25 ਸਾਲਾਂ ਤੋਂ ਲੋਕ ਮਨਾਂ ਰਾਜ ਕਰ ਰਿਹੈ ਗੀਤਕਾਰ ” ਭੱਟੀ ਭੜੀਵਾਲਾ “

(ਸਮਾਜ ਵੀਕਲੀ)

ਪੰਜਾਬੀ ਗੀਤਕਾਰੀ ਵਿੱਚ ਜਸਵਿੰਦਰ ਸਿੰਘ ‘ਭੱਟੀ’ ਨੂੰ ਸ਼ਾਇਦ ਹੀ ਕੋਈ ਜਾਣਦਾ ਹੋਵੇ,ਪਰ ‘ਭੱਟੀ ਭੜੀ’ ਵਾਲੇ ਦੇ ਨਾ ਤੋਂ ਦੁਨੀਆ ਭਰ ਵਿੱਚ ਰਹਿੰਦਾ ਹਰ ਪੰਜਾਬੀ ਕੋਈ ਵਾਕਿਫ ਹੈ। ਰੂਹ ਵਿੱਚ ਉਤਰ ਜਾਣ ਵਾਲੇ ਗੀਤਾਂ ਦਾ ਜਨਮਦਾਤਾ ਭੱਟੀ ਭੜੀ ਵਾਲਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਹੀ ਨਹੀਂ ਦੇ ਰਿਹਾ ਸਗੋਂ ਪੰਜਾਬੀ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨੂੰ ਆਪਣੇ ਗੀਤਾਂ ਰਾਹੀਂ ਸ਼ਿੰਗਾਰ ਵੀ ਰਿਹਾ ਹੈ।

ਭੱਟੀ ਭੜੀ ਵਾਲੇ ਦੇ ਗੀਤਾਂ ਨੂੰ ਗਾ ਕੇ ਸੈਂਕੜੈ ਗਾਇਕਾ ਨੇ ਆਪਣੀ ਪਹਿਚਾਣ ਬਣਾਈ ਹੈ।ਅਤੇ ਉਸ ਦੇ ਗੀਤ ਗਾ ਕੇ ਬਹੁਤ ਸਾਰੇ ਗਾਇਕ ‘ਸਟਾਰ’ ਵੀ ਬਣੇ ਹਨ। ਭੱਟੀ ਦੇ ਗੀਤਾਂ ਵਿੱਚ ਪੁਆਧ ਦੇ ਗੰਨਿਆਂ ਵਰਗੀ ਮਿਠਾਸ ਹੈ,ਉਸ ਦੇ ਗੀਤ ਕੰਨਾਂ ਵਿੱਚ ਮਿਸਰੀ ਵਰਗਾ ਰਸ ਘੋਲ਼ਦੇ ਨੇ। ਭੱਟੀ ਭੜੀ ਵਾਲੇ ਦੀ ਗੀਤਾ ਨੂੰ ਸੁਣਕੇ ਕਦੇ ਵੀ ਮਨ ਅੱਕਦਾ ਨਹੀਂ, ਉਸਦੇ ਗੀਤ ਸੰਗੀਤ ਪ੍ਰੇਮੀਆਂ ਦੀ ਰੂਹ ਤੱਕ ਉਤਰ ਜਾਂਦੇ ਨੇ,ਅਤੇ ਰੂਹ ਨੂੰ ਨਸ਼ਿਆ ਦਿੰਦੇ ਨੇ।ਉਸ ਦੇ ਗੀਤਾਂ ਦੀ ਬੋਲੀ ਬਹੁਤ ਸਾਦਗੀ ਵਾਲੀ ਹੁੰਦੀ ਹੈ,ਜਿਸ ਕਰਕੇ ਉਸ ਦੇ ਗੀਤ ਸਹਿਜੇ ਹੀ ਸਮਝ ਵਿੱਚ ਆਉਣ ਵਾਲੇ ਹੁੰਦੇ ਨੇ।

ਭੱਟੀ ਦੇ ਲਿਖੇ ਕਿਸੇ ਵੀ ਗੀਤ ਨੂੰ ਜਦੋਂ ਸੁਣੀਦੈ,ਪਹਿਲੀ ਲਾਈਨ ਤੋਂ ਲੈ ਕੇ ਅਖੀਰਲੀ ਲਾਈਨ ਤੱਕ ਉਸ ਦਾ ਗੀਤ ਕਿਸੇ ਫਿਲਮ ਦੀ ਕਹਾਣੀ ਵਾਂਗ ਅੱਖਾਂ ਮੂਹਰੋਂ ਦੀ ਲੰਘ ਜਾਂਦੈ। ਉਸ ਦੇ ਲਿਖੇ ਹਰ ਗੀਤ ਵਿੱਚ ਇੱਕ ਵੱਖਰਾ ਵਿਸ਼ਾ ਹੁੰਦਾ ਹੈ ‘ਤੇ ਉਸ ਵਿਸ਼ੇ ਨੂੰ ਨਿਭਾਉਣਾ ਉਹ ਚੰਗੀ ਤਰਾਂ ਜਾਣਦਾ ਹੈ।ਉਸ ਦੇ ਗੀਤਾਂ ਵਿੱਚ ਰੋਜ-ਮਰਾ ਦੀ ਜਿੰਦਗੀ ਵਿੱਚ ਆਉਣ ਵਾਲੀਆਂ ਗੱਲਾਂ ਦਾ ਜਿਕਰ ਹੁੰਦਾ ਹੈ। ਮੁਹਾਵਰੇ ਅਤੇ ਕਹਾਵਤਾਂ ਭੱਟੀ ਭੜੀ ਵਾਲੇ ਦੇ ਗੀਤਾਂ ਨੂੰ ਖੂਬ ਸ਼ਿੰਗਾਰ ਦੀਆਂ ਨੇ। ਭੱਟੀ ਭੜੀ ਵਾਲਾ ਜਿੰਨਾ ਵਧੀਆ ਲੇਖਕ ਹੈ ਓਨਾ ਹੀ ਵਧੀਆ ਇਨਸਾਨ ਹੈ,ਪਹਿਲੀ ਮੁਲਾਕਾਤ ਵਿੱਚ ਹੀ ਹਰ ਕਿਸੇ ਨੂੰ ਆਪਣਾ ਬਣਾ ਲੈਣ ਦੀ ਕਲਾ ਉਸ  ਨੂੰ ਖੂਬ ਆਉਂਦੀ ਹੈ।ਜਿਹੜਾ ਵੀ ਉਸਨੂੰ ਇੱਕ ਵਾਰ ਮਿਲ ਲੈਂਦਾ ਹੈ ਸਾਰੀ ਉਮਰ ਉਸ ਦੇ ਨਿੱਘੇ ਤੇ ਮਿਲਪੜੇ ਸੁਭਾਅ ਤੋਂ ਪਰਾਂ ਨਹੀਂ ਹੋ ਸਕਦਾ।

ਭੱਟੀ ਦਾ  ਜਨਮ ਪਿੰਡ ਭੜੀ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪਿਤਾ ਸ.ਹਰਨੇਕ ਸਿੰਘ ਅਤੇ ਮਾਤਾ ਜੀ ਸ਼੍ਰੀਮਤੀ ਸਵਰਨ ਕੌਰ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ,ਫਿਰ ਏ ਐਸ ਕਾਲਜ ਖੰਨੇ ਤੋਂ ਬੀ ਏ ਕੀਤੀ,ਐਮ ਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਨਾਲ ਹੀ ਇੱਥੋਂ ਮੈ ਐਮ ਫਿਲ ਪੰਜਾਬੀ ਲਿਟਰੇਚਰ ਕੀਤੀ ਅਤੇ ਫੇਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀਬਾੜੀ ਵਿੱਚ ਡਿਪਲੋਮਾ ਕੀਤਾ ਅਤੇ ਫਿਰ ਐਮ.ਬੀ.ਏ (ਫਾਇਨਾਂਸ) ਦੀ ਡਿਗਰੀ ਹਾਸਿਲ ਕੀਤੀ। ਕਿਸੇ ਨੂੰ ਪਤਾ ਨਹੀ ਸੀ ਕਿ ਪਿੰਡ ਭੜੀ ਦੀਆਂ ਗਲੀਆਂ ਵਿੱਚ ਖੇਡਦਾ ਇਹ ਬੱਚਾ ਆਉਣ ਵਾਲੇ ਕੱਲ ਨੂੰ “ਭੱਟੀ ਭੜੀਵਾਲੇ ” ਦੇ ਨਾਮ ਨਾਲ ਮਸ਼ਹੂਰ ਹੋ ਕੇ ਪੂਰੀ ਦੁਨੀਆਂ ਵਿੱਚ ਪਿੰਡ ਦਾ ਨਾਮ ਰੌਸ਼ਨ ਕਰੇਗਾ।

ਬੇੱਸ਼ਕ ਉਨਾਂ ਦੇ ਘਰ-ਪਰਿਵਾਰ ਵਿੱਚ ਇੱਦਾਂ ਦਾ ਕੋਈ ਮਹੌਲ ਨਹੀਂ ਸੀ, ਪਰ ਬਚਪਨ ਵਿੱਚ ਜਦੋਂ ਗੀਤ ਸੁਣਦਾ ਸੀ ਤਾਂ ਗੀਤਾਂ ਵਿੱਚ ਲੇਖਕਾਂ ਦੇ ਨਾਮ ਸੁਣ ਇਨਾਂ ਨੂੰ  ਬਹੁਤ ਖੁਸ਼ੀ ਹੁੰਦੀ ਸੀ ਅਤੇ ਹੌਲੀ-ਹੌਲੀ ਮਨ ਵਿੱਚ ਇੱਕ ਤਾਂਘ ਜਿਹੀ ਬਣਦੀ ਗਈ ਕਿ ਕਿ ਕਾਸ਼ ਮੇਰਾ ਨਾਮ ਇੱਦਾਂ ਹੀ ਗੀਤਾਂ ਵਿੱਚ ਆਵੇ ,ਅਤੇ ਇਸੇ ਤਰਾਂ ਦੇ ਖਿਆਲ ਮਨ ਵਿੱਚ ਉਪਜਦਿਆਂ ਭੱਟੀ ਨੂੰ ਪਤਾ ਹੀ ਲੱਗਿਆ ਕਿ ਕਦੋਂ ” ਭੱਟੀ ਭੜੀਵਾਲਾ ” ਬਣ ਗਿਆ।

ਅਜੇ ਉਹ ਏ ਐਸ ਕਾਲਜ ਖੰਨੇ ਪੜ ਹੀ ਰਿਹਾ ਸੀ ਕਿ ਉਸ ਦਾ ਪਹਿਲਾ ਗੀਤ ” ਰੋਂਦੀ ਚਮਕੌਰ ਗੜ੍ਹੀ ਧਾਹਾਂ ਮਾਰ ਖੁਦਾ ਦੇ ਅੱਗੇ ” ਲਾਭ ਜੰਜੂਆ ਦੀ ਅਵਾਜ਼ ਵਿੱਚ ਰਿਕਾਰਡ ਹੋ ਗਿਆ, ਇਸ ਗੀਤ ਨੂੰ ਟੈਕਸਲਾ ਕੰਪਨੀ ਨੇ ਰਿਕਾਰਡ ਕੀਤਾ ਸੀ। ਅਤੇ ਫਿਰ ਕਾਲਜ ਦੇ ਦਿਨਾ ਵਿੱਚ ਹੀ ਇਨਾਂ ਦੀ ਮੁਲਾਕਾਤ ਗਾਇਕ ‘ਕੇਸਰ ਮਾਣਕੀ’ ਨਾਲ ਹੋਈ ਅਤੇ ਕੁੱਝ ਚਿਰ ਬਾਅਦ ਮਾਣਕੀ ਦੀ  ਕੈਸਿਟ ‘ਯਾਦਾਂ ਦੇ ਖਿਡੌਣੇ’ ਵਿੱਚ ” ਮਿੰਨੀ ਮਿੰਨੀ ਗਿਰਦੀ ਬੂਰ ਵੇ,ਕੱਲੀ ਨੂੰ ਛੱਡ ਤੁਰ ਗਿਆ ਦੂਰ ਵੇ” ਤੇ ” ਅੱਜ ਫਿੱਕੀਆਂ ਪੈ ਗਈਆਂ ਬੁੱਢੇ ਬੋਹੜ ਦੀਆਂ ਛਾਵਾਂ ” ਦੋ ਗੀਤ ਭੱਟੀ ਭੜੀਵਾਲੇ ਦੇ ਰਿਕਾਰਡ ਹੋ ਗਏ।

ਇਹ ਸਿਲਸਲਾ ਅਜੇ ਤੁਰਿਆ ਹੀ ਸੀ ਕਿ ਸੰਗੀਤ ਸਮਾਰਟ ਚਰਨਜੀਤ ਆਹੂਜਾ ਦੇ ਸੰਗੀਤ ਵਿੱਚ ਗਾਇਕ ਦੁਰਗਾ ਰੰਗੀਲਾ ਦੀ ਕੈਸਿਟ “ਨੂਰ ਤੇਰੇ ਨੈਣਾਂ ਦਾ” ਵਿਚਲੇ ਗੀਤਾਂ ” ਤੂੰ ਰਾਤ ਗਈ ਤੋਂ ਨੀ ਚੰਨੀਏ,ਮੇਰੀ ਮੜੀ ਤੇ ਦੀਵਾ ਧਰ ਜਾਂਈਂ ਨੀ ” ਅਤੇ “ਅਸੀਂ ਜਿੱਤ ਗਏ ਮੁਕੱਦਮਾ ਪਿਆਰ ਦਾ, ਤੂੰ ਇਸ਼ਕੇ ਦਾ ਕੇਸ ਹਾਰ ਗਈ” ਬਾਰੇ ਸ਼ਾਇਦ ਭੱਟੀ ਨੂੰ ਖੁਦ ਵੀ ਪਤਾ ਨਹੀਂ ਹੋਣਾ ਕਿ ਇਹ ਗੀਤ ਇੰਨੇ ਮਕਬੂਲ ਹੋਣਗੇ ਅਤੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨਗੇ ਅਤੇ ਪੰਜਾਬ ਦੇ ਚੋਟੀ ਦੇ ਗੀਤਕਾਰਾਂ ਵਿੱਚ ਉਸ ਦਾ ਨਾ ਵੀ ਲਇਆ ਜਾਣ ਲੱਗੇਗਾ, ਦੁਰਗੇ ਰੰਗੀਲੇ ਦੀ ਇਸ ਕੈਸਿਟ ਨੇ ਸਫਲਤਾ ਅਤੇ ਮਕਬੂਲੀਅਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਚਾਰੇ ਪਾਸੇ ਭੱਟੀ-ਭੱਟੀ ਹੋ ਗਈ।

ਫਿਰ ਕੀ ਸੀ ਹਰ ਗਾਇਕ,ਹਰ ਕੈਸਿਟ ਕੰਪਨੀ ਨੇ ਉਸ ਦੇ ਗੀਤਾਂ ਨੂੰ ਰਿਕਾਰਡ ਕਰਕੇ ਆਪੋਂ ਆਪਣੇ ਵਪਾਰਾਂ ਵਿੱਚ ਚੋਖਾ ਵਾਧਾ ਕੀਤਾ। ਵੱਡੇ-ਵੱਡੇ ਗਾਇਕ ਅਤੇ ਵੱਡੀਆਂ ਕੰਪਨੀਆਂ ਵਾਲੇ ਉਸ ਦੇ ਗੀਤਾਂ ਨੂੰ ਰਿਕਾਰਡ ਕਰਕੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰਨ ਲੱਗੇ।
ਗੀਤਕਾਰਾਂ ਨਾਲ ਅਕਸਰ ਬੇਇਨਸਾਫੀ ਹੁੰਦੀ ਹੈ ਹਮੇਸ਼ਾਂ ਹੀ ਇਹ ਹੁੰਦਾ ਆਇਆ ਹੈ ਕਿ ਜਿਸ ਗੀਤ ਤੇ ਕਲਾਕਾਰ ਸਟਾਰ ਬਣ ਜਾਂਦੇ ਨੇ ਉਨਾਂ ਗੀਤਾਂ ਨੂੰ ਰਚਣ ਵਾਲੇ ਦੀ ਕੋਈ ਬਾਂਹ ਨਹੀਂ ਫੜਦਾ ਇਸ ਬਾਰੇ ਭੱਟੀ ਭੜੀ ਵਾਲੇ ਦੀ ਸੋਚ ਵੀ ਕੁੱਝ ਇਸੇ ਤਰਾਂ ਦੀ ਹੈ ਉਹ ਕਹਿੰਦਾ ਹੈ ਗਾਇਕਾਂ ਨੇ ਤਾਂ ਕੀ ਕਰਨਾ ਹੁੰਦਾ ਹੈ, ਗੀਤਕਾਰੀ ਦੇ ਖੇਤਰ ਵਿੱਚ ਨਵਾਂ-ਨਵਾਂ ਹੋਣ ਕਰਕੇ ਕੋਈ  ਬਾਂਹ ਨੀ ਫੜਦਾ।

