।  ਟਰੈਫ਼ਿਕ ਵਾਲ਼ਾ ਬੋਲਿਆ, “ਗੱਡੀ ਤੋਂ ਬਾਹਰ ਆਓ ਤੇ ਗੱਡੀ ਦੇ ਸਾਰੇ ਕਾਗ਼ਜ਼ ਦਿਖਾਓ।”

ਮੈਂ ਸੀਟ ਬੈਲਟ ਖੋਲ੍ਹੀ ਤੇ ਗੱਡੀ ਤੋਂ ਬਾਹਰ ਆ ਖੜ੍ਹਿਆ। ਮੈਂ ਸਭ ਤੋਂ ਪਹਿਲਾਂ ਆਪਣੇ ਪਰਸ ਵਿੱਚੋਂ ਲਾਇਸੰਸ ਕੱਢਿਆ ਤੇ ਉਸ ਨੂੰ ਫੜਾ ਦਿੱਤਾ। ਪਰਜੇਸ਼ ਨੂੰ ਗੱਡੀ ਦੇ ਬਾਕੀ ਕਾਗ਼ਜ਼ ਕੱਢ ਕੇ ਫੜਾਉਣ ਨੂੰ ਕਿਹਾ। ਜਿੰਨੀ ਦੇਰ ਵਿੱਚ ਪਰਜੇਸ਼ ਨੇ ਗੱਡੀ ਦੇ ਬਾਕੀ ਸਾਰੇ ਕਾਗ਼ਜ਼ ਕੱਢ ਕੇ ਫੜਾਏ ਓਨੀ ਦੇਰ ਤੱਕ ਉਹ ਟਰੈਫ਼ਿਕ ਪੁਲਸ ਵਾਲ਼ਾ ਮੇਰਾ ਲਾਇਸੰਸ ਲੈ ਕੇ ਬੱਤੀਆਂ ਕਿਨਾਰੇ ਬਣੇ ਬੂਥ ਵੱਲ੍ਹ ਨੂੰ ਤੁਰ ਗਿਆ ਸੀ। ਮੈਂ ਗੱਡੀ ਦੇ ਬਾਕੀ ਕਾਗ਼ਜ਼ ਲੈ ਕੇ ਉਹਦੇ ਪਿੱਛੇ ਪਿੱਛੇ ਬੂਥ ਵੱਲ੍ਹ ਨੂੰ ਤੁਰ ਗਿਆ।

ਮੈਂ ਗੱਡੀ ਦੇ ਸਾਰੇ ਕਾਗ਼ਜ਼ ਉਹਨੂੰ ਚੈੱਕ ਕਰਵਾਏ। ਉਹਨੇ ਗੱਡੀ ਦੀ ਆਰ.ਸੀ. ਆਪਣੇ ਕੋਲ਼ ਰੱਖ ਕੇ ਬਾਕੀ ਸਾਰੇ ਕਾਗ਼ਜ਼ ਮੈਨੂੰ ਵਾਪਸ ਕਰਦਿਆਂ ਕਿਹਾ, “ਗੱਡੀ ਦਾ ਚਲਾਨ ਹੋਊਗਾ ?”

“ਕਿਉਂ ਜੀ ?” ਮੈਂ ਹੈਰਾਨੀ ਤੇ ਪਰੇਸ਼ਾਨੀ ਨਾਲ਼ ਪੁੱਛਿਆ।

“ਜਦੋਂ ਤੁਸੀਂ ਬੱਤੀਆਂ ਉੱਤੇ ਲਿਆ ਕੇ ਗੱਡੀ ਖੜ੍ਹਾਈ ਤਾਂ ਤੁਹਾਡੀ ਗੱਡੀ ਗ਼ਲਤ ਲੇਨ ਵਿੱਚ ਖੜ੍ਹੀ ਸੀ। ਤੁਸੀਂ ਖੱਬੇ ਪਾਸੇ ਮੁੜਨਾ ਸੀ ਤਾਂ ਤੁਹਾਡੀ ਗੱਡੀ ਖੱਬੇ ਪਾਸੇ ਵਾਲ਼ੀ ਸਭ ਤੋਂ ਆਖ਼ਰੀ ਲੇਨ ਵਿੱਚ ਹੋਣੀ ਚਾਹੀਦੀ ਸੀ ਪਰ ਤੁਹਾਡੀ ਗੱਡੀ ਤਾਂ ਉਸ ਤੋਂ ਅਗਲੀ ਲੇਨ ਵਿੱਚ ਖੜ੍ਹੀ ਸੀ।

ਤੁਹਾਡੀ ਇਸ ਲਾਹਪ੍ਰਵਾਹੀ ਕਰਕੇ ਟ੍ਰੈਫ਼ਿਕ ਜਾਮ ਹੋ ਸਕਦਾ ਸੀ, ਕੋਈ ਵੱਡਾ ਹਾਦਸਾ ਹੋ ਸਕਦਾ ਸੀ (ਸੀ…. ਭਾਵ ਹੋਇਆ ਨਹੀਂ ਹੈ।), ਇਸ ਕਰ ਕੇ ਚਲਾਨ ਹੋਊਗਾ।” ਟਰੈਫ਼ਿਕ ਪੁਲਿਸ ਵਾਲ਼ੇ ਨੇ ਸਾਰੀ ਵਾਰਤਾ ਸੁਣਾ ਦਿੱਤੀ।

ਮੈਂ ਬੂਥ ਤੋਂ ਥੋੜ੍ਹਾ ਪਰ੍ਹਾਂ ਹੋ ਕੇ ਬੱਤੀਆਂ ਵਾਲ਼ੇ ਪਾਸੇ ਨਿਗ੍ਹਾ ਮਾਰੀ, ਜਿਸ ਲੇਨ ਵਿੱਚ ਪਹਿਲੋਂ ਸਾਡੀ ਗੱਡੀ ਖੜ੍ਹੀ ਸੀ। ਹੈਰਾਨੀ ਵਾਲ਼ੀ ਗੱਲ ਹੈ ਕਿ ਓਥੇ ਲੇਨ ਨੂੰ ਦਰਸਾਉਣ ਵਾਲ਼ੀਆਂ ਚਿੱਟੀਆਂ ਲਾਈਨਾਂ ਵਾਹੀਆਂ ਹੀ ਨਹੀਂ ਹੋਈਆਂ ਸਨ।

ਮੈਂ ਆਪਣਾ ਇਤਰਾਜ਼ ਦਰਜ ਕੀਤਾ, “ਜਨਾਬ ਇੱਥੇ ਤਾਂ ਕੋਈ ਲੇਨ ਲਈ ਲਾਈਨ ਹੀ ਨਹੀਂ ਬਣੀਆਂ ਹੋਈਆਂ (ਭਾਵ ਚਿੱਟੀਆਂ ਪੱਟੀਆਂ ਵਾਲ਼ੀਆਂ ਲਾਈਨਾਂ)।”

ਟਰੈਫ਼ਿਕ ਵਾਲ਼ੇ ਨੇ ਰਤਾ ਕੁ ਰੁੱਖਾ ਜਿਹਾ ਹੋ ਕੇ ਕਿਹਾ, “ਇਹ ਤਾਂ ਸਭ ਨੂੰ ਈ ਪਤਾ ਹੈ ਕਿ ਜੇ ਖੱਬੇ ਪਾਸੇ ਮੁੜਨਾ ਹੋਵੇ ਤਾਂ ਗੱਡੀ ਖੱਬੇ ਪਾਸੇ ਵੱਲ੍ਹ ਖੜ੍ਹਾਈ ਜਾਂਦੀ ਐ।”

