ਲਖਨਊ (ਸਮਾਜ ਵੀਕਲੀ): ਕਾਂਗਰਸ ਆਗੂ ਪੀ ਚਿਦੰਬਰਮ ਨੇ ਅੱਜ ਲੋਕਾਂ ਨੂੰ ਸੋਚ-ਵਿਚਾਰ ਕੇ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਯੋਗੀ ਆਦਿੱਤਿਆਨਾਥ ਦੇ ਮਾਡਲ ਨੇ ਉੱਤਰ ਪ੍ਰਦੇਸ਼ ਨੂੰ ਹੋਰ ਗਰੀਬ ਕਰ ਦਿੱਤਾ ਹੈ ਤੇ ਸੂਬੇ ਦਾ 40 ਫੀਸਦ ਕਰਜ਼ਾ ਯੋਗੀ ਸਰਕਾਰ ਦੀ ਦੇਣ ਹੈ। ਆਪਣੀ ਪਾਰਟੀ ਲਈ ਪ੍ਰਚਾਰ ਕਰਦਿਆਂ ਚਿਦੰਬਰਮ ਨੇ ਕਿਹਾ, ‘ਕਾਂਗਰਸ ਦਾ ਨਾਅਰਾ ‘ਲੜਕੀ ਹੂੰ ਕਰ ਸਕਤੀ ਹੂੰ’ ਇਨ੍ਹਾਂ ਚੋਣਾਂ ’ਚ ਲਿੰਗਕ ਬਰਾਬਰੀ ਲਈ ਨਵਾਂ ਮੀਲ ਪੱਥਰ ਸਾਬਤ ਹੋਇਆ ਹੈ।’
ਚਿਦੰਬਰਮ ਨੇ ਲੋਕਾਂ ਨੂੰ ਸਵਾਲ ਕੀਤਾ, ‘ਤੁਸੀਂ ਕਿਸ ਲਈ ਵੋਟ ਪਾਓਗੇ?’ ਉਨ੍ਹਾਂ ਕਿਹਾ ਕਿ ਆਦਿੱਤਿਆਨਾਥ ਸਰਕਾਰ ਤਾਨਾਸ਼ਾਹੀ, ਧਾਰਮਿਕ ਨਫ਼ਰਤ ਫੈਲਾਉਣ, ਜਾਤੀ ਵੱਖਰੇਵੇਂ ਪੈਦਾ ਕਰਨ, ਪੁਲੀਸ ਜਬਰ ਤੇ ਜਿਨਸੀ ਹਿੰਸਾ ਫੈਲਾਉਣ ਵਾਲੀ ਸਰਕਾਰ ਹੈ। ਉਨ੍ਹਾਂ ਕਿਹਾ, ‘ਇਸ ਮਾਡਲ ਨੇ ਰਾਜ ਨੂੰ ਹੋਰ ਗਰੀਬ ਕੀਤਾ ਅਤੇ ਯੂਪੀ ਦੇ ਬਹੁਗਿਣਤੀ ਲੋਕਾਂ ਨੂੰ ਗਰੀਬ ਬਣਾਇਆ ਹੈ। ਰਾਜ ’ਤੇ ਇਸ ਸਮੇਂ 6.62 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ।’ ਯੂਪੀ ਦੇ ਲੋਕਾਂ ਨੂੰ ਸਭ ਤੋਂ ਮਿਹਨਤਕਸ਼ ਕਰਾਰ ਦਿੰਦਿਆਂ ਕਾਂਗਰਸ ਆਗੂ ਨੇ ਕਿਹਾ, ‘ਤੁਸੀਂ ਦੇਸ਼ ਨੂੰ ਅੱਠ ਪ੍ਰਧਾਨ ਮੰਤਰੀ ਦਿੱਤੇ ਤੇ ਉਹ ਸਾਰੀਆਂ ਸਨਮਾਨਯੋਗ ਹਸਤੀਆਂ ਹਨ। ਜੇਕਰ ਨਰਿੰਦਰ ਮੋਦੀ ਨੂੰ ਇਸ ’ਚ ਸ਼ਾਮਲ ਕੀਤਾ ਜਾਵੇ ਤਾਂ ਇਹ ਇਸ ਸੂਚੀ ’ਚ ਨੌਵਾਂ ਨਾਮ ਹੋਵੇਗਾ। ਉੱਤਰ ਪ੍ਰਦੇਸ਼ ਗਰੀਬ ਹੈ, ਇੱਥੋਂ ਦੇ ਲੋਕ ਗਰੀਬ ਹਨ ਅਤੇ ਬਹੁਤ ਸਾਰੇ ਆਰਥਿਕ ਮਾਹਿਰਾਂ ਤੇ ਸਮਾਜ ਸ਼ਾਸਤੀਆਂ ਦਾ ਕਹਿਣਾ ਹੈ ਸੂਬਾ ਇਸ ਸਮੇਂ ਆਪਣੇ ਸਭ ਤੋਂ ਮਾੜੇ ਦੌਰ ’ਚੋਂ ਲੰਘ ਰਿਹਾ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly