ਜਰਖੜ ਖੇਡਾਂ ਦੇ 38 ਵਰ੍ਹੇ – ਪੰਜਾਬ ਦੀਆਂ ਪੇਂਡੂ ਖੇਡਾਂ ਦਾ ਮੱਕਾ-ਮਦੀਨਾ ਬਣ ਗਈਆਂ ਹਨ ਜਰਖੜ ਖੇਡਾਂ

ਇਸ ਵਰੇ ਦੀਆਂ ਖੇਡਾਂ 10 ਅਤੇ 11 ਫਰਵਰੀ ਨੂੰ ਜਰਖੜ ਖੇਡਾਂ ‘ਤੇ ਵਿਸ਼ੇਸ਼ ਰਿਪੋਰਟ
ਲੁਧਿਆਣਾ  ਜਰਖੜ ਖੇਡਾਂ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਚੁੱਕੀਆਂ ਜਰਖੜ ਖੇਡਾਂ ਆਪਣੇ 38 ਵਰ੍ਹੇ ਪੂਰੇ ਕਰ ਚੁੱਕੀਆਂ ਹਨ। ਇਸ ਵਰੇ 36ਵੀਆਂ  ਏਵਨ ਸਾਈਕਲ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ  ਖੇਡਾਂ ਇਸ ਵਰ੍ਹੇ 10-11 ਫਰਵਰੀ 2024 ਨੂੰ  6 ਕਰੋਡ਼ ਦੀ ਲਾਗਤ ਨਾਲ ਮਾਤਾ ਸਾਹਿਬ ਕੌਰ ਸਪੋਰਟਸ  ਕੰਪਲੈਕਸ ਜਰਖੜ ਵਿੱਚ ਹੋ ਰਹੀਆਂ ਹਨ ।ਖੇਡਾਂ ਪ੍ਰਤੀ ਸੁਹਿਰਦ ਲੋਕਾਂ, ਸਪਾਂਸਰ ਅਤੇ ਪ੍ਰਵਾਸੀ ਖੇਡ ਪ੍ਰਮੋਟਰਾਂ ਨੂੰ ਇਹ ਲੇਖ ਲਿਖਣ ਤੋਂ ਪਹਿਲਾ ਇੱਕ ਬੇਨਤੀ ਕਰਾਂਗਾ ਕਿ ਜੇਕਰ ਉਹ ਵਾਕਿਆ ਹੀ ਪੰਜਾਬ ਦੀਆਂ ਖੇਡਾਂ ਪ੍ਰਤੀ ਚਿੰਤਤ ਹਨ ,ਤਾਂ ਜਰਖੜ ਖੇਡ ਸਟੇਡੀਅਮ ਦਾ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਉਣ। ਪਿੰਡ ਜਰਖੜ ਲੁਧਿਆਣਾ ਤੋਂ 12 ਕਿਲੋਮੀਟਰ ਦੂਰ ਮਲੇਰਕੋਟਲਾ ਰੋਡ ਨੇੜੇ ਆਲਮਗੀਰ ਸਾਹਿਬ ਨੇੜੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਥਿਤ ਹੈ।
 
2000 ਕੁ ਹਜ਼ਾਰ  ਦੀ ਅਬਾਦੀ ਵਾਲੇ ਇਸ ਪਿੰਡ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਪਹਿਚਾਣ ਪੂਰੀ ਦੁਨੀਆ ਵਿੱਚ ਬਣਾ ਲਈ ਹੈ। ਖੇਡਾਂ ਤੋਂ ਇਲਾਵਾ ਵਿਰਾਸਤ ਨਾਲ ਸੰਬੰਧਿਤ ਇੱਕ ਅਜੂਬਾ “ਜੰਨਤ ਏ ਜਰਖੜ ” ਦਾ ਨਜ਼ਾਰਾ ਵੀ ਵੇਖਣ ਵਾਲਾ ਹੈ।ਗੱਲ ਕਰੀਏ ਜਰਖੜ ਖੇਡਾਂ ਦੀ ਕਿ 1986 ’ਚ 1200 ਰੁਪਏ ਦੇ ਬਜਟ ਨਾਲ ਅਤੇ ਨਿੱਕੇ ਜਿਹੇ ਗਰਾਊਂਡ ‘ਚ ਹੋਈ ਖੇਡਾਂ ਦੀ ਸ਼ੁਰੂਆਤ ਨੇ ਅੱਜ ਪੰਜਾਬ ਦਾ ਹੀ ਨਹੀਂ ਸਗੋਂ ਮੁਲਕ ਦਾ ਇੱਕ ਅਜਿਹਾ ਨਿਵੇਕਲਾ ਸਟੇਡੀਅਮ ਜੋ ਮਾਤਾ ਸਾਹਿਬ ਕੌਰ ਦੇ ਨਾਮ ਤੇ ਹੈ, ਆਪਣੀ ਨਵੀਂ ਬਣਤਰ ਨਾਲ ਪੰਜਾਬ ਦੇ ਪੇਂਡੂ ਖੇਡ ਮੇਲਿਆ ਦਾ ਇੱਕ ਅਜੂਬਾ ਬਣ ਗਿਆ ਹੈ।ਜਰਖੜ ਖੇਡਾਂ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਨ੍ਹਾਂ ਖੇਡਾਂ ‘ਚ ਉਲੰਪਿਕ ਪੱਧਰ ਅਤੇ ਸਕੂਲੀ  ਖੇਡਾਂ ਨੂੰ ਹੀ ਉਤਸ਼ਾਹਿਤ ਕੀਤਾ ਜਾਂਦਾ ਹੈ। ਸਟੇਡੀਅਮ ਵਿਚ ਇੱਕੋਂ ਸਮੇਂ ਬੈਠਿਆਂ ਦਾ 8 ਖੇਡਾਂ ਆਨੰਦ ਮਾਣਿਆ ਜਾ ਸਕਦਾ ਹੈ। ਇਨ੍ਹਾਂ ਖੇਡਾਂ ਵਿੱਚ ਆਮ ਤੌਰ ‘ਤੇ ਹਾਕੀ, ਹੈਂਡਬਾਲ, ਬਾਸਕਟਬਾਲ, ਵਾਲੀਬਾਲ, ਕਬੱਡੀ  ਵਾਲੀਬਾਲ ਸ਼ੂਟਿੰਗ, ਕੁਸ਼ਤੀਆਂ, ਸਾਈਕਲਿੰਗ, ਅਥਲੈਟਿਕਸ ਆਦਿ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਇਸੇ ਕਰਕੇ ਇਨ੍ਹਾਂ ਖੇਡਾਂ ਨੂੰ ਪੰਜਾਬ ਦੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਖੇਡਾਂ ਵੱਜੋਂ ਪਹਿਚਾਣ ਮਿਲੀ ਹੈ।ਸਾਲ 2003 ਮਾਰਚ ਤੋਂ ਜਰਖੜ ਸਟੇਡੀਅਮ ਬਣਨਾ ਸ਼ੁਰੂ ਹੋਇਆ, ਅੱਜ ਇਸ ਵਿੱਚ ਐਸਟਰੋਟਰਫ ਹਾਕੀ ਮੈਦਾਨ, ਗਰਾਸ ਹਾਕੀ, ਦੋ ਵਾਲੀਬਾਲ ਕੋਰਟ, ਹੈਂਡਬਾਲ ਅਤੇ ਬਾਸਕਟਬਾਲ ਕੋਰਟ, ਕਬੱਡੀ ਅਤੇ ਕੁਸ਼ਤੀਆਂ ਦੇ ਵਧੀਆ ਮੈਦਾਨ ਬਣੇ ਹੋਏ ਹਨ। ਤਿੰਨ ਪ੍ਰਮੁੱਖ ਵੱਡੀਆਂ ਸਟੇਜਾਂ, ਸਟੇਡੀਅਮ ਵਿੱਚ ਤਿੰਨ ਦਰਜਨ ਦੇ ਕਰੀਬ ਕਮਰੇ, ਜਿੰਮ, ਫੋਟੋ ਗੈਲਰੀ, ਆਧੁਨਿਕ ਸਹੂਲਤਾਂ ਵਾਲਾ ਦਫਤਰ, ਸਟੂਡੀਓ ਰੂਮ ਆਦਿ ਬਣੇ ਹੋਏ ਹਨ।  ਜਰਖੜ ਸਟੇਡੀਅਮ ਪੰਜਾਬ ਦਾ ਪਹਿਲਾ ਇੱਕੋ ਇੱਕ  ਸਟੇਡੀਅਮ ਹੈ, ਜਿੱਥੇ ਫਲੱਡ ਲਾਈਟਾਂ ਦੀ ਸਹੂਲਤ ਵੀ ਉਪਲਬਧ ਹੈ ਤੇ ਇਸ ਤੋਂ ਇਲਾਵਾ ਸਟੇਡੀਅਮ ਵਿੱਚ ਬਣੀ ਫੋਟੋ ਗੈਲਰੀ ਵਿੱਚ ਪੁਰਾਣੀਆਂ ਖੇਡਾਂ ਦੀਆਂ ਯਾਦਗਾਰਾਂ ਧਿਆਨ ਚੰਦ ਤੋਂ ਲੈ ਕੇ ਨਾਮੀ ਖਿਡਾਰੀਆਂ ਦੀਆਂ ਤਸਵੀਰਾਂ ਜਰਖੜ ਖੇਡਾਂ ਨਾਲ ਸਬੰਧਤ ਵੱਡੀਆਂ ਤਸਵੀਰਾਂ ਸਟੇਡੀਅਮ ਦੀ ਸ਼ਾਨ ਨੂੰ ਵਧਾ ਰਹੀਆਂ ਹਨ। ਇਸ ਤੋਂ ਇਲਾਵਾ 7 ਉੱਘੀਆਂ ਖੇਡ ਸਖਸ਼ੀਅਤਾਂ ਜਿੰਨ੍ਹਾਂ ਵਿੱਚ ਫਲਾਇੰਗ ਸਿੱਖ ਮਿਲਖਾ ਸਿੰਘ, ਹਾਕੀ ਦਾ ਜਾਦੂਗਰ ਧਿਆਨ ਚੰਦ,  ਉਲੰਪੀਅਨ ਸੁਰਜੀਤ ਸਿੰਘ ਰੰਧਾਵਾ, ਉਲੰਪੀਅਨ ਪ੍ਰਿਥੀਪਾਲ ਸਿੰਘ, ਪਹਿਲੇ ਸਿੱਖ ਜਿਨ੍ਹਾਂ ਨੇ ਚਾਰ ਉਲੰਪਿਕਾਂ ਖੇਡਣ ਦਾ ਮਾਣ ਹਾਸਲ ਕੀਤਾ ਉਲੰਪੀਅਨ ਊਧਮ ਸਿੰਘ, ਖੇਡ ਪ੍ਰਮੋਟਰ ਅਮਰਜੀਤ ਸਿੰਘ ਗਰੇਵਾਲ ਗੁੱਜਰਵਾਲ, ਕਬੱਡੀ ਖਿਡਾਰੀ  ਸਵ: ਮਾਣਕ ਜੋਧਾ  ਦੇ ਆਦਮਕੱਦ ਬੁੱਤ ਸਥਾਪਿਤ ਕੀਤੇ ਗਏ ਹਨ। 
ਇਸਤੋਂ ਇਲਾਵਾ  ਸੈਵਨ-ਏ ਸਾਈਡ ਨੀਲੇ ਰੰਗ ਦੀ ਐਸਟਰੋਟਰਫ ਜੋ ਆਪਣੇ ਹੀਲੇ ਵਸੀਲੇ ਨਾਲ ਲਗਵਾਈ ਹੈ, ਸਟੇਡੀਅਮ ਦੀ ਸ਼ੋਭਾ ਨੂੰ ਵਧਾ ਰਹੀ ਹੈ।ਸਾਲ 2006 ਵਿੱਚ ਅਪ੍ਰੈਲ ਦੇ ਵਿੱਚ ਜਰਖੜ ਵਿਖੇ ਹਾਕੀ ਅਕੈਡਮੀ ਦੀ ਸਥਾਪਨਾ ਹੋਈ, ਜਰਖੜ ਅਕੈਡਮੀ ’ਚ ਇਸ ਵੇਲੇ 80 ਦੇ ਕਰੀਬ ਖਿਡਾਰੀ ਹਾਕੀ ਦੀ ਟ੍ਰੇਨਿੰਗ ਲੈ ਰਹੇ ਹਨ। ਸਾਰੇ ਹੀ ਖਿਡਾਰੀ ਗਰੀਬ ਘਰਾਂ ਨਾਲ ਸਬੰਧਤ ਹਨ। ਪਿਛਲੇ 1 ਦਹਾਕੇ ‘ਚ 300 ਦੇ ਕਰੀਬ ਸਕੂਲ ਨੈਸ਼ਨਲ ਤੇ 60 ਤੋਂ ਵੱਧ ਕੌਮੀ  ਪੱਧਰ ਦੇ ਮੁਕਾਬਲੇ ਖੇਡ ਚੁਕੇ ਹਨ। ਹੁਣ ਤੱਕ ਵੱਖ-ਵੱਖ ਵਿਭਾਗਾਂ ‘ਚ 40 ਦੇ ਕਰੀਬ ਖਿਡਾਰੀਆਂ ਨੂੰ ਨੌਕਰੀ ਮਿਲ ਚੁੱਕੀ ਹੈ। ਉੱਤਰ ਭਾਰਤ ਦੇ ਸਾਰੇ ਪ੍ਰਮੁੱਖ ਟੂਰਨਾਮੈਂਟਾਂ ‘ਚ ਜਰਖੜ ਅਕਾਦਮੀ ਦੇ ਖਿਡਾਰੀ ਆਪਣੀ ਪਹਿਚਾਣ ਨੂੰ ਦਰਸਾ ਰਹੇ ਹਨ।