ਮੈਂ ਅਰਜ਼ ਕੀਤੀ, “ਜਨਾਬ ਮੈਂ ਲੋਕਲ ਨਹੀਂ ਹਾਂ, ਮੈਂ ਬਾਹਰੋਂ ਹਾਂ, ਪਟਿਆਲ਼ਾ ਤੋਂ। ਮੈਨੂੰ ਕਨਫ਼ਰਮ ਨਹੀਂ ਸੀ ਕਿ ਇਸੇ ਬੱਤੀਆਂ ਤੋਂ ਖੱਬੇ ਮੁੜਨਾ ਹੈ ਜਾਂ ਅਗਲੀਆਂ ਤੋਂ… !! ਇਸ ਲਈ ਮੈਂ ਗੱਡੀ ਇੱਕ ਲਾਈਨ ਪਰ੍ਹਾਂ ਖੜ੍ਹਾ ਲਈ। ਇਸ ਲਈ ਮੁਆਫ਼ੀ ਦਿਓ।”

“ਮਾਫ਼ੀ ਕਾਹਦੀ, ਗਲਤੀ ਕੀਤੀ ਐ ਤਾਂ ਭੁਗਤੋ…।” ਹੁਣ ਟਰੈਫ਼ਿਕ ਵਾਲ਼ਾ ਅਸਲੀ ਪੁਲਸੀਆ ਰੰਗ ਵਿੱਚ ਆ ਗਿਆ ਸੀ।

‘ਮੈਨੂੰ ਨਹੀਂ ਪਤਾ ਬਿਨਾਂ ਲਾਈਨ ਤੋਂ ਆਪਣੀ ਲੇਨ ਕਿਵੇਂ ਲੱਭੀਦੀ ਹੈ !!’ ਪਰ ਇਹ ਗੱਲ ਇੱਥੇ ਕਰਨ ਦਾ ਕੋਈ ਅਰਥ ਨਹੀਂ ਸੀ। ਇੱਥੇ ਤਾਂ ਹੋਰ ਤਰ੍ਹਾਂ ਦੀਆਂ ਹੀ ਗੱਲਾਂ ਹੋ ਸਕਦੀਆਂ ਸਨ।

ਟਰੈਫ਼ਿਕ ਪੁਲਸ ਵਾਲ਼ੇ ਨੇ ਚਲਾਨ ਬੁੱਕ ਚੁੱਕੀ ਤੇ ਉਹਦੇ ਕਾਰਬਨ ਜਿਹੇ ਚੁੱਕ ਕੇ ਦੁਬਾਰਾ ਕਾਗ਼ਜ਼ਾਂ ਵਿੱਚ ਜੜਦਾ ਹੋਇਆ ਬੋਲਿਆ, “ਚਲਾਨ ਹੋਵੇਗਾ, ਹੋਰ ਕੋਈ ਹੱਲ ਨਹੀਂ…. ਇੱਕ 300 ਦਾ ਏ, ਜੇ ਮੌਕੇ ‘ਤੇ ਭੁਗਤਣੈ ਤਾਂ 1000 ਦਾ।”

ਮੈਂ ਇੱਕ ਆਮ ਜਿਹਾ ਸਧਾਰਨ, ਇਮਾਨਦਾਰ ਬੰਦਾ ਹਾਂ ਇਸ ਲਈ ਮੇਰੀ ਕਿਸੇ ਵੀ ਅਜਿਹੇ ਨਾਲ਼ ਜਾਣ–ਪਛਾਣ ਨਹੀਂ ਜਿਸ ਨਾਲ਼ ਮੈਂ ਫ਼ੋਨ ‘ਤੇ ਗੱਲ ਕਰ ਸਕਾਂ ਤੇ ਫੇਰ ਫੋਨ ਟਰੈਫ਼ਿਕ ਵਾਲ਼ੇ ਦੇ ਕੰਨ ਨੂੰ ਲਾ ਸਕਾਂ। ਸੋ ਮੈਂ ਤਾਂ ਇੰਨਾ ਹੀ ਕਹਿ ਸਕਿਆ, “ਬਿਨਾਂ ਚਲਾਨ ਤੋਂ ਕਿੰਨੇ ‘ਚ ਜਾਨ ਛੱਡੋਂਗੇ ਜਨਾਬ ?”

