(ਸਮਾਜ ਵੀਕਲੀ)- ਭਾਰਤ ਵਾਸੀਆਂ ਲਈ ਆਜ਼ਾਦੀ ਇੱਕ ਬਹੁਮੁਲੀ ਵਸਤੂ ਹੈ। ਇਹ ਆਜ਼ਾਦੀ ਭਾਰਤ ਵਾਸੀਆਂ ਨੂੰ ਕਿਸੇ ਖੈਰਾਤ ਵਿੱਚ ਨਹੀ ਮਿਲੀ ਹੈ ਸਗੋਂ ਇਸ ਅਜ਼ਾਦੀ ਨੂੰ ਪ੍ਰਾਪਤ ਕਰਨ ਲਈ ਸਾਡੇ ਦੇਸ ਦੇ ਲੱਖਾਂ ਲੋਕਾਂ ਨੇ ਸਹਾਦਤਾਂ ਦਿੱਤੀਆਂ ਹਨ। ਆਜ਼ਾਦੀ ਨੂੰ ਪ੍ਰਾਪਤ ਕਰ ਲਈ ਪੰਜਾਬੀਆ ਦੀਆ ਸਹਾਦਤਾਂ ਸਭ ਤੋਂ ਵੱਧ ਹਨ। ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਚੰਦਰ ਸ਼ੇਖਰ ਆਜ਼ਾਦ ਵਰਗੇ ਯੋਧੇ ਪੰਜਾਬ ਵਿੱਚ ਹੀ ਪੈਦਾ ਹੋਏ ਹਨ। ਆਜ਼ਾਦੀ ਤੋਂ ਪਹਿਲਾਂ ਸਾਡਾ ਦੇਸ਼ ਅੰਗਰੇਜ਼ਾਂ ਦੇ ਅਧੀਨ ਸੀ ਅਤੇ ਅੰਗਰੇਜ ਭਾਰਤੀਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਸਨ। ਅਸੀਂ ਭਾਰਤੀ ਆਪਣੀ ਮਰਜੀ ਨਾਲ ਸੌਖਾ ਸਾਹ ਵੀ ਨਹੀਂ ਲੈ ਸਕਦੇ ਸਨ।
ਭਾਰਤ ਦੇਸ਼ 15 ਅਗਸਤ 1947 ਨੂੰ ਅਜ਼ਾਦ ਹੋਇਆ। ਆਜ਼ਾਦ ਭਾਰਤ ਦੇ ਪ੍ਰਬੰਧ ਨੂੰ ਚਲਾਉਣ ਲਈ ਨਵੇਂ ਪ੍ਰਬੰਧਕੀ ਢਾਂਚੇ ਦੀ ਲੋੜ ਸੀ। ਇਸ ਲਈ ਮਾਨਯੋਗ ਡਾਕਟਰ ਬੀ.ਆਰ. ਅੰਬੇਦਕਰ ਜੀ ਵੱਲੋਂ ਨਵੇਂ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ । ਭਾਰਤ ਦੇ ਨਵੇਂ ਸੰਵਿਧਾਨ ਵਿਚ ਭਾਰਤੀ ਨਾਗਰਿਕਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ। 26 ਜਨਵਰੀ 1950 ਈ. ਨੂੰ ਦੇਸ਼ ਦਾ ਸੰਵਿਧਾਨ ਲਾਗੂ ਕਰ ਦਿੱਤਾ ਗਿਆ ਹੈ । ਭਾਰਤ ਵਿੱਚ ਇਸ ਦਿਨ ਨੂੰ ਗਣਤੰਤਰ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਇਸ ਦਿਨ ਤੋਂ ਹੀ ਮਾਨਯੋਗ ਰਾਸ਼ਟਰਪਤੀ ਨੂੰ ਦੇਸ਼ ਦਾ ਸਵਿਧਾਨਿਕ ਮੁਖੀ ਬਣਾ ਦਿੱਤਾ ਗਿਆ ਹੈ। 26 ਜਨਵਰੀ ਦਾ ਦਿਨ ਸਾਰੇ ਦੇਸ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਲਈ ਕਈ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਦਿਨ ਸਰਕਾਰੀ ਇਮਾਰਤਾਂ ਅਤੇ ਸਰਕਾਰੀ ਸੰਸਥਾਵਾਂ ਉਤੇ ਰਾਸ਼ਟਰੀ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ। ਵਿੱਦਿਅਕ ਸੰਸਥਾਵਾਂ ਵਿੱਚ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਵਿਦਿਆਰਥੀ ਅਤੇ ਸਕੂਲਾਂ ਦੇ ਅਧਿਆਪਕ ਰਲ ਮਿਲ ਕੇ ਇਸ ਦਿਨ ਨੂੰ ਵਿੱਦਿਅਕ ਸੰਸਥਾਵਾਂ ਵਿੱਚ ਮਨਾਉਂਦੇ ਹਨ। ਸੰਵਿਧਾਨ ਲਾਗੂ ਹੋਣ ਦੀ ਖੁਸ਼ੀ ਵਿੱਚ ਇਸ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਇਸ ਦਿਨ ਸਰਕਾਰੀ ਦਫਤਰਾਂ ਵਿਚ ਛੁੱਟੀ ਹੁੰਦੀ ਹੈ ਅਤੇ ਵਿਦਿਅਕ ਸੰਸਥਾਵਾਂ ਵਿੱਚ ਇਸ ਦਿਨ ਨੂੰ ਮਨਾਉਣ ਦੇ ਬਦਲੇ ਅਗਲੇ ਦਿਨ ਛੁੱਟੀ ਕੀਤੀ ਜਾਂਦੀ ਹੈ।
ਦਿੱਲੀ ਵਿਚ ਇਸ ਦਿਨ ਰਾਸ਼ਟਰੀ ਪੱਧਰ ਦਾ ਸਮਾਗਮ ਕੀਤਾ ਜਾਂਦਾ ਹੈ। ਰਾਸ਼ਟਰਪਤੀ ਦੇਸ਼ ਦਾ ਤਿਰੰਗਾ ਲਹਿਰਾ ਕੇ ਪਰੇਡ ਤੋਂ ਸਲਾਮੀ ਲੈਂਦਾ ਹੈ। ਭਾਰਤ ਦੇ ਕੋਨੇ-ਕੋਨੇ ਤੋਂ ਇਸ ਪਰੇਡ ਨੂੰ ਦੇਖਣ ਲਈ ਲੋਕ ਆਉਂਦੇ ਹਨ ਅਤੇ ਕਈ ਚੈਨਲ ਵੱਲੋਂ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਟੈਲੀਵਿਜ਼ਨ ਉੱਤੇ ਵਿਖਾਇਆ ਜਾਂਦਾ ਹੈ। ਇਸ ਦਿਨ ਦੇਸ਼ ਦੇ ਵੱਖ ਵੱਖ ਸੂਬਿਆ ਤੋਂ ਉਥੋਂ ਦੀਆਂ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਇਸ ਦਿਨ ਦੇਸ਼ ਦੇ ਤਿੰਨੋਂ ਫ਼ੌਜਾਂ ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ ਵੱਲੋਂ ਪ੍ਰੇਡ ਕੀਤੀ ਜਾਂਦੀ ਹੈ। ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਇਸ ਦਿਨ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਇਸ ਪ੍ਰੋਗਰਾਮ ਨੂੰ ਵੇਖਣ ਲਈ ਬਾਹਰਲੇ ਦੇਸ਼ਾਂ ਦੇ ਨੁਮਾਇੰਦੇ ਵੀ ਬੁਲਾਏ ਜਾਂਦੇ ਹਨ। ਇਸ ਦਿਨ ਫੌਜ ਅਤੇ ਪੁਲਿਸ ਦੇ ਵਿੱਚ ਬਹਾਦਰ ਅਤੇ ਇੰਟੈਲੀਜੈਂਟ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਤਰੱਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਦਿਨ ਵੱਖ-ਵੱਖ ਖੇਤਰਾਂ ਵਿੱਚ ਚੰਗੇ ਕੰਮ ਕਰਨ ਵਾਲੇ ਭਾਰਤ ਦੇ ਨਾਗਰਿਕਾਂ ਨੂੰ ਮਾਨਯੋਗ ਰਾਸ਼ਟਰਪਤੀ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਪੰਜਾਬ ਵਿੱਚ ਵੀ ਇਸ ਦਿਨ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਕੌਮੀ ਤਿਉਹਾਰ ਨੂੰ ਪੰਜਾਬ ਤੇ ਜ਼ਿਲ੍ਹਾ ਪੱਧਰ ਅਤੇ ਸਟੇਟ ਪੱਧਰ ਤੇ ਵੀ ਮਨਾਇਆ ਜਾਂਦਾ ਹੈ। ਜ਼ਿਲ੍ਹਾ ਪੱਧਰ ਤੇ ਮਨਾਉਣ ਲਈ ਵੱਖ-ਵੱਖ ਕੈਬਿਨੇਟ ਮੰਤਰੀਆਂ ਦੀਆ ਸਰਕਾਰ ਵੱਲੋਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਕਿਹੜੇ ਕੈਬਨਿਟ ਮੰਤਰੀ ਨੇ ਕਿਹੜੇ ਜਿਲੇ ਵਿੱਚ ਤਿਰੰਗਾ ਝੰਡਾ ਲਹਿਰਾਉਣਾ ਹੈ। ਇਸ ਦਿਨ ਪੰਜਾਬ ਦੇ ਚੱਪੇ ਚੱਪੇ ਤੇ ਪੁਲਿਸ ਫੋਰਸ ਦਾ ਸਖਤ ਪ੍ਰਬੰਧ ਹੁੰਦਾ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਇਸ ਦਿਨ ਪੰਜਾਬ ਵਿੱਚ ਅਲੱਗ ਅਲੱਗ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਹੋਣਹਾਰ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਦਿਨ ਸਮਾਜ ਸੇਵੀ ਵਰਕਰਾਂ ਦਾ ਵੀ ਸਨਮਾਨ ਕੀਤਾ ਜਾਂਦਾ ਹੈ। ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਇਸ ਦਿਨ ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਇਸ ਦਿਨ ਨੂੰ ਚਾਰ ਚੰਨ ਲਗਾ ਦਿੱਤੇ ਜਾਂਦੇ ਹਨ।
26 ਜਨਵਰੀ ਨੂੰ ਮਨਾਉਣ ਦਾ ਉਦੇਸ਼ ਉਨ੍ਹਾਂ ਅਜਾਦੀ ਦੇ ਘੁਲਾਟੀਆਂ ਨੂੰ ਯਾਦ ਕਰਨਾ ਹੈ ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਅਤੇ ਆਪਣੀ ਖੁਸ਼ੀ ਨਾਲ ਸ਼ਹੀਦ ਹੋ ਗਏ। ਇਹ ਸਮਾਗਮ ਮਨਾ ਕੇ ਇਹ ਵੀ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਜਿਸ ਅਜਾਦੀ ਦਾ ਨਿੱਘ ਅਸੀਂ ਮਾਣ ਰਹੇ ਹਾਂ ਉਹ ਸਾਨੂੰ ਸੌਖੀ ਪ੍ਰਾਪਤ ਨਹੀਂ ਹੋਈ ਹੈ। ਦੇਸ਼ ਦੇ ਨਾਗਰਿਕਾਂ ਨੂੰ ਇਹ ਵੀ ਅਹਿਸਾਸ ਕਰਵਾਇਆ ਜਾਂਦਾ ਹੈ ਕੀ ਇਹ ਆਜ਼ਾਦੀ ਦੇਸ ਲਈ ਸ਼ਹੀਦ ਹੋਣ ਵਾਲੇ ਯੋਧਿਆਂ ਦਾ ਸਾਡੇ ਉੱਪਰ ਇੱਕ ਕਰਜ਼ ਹੈ ਇਹ ਕਰਜ਼ ਤਾਹੀਂ ਉਤਾਰਿਆ ਜਾ ਸਕਦਾ ਹੈ ਜੇਕਰ ਅਸੀਂ ਦੇਸ਼ ਨੂੰ ਤਾਕਤਵਾਰ ਅਤੇ ਤਰੱਕੀ ਕਰਨ ਲਈ ਇਸ ਦੇ ਵਿੱਚ ਅਸੀਂ ਆਪਣਾ ਯੋਗਦਾਨ ਦੇਈਏ। ਆਜ਼ਾਦੀ ਸਾਡੇ ਲਈ ਇਕ ਬਹੁਮੁੱਲੀ ਵਸਤੂ ਦੀ ਤਰ੍ਹਾਂ ਹੈ ਸਾਨੂੰ ਇਸ ਦੀ ਹੋਂਦ ਕਾਇਮ ਰੱਖਣ ਲਈ ਆਪਣਾ ਤਨ, ਮਨ ਅਤੇ ਧੰਨ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188