ਜਰਖੜ ਖੇਡਾਂ, ਸਟੇਡੀਅਮ ਤੇ ਅਕਾਦਮੀ ਨੂੰ ਇਸ ਮੁਕਾਮ ’ਤੇ ਪਹੁੰਚਦਿਆਂ ਬਹੁਤ ਵੱਡੀਆਂ ਆਫਤਾਂ ਵੀ ਆਈਆਂ ਤੇ ਹਰ ਰੋਜ਼ ਕੋਈ ਨਵੀਂ ਤੋਂ ਨਵੀਂ ਸਮੱਸਿਆ ਆਉਂਦੀ ਹੈ ਪਰ ਪ੍ਰਮਾਤਮਾ ਦੀ ਮਿਹਰ ਸਦਕਾ ਅੱਜ ਜਰਖੜ ਖੇਡਾਂ ਬੁਲੰਦੀਆਂ ਵੱਲ ਵਧ ਰਹੀਆਂ ਹਨ। ਪੰਜਾਬ ਦੇ ਨਾਮੀ ਗਾਇਕ ਹਰਭਜਨ ਮਾਨ, ਦਿਲਜੀਤ ਦੋਸਾਂਝ, ਮਨਮੋਹਣ ਵਾਰਿਸ, ਦੇਬੀ ਮਖਸੂਸਪੁਰੀ, ਹਰਜੀਤ ਹਰਮਨ, ਕੰਵਰ ਗਰੇਵਾਲ  ਨੇ ਜਰਖੜ ਸਟੇਡੀਅਮ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਸਮੇਂ ਦੌਰਾਨ ਮੁਫਤ ਅਖਾੜੇ ਵੀ ਲਗਾਏ। ਇਹਨਾਂ ਸਾਰਿਆਂ ਦੇ ਯੋਗਦਾਨ ਸਦਕਾ ਜਰਖੜ ਖੇਡ ਅਕਾਦਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਸਟੇਡੀਅਮ ਨੂੰ ਪੂਰੇ ਵਿਸ਼ਵ ‘ਚ ਰੁਸ਼ਨਾਉਣ ਦਾ ਜ਼ੋਰ ਲਗਾ ਰਹੇ ਹਨ। ਜਿਸਦੀ ਮਿਸਾਲ ਜਰਖੜ ਪਿੰਡ ਦੇ ਸਟੇਡੀਅਮ ‘ਚ ਪਹੁੰਚਦਿਆਂ ਹੀ ਪਤਾ ਚਲਦਾ ਹੈ। ਇਸ ਵਰ੍ਹੇ ਦੀਆਂ ਜਰਖੜ ਖੇਡਾਂ ਜੋ 10 ਅਤੇ 11 ਫਰਵਰੀ 2024  ਨੂੰ ਹੋ ਰਹੀਆਂ ਹਨ।  ਕਬੱਡੀ ਓਪਨ ਦਾ ਕੱਪ ਪੁਰਾਣੇ ਕਬੱਡੀ ਖਿਡਾਰੀ ਅਤੇ ਖੇਡਾਂ ਨੂੰ ਸਮਰਪਿਤ ਉੱਘੀ ਸ਼ਖਸੀਅਤ ਸਵਰਗੀ ਨਾਇਬ ਸਿੰਘ ਗਰੇਵਾਲ ਯੋਧਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸਦੇ ਨਾਲ ਹੀ ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ,  ਵਿਧਾਇਕ ਜੀਵਨ ਸਿੰਘ ਸੰਗੋਵਾਲ,ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ,ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਕਬੱਡੀ ਪ੍ਰਮੋਟਰ ਮੋਹਣਾ ਜੋਧਾਂ ਸਿਆਟਲ, ਦਲਜੀਤ ਸਿੰਘ ਜਰਖੜ ਕੈਨੇਡਾ,  ਜਗਦੀਪ ਸਿੰਘ ਕਾਹਲੋਂ, ਬਲਵੀਰ ਸਿੰਘ ਹੀਰ,ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਸਾਬੀ ਕੂਨਰ ਕੈਨੇਡਾ , ਪਰਮਜੀਤ ਸਿੰਘ ਨੀਟੂ, ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਦੁਪਿੰਦਰ ਸਿੰਘ ਡਿੰਪੀ ,ਪਹਿਲਵਾਨ ਹਰਮੇਲ ਸਿੰਘ ਕਾਲਾ, ਪ੍ਰੋ ਰਜਿੰਦਰ ਸਿੰਘ, ਹਰਦੇਵ ਸਿੰਘ ਦੁਲੇਅ ਆਦਿ ਹੋਰ ਨੇੜਲੇ ਸਾਥੀ ਅਤੇ ਪੂਰੀ ਟੀਮ ਵੱਲੋਂ ਖੇਡਾਂ ਦੀ ਕਾਮਯਾਬੀ ਲਈ ਤਨ ਮਨ ਧਨ ਨਾਲ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਵਾਰ ਇਹਨਾਂ ਖੇਡਾਂ ਵਿੱਚ ਹਾਕੀ (ਮਰਦ ਤੇ ਇਸਤਰੀਆਂ )ਹਾਕੀ ਅੰਡਰ 15 ਸਾਲ ਮੁੰਡੇ , ਕੁਸ਼ਤੀਆਂ , ਰੱਸਾਕਸੀ ਸਕੂਲੀ ਪੱਧਰ ,ਵਾਲੀਵਾਲ ,ਫੁਟਬਾਲ ਖੇਡਾਂ ਦੇ ਮੁਕਾਬਲੇ ਹੋਣਗੇ । ਖੇਡਾਂ ਦੇ ਫਾਈਨਲ ਸਮਾਰੋਹ ਤੇ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਸੇਵਾ ਕਰਨ ਵਾਲੀਆਂ 5 ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ ਜਿਨਾਂ ਨੂੰ ਵੱਖ ਵੱਖ ਖੇਡ ਐਵਾਰਡਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ।
ਜਰਖੜ ਖੇਡਾਂ ਤੇ ਹੋਵੇਗਾ 6 ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ
ਖੇਡਾਂ ਦਾ ਉਦਘਾਟਨੀ  ਸਮਾਰੋਹ ਬੇਹੱਦ ਲਾਜਵਾਬ ਹੋਵੇਗਾ ਖੇਡਾਂ ਦੇ ਫਾਈਨਲ ਸਮਾਰੋਹ ਤੇ 11 ਫਰਵਰੀ ਨੂੰ ਜਿੱਥੇ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਮੁੱਖ ਕੇਂਦਰ ਹੋਣਗੇ ਉੱਥੇ ਉੱਘੇ ਲੋਕ ਗਾਇਕ ਹਰਜੀਤ ਹਰਮਨ ਦਾ ਖੁੱਲਾ ਅਖਾੜਾ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ । ਇਸ ਮੌਕੇ ਤੇ ਉੱਘੀਆ 6 ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ।  