ਉਹ ਤੁਰਤ ਕਿਹਾ, “500 ਰੁਪਏ।”

ਮੈਂ ਬਿਨਾਂ ਕਿਸੇ ਤੋਲ–ਮੋਲ ਦੇ 500 ਦਾ ਨੋਟ ਕੱਢ ਕੇ ਫੜਾਇਆ। ਉਹਦੇ ਤੋਂ ਆਰ.ਸੀ. ਫੜੀ। ਗੱਡੀ ਵਿੱਚ ਆ ਬੈਠਿਆ। ਆਰ.ਸੀ.

ਪਰਜੇਸ਼ ਨੂੰ ਫੜਾਈ, ਸੀਟ ਬੈਲਟ ਲਾਈ ਤੇ ਗੱਡੀ ਪਟਿਆਲ਼ੇ ਵੱਲ੍ਹ ਨੂੰ ਤੋਰ ਲਈ।

ਕਿੰਨੀ ਹੀ ਦੇਰ ਗੱਡੀ ਵਿੱਚ ਖ਼ਾਮੋਸ਼ੀ ਰਹੀ। ਉਹ ਖ਼ਾਮੋਸ਼ੀ ਪਰਜੇਸ਼ ਨੇ ਤੋੜੀ। ਪਰਜੇਸ਼ ਮੇਰੇ ਨਾਲ਼ ਔਖਾ ਜਿਹਾ ਹੁੰਦਾ ਬੋਲਿਆ, “ਤੁਸੀਂ ਹੀ ਸਭ ਤੋਂ ਜ਼ਿਆਦਾ ਟ੍ਰੈਫ਼ਿਕ ਨਿਅਮਾਂ ਦੀ ਪਾਲਣਾ ਕਰਦੇ ਓਂ, ਹੋਰਾਂ ਨੂੰ ਵੀ ਵੱਡੇ ਵੱਡੇ ਲੈਕਚਰ ਦਿੰਨੇ ਓਂ…. ਸਾਰੇ ਵਹੀਕਲਾਂ ਦੇ ਕਾਗਜ਼ ਪੂਰੇ ਰਖਦੇ ਓਂ, ਕਾਰ ‘ਚ ਆਪ ਸੀਟ ਬੈਲਟ ਲਾਉਨੇ ਓਂ, ਨਾਲ਼ ਦੀ ਸਵਾਰੀ ਨੂੰ ਵੀ ਲਵਾਉਨੇ ਓਂ। ਮੋਟਰਸਾਈਕਲ ਤੁਸੀਂ ਕਦੇ ਬਿਨਾਂ ਹੈਲਮਟ ਤੋਂ ਨਹੀਂ ਚਲਾਇਆ। ਲਿਮਟਿਡ ਸਪੀਡ ‘ਚ ਡਰਾਈਵਿੰਗ ਕਰਦੇ ਓਂ….!!! ਕੀ ਫਾਇਦਾ ਇੰਨਾ ਸਭ ਕੁਝ ਕਰਨ ਦਾ…. ਜੇ ਟਰੈਫ਼ਿਕ ਵਾਲ਼ਿਆਂ ਨੂੰ ਪੈਸੇ ਵੀ ਪੂਜਣੇ ਨੇ ਤਾਂ !!”

