ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਬੀਤੇ ਦਿਨ ਲੋਕ ਵਿਰਸਾ ਕਲਚਰ ਐਸੋਸੀਏਸ਼ਨ ਵਲੋਂ 28ਵਾਂ ਲੋਕ ਵਿਰਸਾ ਮੇਲਾ ਰੋਟਰੀ ਸਟੇਡੀਅਮ ਕਨੇਡਾ ਬੀਸੀ ਦੀ ਧਰਤੀ ਦੇ ਸ਼ਹਿਰ ਐਬਸਫੋਰਡ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ । ਗਦਰੀ ਬਾਬਿਆਂ ਤੇ ਸਵ. ਸ਼੍ਰੋਮਣੀ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਇਸ ਮੇਲੇ ਦੌਰਾਨ ਉੱਘੇ ਲੋਕ ਗਾਇਕ ਰਵਿੰਦਰ ਗਰੇਵਾਲ, ਦੋਗਾਣਾ ਜੋੜੀ ਲੱਖਾ ਤੇ ਨਾਜ, ਸੁਰਮਨੀ ਤੇ ਬਿੱਟੂ ਖੰਨੇ ਵਾਲੇ ਨੇ ਸੱਭਿਆਚਾਰਕ ਗਾਇਕੀ ਨਾਲ ਚੰਗਾ ਰੰਗ ਬੰਨ੍ਹਿਆ । ਗਾਇਕ ਜੋੜੀ ਲੱਖਾ ਨਾਜ ਤੇ ਸੁਰਮਨੀ ਬਿੱਟੂ ਖੰਨੇ ਵਾਲੇ ਨੇ ਆਪਣੇ ਹਿੱਟ ਗੀਤਾਂ ਨਾਲ ਲੋਕਾਂ ਨੂੰ ਮੌਸਮ ਦੀ ਠੰਡਕ ਵਿੱਚ ਸੱਭਿਆਚਾਰਕ ਨਿੱਘ ਨਾਲ ਭਰ ਦਿੱਤਾ । ਗਾਇਕ ਬਿੱਟੂ ਖੰਨੇ ਵਾਲੇ ਨੇ ਆਪਣੇ ਨਵੇਂ ਨਵੇਂ ਗੀਤਾਂ ਨਾਲ ਪੰਜਾਬੀਆਂ ਨੂੰ ਪੰਜਾਬ ਪਰਤਣ ਦੇ ਸੱਦੇ ਦਾ ਮਾਹੌਲ ਦੇਕੇ ਭਾਵੁਕ ਕੀਤਾ। ਰੋਟਰੀ ਸਟੇਡੀਅਮ ਦੇ ਸ਼ੈਡ ਹੇਠ ਅਤੇ ਖੂਬਸੂਰਤ ਟੈਂਟਾਂ ਹੇਠ ਬੈਠ ਕੇ ਲੋਕਾਂ ਨੇ ਗਾਇਕਾਂ ਦੀ ਗਾਇਕੀ ਦਾ ਭਰਪੂਰ ਆਨੰਦ ਮਾਣਿਆ। ਮੇਲੇ ਦੌਰਾਨ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਵੀ ਯਾਦਗਾਰੀ ਰਹੀ । ਮੇਲੇ ਦੀ ਸਿਖ਼ਰ ਗਾਇਕ ਰਵਿੰਦਰ ਗਰੇਵਾਲ ਵਲੋਂ ਗਾਏ ਆਪਣੇ ਪ੍ਰਸਿੱਧ ਗੀਤਾਂ ਨਾਲ ਹੋਈ । ਉਸ ਨੇ ਟੇਢੀ ਪੱਗ ਵਾਲਿਆ, ਉਤੋਂ ਮੁੱਛ ਖੜ੍ਹੀ ਰੱਖਦਾ, ਟਰੱਕਾਂ ਵਾਲੇ ਤੇ ਹੋਰ ਗੀਤਾਂ ਸਮੇਤ ‘ਲਵਲੀ ‘ਚ ਲਵਲੀ ਜਹੀ ਪੜ੍ਹਦੀ’ ਗੀਤ ਨਾਲ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਲਵਲੀ ‘ਚ ਪੜ੍ਹਦੀ ਗੀਤ ਦੇ ਲੇਖਕ ਪ੍ਰੀਤ ਸੰਘਰੇੜੀ ਨੇ ਵੀ ਮੰਚ ਤੇ ਆ ਕੇ ਗਾਇਕ ਨਾਲ ਡਾਂਸ ਕੀਤਾ । ਮੇਲੇ ਵਿੱਚ ਹਰਜੋਤ ਸਿੰਘ ਸੰਧੂ ਪ੍ਰਧਾਨ ਵੈਲੀ ਯੂਨਾਈਟਡ ਕਲਚਰ ਕਲੱਬ,ਅਮਰਿੰਦਰ ਸਿੰਘ ਗਿੱਲ, ਹਰਨੇਕ ਸੰਧੂ , ਪ੍ਰੋਫ਼ੈਸਰ ਸੁਖਵਿੰਦਰ ਸਿੰਘ ਵਿਰਕ, ਭੰਗੂ ਜਸਵੀਰ, ਜਗਬੀਰ ਗਰਚਾ, ਸੋਨੀ ਸਿੱਧੂ, ਅਵਤਾਰ ਸਿੰਘ , ਰਾਜਾ ਗਿੱਲ ਪ੍ਰਧਾਨ ਡਾਇਮੰਡ ਕਲਚਰ ਕਲੱਬ, ਸੁਖਵਿੰਦਰ ਲਾਲੀ, ਕਾਲਾ ਬੋਪਾਰਾਏ, ਦੀਪ ਸੰਧੂ, ਕੁਲਦੀਪ ਸਿੰਘ, ਜਗਪਾਲ, ਪੌਲ ਗਿੱਲ, ਜੀਵਨ ਦਿਓਲ, ਜੀਵਨ ਬੜਿੰਗ, ਧਰਮਿੰਦਰ ਸਿੰਘ ਏਐਸਆਈ ਜਗਰਾਓ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ । ਮੇਲੇ ਦੇ ਅਖੀਰ ਵਿੱਚ ਮੇਲਾ ਪ੍ਰਬੰਧਕ ਗੁਰਮੇਲ ਸਿੰਘ ਧਾਮੀ ਚੇਅਰਮੈਨ , ਸ਼ਾਂਤੀ ਸਰੂਪ ਪ੍ਰਧਾਨ, ਨਵ ਖੋਸਾ, ਗੁਰ ਪ੍ਰੇਮ ਸਿੰਘ, ਬੂਟਾ ਸਿੰਘ ਢੀਂਡਸਾ, ਡਾ. ਜਤਿੰਦਰ ਸਿੰਘ ਮੁੰਡੀ ਗੁਰਸੇਵ ਸਿੰਘ ਬੁੱਟਰ, ਬੇਅੰਤ ਸਿੰਘ ਬਰਾੜ, ਹਰਮੇਲ ਸਿੰਘ, ਹਰਬੰਸ ਧੰਜਲ, ਮਨਦੀਪ ਧਾਲੀਵਾਲ, ਤੇ ਹੋਰਾਂ ਨੇ ਆਏ ਕਲਾਕਾਰਾਂ ਦੇ ਹੋਰ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ। ਗਾਇਕ ਰਵਿੰਦਰ ਗਰੇਵਾਲ ਦਾ ਮੇਲਾ ਕਮੇਟੀ ਵਲੋਂ ਸਰਦਾਰ ਹਰਮੀਤ ਸਿੰਘ ਖੁੱਡੀਆਂ ਤੇ ਪ੍ਰਬੰਧਕ ਕਮੇਟੀ ਵਲੋਂ ਯਾਦਗਾਰੀ ਚਿੰਨ੍ਹ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਟੀ ਵੀ ਹੋਸਟ ਦਵਿੰਦਰ ਬੈਨੀਪਾਲ ਨੇ ਨਿਭਾਈ । ਇਸ ਦੌਰਾਨ ਪਿੰਗਲਵਾੜਾ ਸੋਸਾਇਟੀ ਲਈ ਵਲੰਟੀਅਰ ਸੇਵਾਵਾਂ ਦੇਣ ਵਾਲੇ ਕੌਂਸਲਰ ਗੈਰੀ ਥਿੰਦ ਤੇ ਸਾਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਗੈਰੀ ਥਿੰਦ ਵਲੋਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਪਿੰਗਲਵਾੜਾ ਸੁਸਾਇਟੀ ਨੂੰ ਦਿਲ ਖੋਲਕੇ ਦਾਨ ਕਰਨ ਦੀ ਅਪੀਲ ਕੀਤੀ ਗਈ। ਲੋਕ ਵਿਰਸਾ ਮੇਲਾ ਅਮਿੱਟ ਯਾਦਾਂ ਛੱਡਦਾ ਐਬਸਫੋਰਡ ਦੀ ਧਰਤੀ ਕਨੇਡਾ ਤੇ ਸਫਲਤਾ ਪੂਰਵਕ ਸੰਪੰਨ ਹੋ ਗਿਆ । ਮੁੱਖ ਮੇਲਾ ਪ੍ਰਬੰਧਕ ਅਤੇ ਚੇਅਰਮੈਨ ਗੁਰਮੇਲ ਸਿੰਘ ਧਾਮੀ, ਪ੍ਰਧਾਨ ਸ਼ਾਂਤੀ ਸਰੂਪ ਸਮੇਤ ਪੂਰੀ ਟੀਮ ਦੇ ਮੈਂਬਰਾਂ ਨੇ ਮੇਲੇ ਵਿੱਚ ਆਏ ਸਾਰੇ ਕਲਾਕਾਰਾਂ ਅਤੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮੇਲੇ ਨੂੰ ਕਾਮਯਾਬ ਕਰਨ ਵਿੱਚ ਆਪਣਾ ਭਰਪੂਰ ਸਹਿਯੋਗ ਦਿੱਤਾ।
HOME ਐਬਸਫੋਰਡ ਵਿੱਚ 28ਵਾਂ ਲੋਕ ਵਿਰਸਾ ਮੇਲਾ ਧੂਮ ਧਾਮ ਨਾਲ ਸਮਾਪਤ ਚੇਅਰਮੈਨ ਗੁਰਮੇਲ...