ਜਿਸ ਵਿੱਚ ਮਰਹੂਮ ਕਬੱਡੀ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਕੋਚ ਦੇਵੀ ਦਿਆਲ ਦੀ ਯਾਦ ਵਿੱਚ ਰੱਖਿਆ ਅਵਾਰਡ ਕਬੱਡੀ ਦੇ ਸਾਬਕਾ ਸਟਾਰ ਖਿਡਾਰੀ ਮਨਜੀਤ ਸਿੰਘ ਮੋਹਲਾ ਖਡੂਰ ਨੂੰ ਦਿੱਤਾ ਜਾਵੇਗਾ । ਜਿਸ ਵਿੱਚ 50 ਹਜਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਦੇਵੀ ਦਿਆਲ ਐਵਾਰਡ ਹੋਵੇਗਾ ਜਦ ਕਿ ਸਿੱਖਿਆ ਦੇ ਖੇਤਰ ਦਾ ਐਵਾਰਡ  ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ ਜਰਖੜ ਸਕੂਲ ਦੀ ਹੈਡ ਮਾਸਟਰ ਬੀਬੀ ਸੁਰਿੰਦਰ ਕੌਰ ਨੂੰ ਦਿੱਤਾ ਜਾਵੇਗਾ। ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ ਖੇਡਾਂ ਦੇ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਉੱਘੇ ਖੇਡ ਪ੍ਰਮੋਟਰ ਗੁਰਜੀਤ ਸਿੰਘ ਹਕੀਮਪੁਰ ਨੂੰ ਦਿੱਤਾ ਜਾਵੇਗਾ।  ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ ਰੋਪੜ ਹਾਕਸ ਹਾਕੀ ਦੇ ਪਿਤਾਮਾ ਐਸਐਸ ਸੈਣੀ ਸਾਹਿਬ ਨੂੰ ਦਿੱਤਾ ਜਾਵੇਗਾ। ਜਦ ਕਿ ਪੱਤਰਕਾਰੀ ਦਾ ਮਾਣ ਐਵਾਰਡ ਪੰਜਾਬ ਮੇਲ ਯੂਐਸਏ ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਜਾਵੇਗਾ। ਪੰਜਾਬੀ ਸੱਭਿਆਚਾਰ ਦਾ ਮਾਣ ਅਵਾਰਡ ਉੱਘੇ ਲੋਕ ਗਾਇਕ ਹਰਜੀਤ ਹਰਮਨ ਨੂੰ ਦਿੱਤਾ ਜਾਵੇਗਾ।ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਇਸ ਵਰ੍ਹੇ ਇਤਿਹਾਸ ਦਾ ਇੱਕ ਹੋਰ ਨਵਾਂ ਪੰਨਾ ਜੜਨ ਗਈਆਂ। ਜਗਰੂਪ ਸਿੰਘ ਜਰਖੜ ਖੇਡ ਲੇਖਕ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਜਰਖੜ ਖੇਡਾਂ ਤੇ ਹੋਵੇਗਾ 6 ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ 
Next article   ‘ਜ਼ਾਤ ਨੂੰ ਖ਼ਤਮ ਕਰਨ ਲਈ’