ਹਾਲਾਂਕਿ ਆਪਣੇ ਹੱਕ–ਹਲਾਲ ਦੀ ਕਮਾਈ ਦੇ 500 ਰੁਪਈਏ ਭ੍ਰਿਸ਼ਟ ਪੁਲਸੀਏ ਨੂੰ ਪੂਜ ਕੇ ਮੈਂ ਧੁਰ ਅੰਦਰ ਤੱਕ ਦੁਖੀ ਸਾਂ ਪਰ ਮੈਂ ਇਸ ਨੂੰ ਲਕੋਈ ਰੱਖਿਆ ਤੇ ਕਿਹਾ, “ਪਰਜੇਸ਼, ਇਹ ਸਾਰਾ ਕੁਝ ਮੇਰੀ ਆਪਣੀ ਸੇਫ਼ਟੀ ਲਈ ਹੈ, ਨਾ ਕਿ ਚਲਾਨ ਤੋਂ ਬਚਣ ਦਾ ਹੀਲੈ…!”

ਪਰਜੇਸ਼ ਤਪਿਆ ਹੋਇਆ ਸੀ, “ਤੇ ਜਿਹੜਾ 500 ਗਿਆ ਉਹ ??”

“ਤੂੰ ਔਖਾ ਨਾ ਹੋ, ਚੱਲ ਆਪਾਂ ਯਰ ਐਂ ਸੋਚਲਾਂਗੇ ਕਿ ਬਿਨਾਂ ਪਰਚੀ ਤੋਂ 500 ਰੁਪਈਏ ਦਾ ਗੁਪਤ ਦਾਨ ਕਰਤਾ !!” ਮੈਂ ਸਦਾ ਵਾਂਗ ਆਪਣੀ ਖ਼ੁਸ਼ ਤਬੀਅਤ ਜ਼ਾਹਰ ਕਰਦਿਆਂ ਕਿਹਾ।

ਉਂਝ ਸੋਚਣ ਵਿਚਾਰਨ ਵਾਲ਼ਾ ਮੁੱਦਾ ਇਹ ਹੈ ਕਿ ਸੜਕਾਂ ਦੇ ਪੱਟ-ਪਟਈਏ ਕਰਕੇ ਜਿਹੜੇ ਮੀਲਾਂ ਲੰਮੇ ਜਾਮ ਲੱਗੇ ਰਹਿੰਦੇ ਨੇ, ਧਰਨੇ-ਹੜਤਾਲਾਂ ਕਰਕੇ ਜਿਹੜਾ ਟ੍ਰੈਫ਼ਿਕ ਰੁਕਦਾ ਹੈ, ਮੰਤਰੀਆਂ-ਸੰਤਰੀਆਂ ਦੇ ਕਾਫ਼ਲਿਆਂ ਕਰਕੇ ਜਿਹੜਾ ਜਨ-ਸਧਾਰਨ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ, ਧਾਰਮਿਕ ਜਲੂਸਾਂ ਤੇ ਫੰਗਸ਼ਨਾਂ ਕਰਕੇ ਜਿਹੜੇ ਰਾਹ ਬਲੌਕ ਕਰ ਦਿੱਤੇ ਜਾਂਦੇ ਨੇ ਕੀ ਕਦੇ ਉਨ੍ਹਾਂ ਦਾ ਵੀ ਚਲਾਨ ਹੋ ਸਕੇਗਾ ? ਜਾਂ ਜਿਹੜੇ ਅਜਿਹੇ ਭ੍ਰਿਸ਼ਟ ਪੁਲਸੀਏ, ਲੀਡਰ, ਪੂੰਜੀਪਤੀ ਨੇ ਕੀ ਕੋਈ ਕਦੇ ਇਨ੍ਹਾਂ ਦਾ ਵੀ ਚਲਾਨ ਕੱਟੇਗਾ !!!
– ਜੈ ਹੋ

ਡਾ. ਸਵਾਮੀ ਸਰਬਜੀਤ
#526, ਵਿੱਦਿਆ ਨਗਰ, ਕਰਹੇੜੀ
ਪਟਿਆਲਾ (147002)
9888403128
[email protected]

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੂੰ ਬ੍ਰਿਟਿਸ਼ ਕੌਂਸਲ ਵੱਲੋਂ ਐਵਾਰਡ
Next article‘Art of Living’ extends help to fight Covid in MP