ਪਰ ਜਦੋਂ ਤੁਹਾਡਾ ਮਾਰਕੀਟ ਵਿੱਚ ਨਾਮ ਬਣ ਜਾਂਦਾ ਹੈ ਤਾਂ ਲੋਕ ਤੁਹਾਡੇ ਅੱਗੇ-ਪਿੱਛੇ ਘੁੰਮਦੇ ਹਨ। ਭੱਟੀ ਦੱਸਦਾ ਹੈ ਕਿ ਜਦੋਂ ਰਾਜਾ ਐਂਟਰਟੇਨਰ ਕੰਪਨੀ ‘ਚ ਕੁਲਦੀਪ ਮਾਣਕ ਸਾਹਿਬ ਦੀ ਕੈਸਿਟ “ਦਿਲ ਮਿਲਿਆਂ ਦੇ ਮੇਲੇ” ਆਈ ਤਾਂ ਉਸ ਵਿੱਚ ਮਾਣਕ ਸਾਹਿਬ ਨੇ ਉਸ ਦੇ ਗੀਤ ਰਿਕਾਰਡ ਕਰਵਾਏ ਜੋ ਗੀਤਕਾਰੀ ਸੰਘਰਸ਼ ਅਤੇ ਸ਼ੁਰੂਆਤੀ ਦੌਰ ਵਿੱਚ ਮਾਣਕ ਸਾਹਿਬ ਕੋਲ ਉਨਾਂ ਦੇ ਦਫਤਰ ਲੈ ਕੇ ਗਇਆ ਸੀ, ਪਰ ਮਾਣਕ ਸਾਹਿਬ ਨੇ ਉਸ ਵੇਲੇ ਨਹੀਂ ਸਨ ਗਾਏ।

ਗੀਤਕਾਰੀ ਵਿੱਚ ਬੇਸ਼ੱਕ ਉਸ ਨੇ ਕਿਸੇ ਨੂੰ ਉਸਤਾਦ ਨਹੀ ਧਾਰਿਆ ਹੈ,ਪਰ ਫੇਰ ਵੀ ਇਹ ਗੱਲ ਜਰੂਰ ਹੈ ਕਿ ਉਹ ਅਕਸਰ ਉੱਘੇ ਅਤੇ ਸਿਰਕੱਢ ਦਵਿੰਦਰ ਖੰਨੇਵਾਲੇ ਕੋਲ ਅਕਸਰ ਜਾਂਦਾ ਰਹਿੰਦਾ ਸੀ ਅਤੇ ਦਵਿੰਦਰ ਖੰਨੇਵਾਲੇ ਦੀ ਲੇਖਣੀ ਉਸਦੇ ਗੀਤਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਸੀ। ਉਸ  ਨੇ ਕਈਂ ਵਾਰ ਬੇਨਤੀ ਵੀ ਸੀ ਕਿ ਉਹ ਤੁਹਾਨੂੰ ਉਸਤਾਦ ਧਾਰਨਾ ਚਾਹੁੰਦਾ ਹੈ ਪਰ ਦਵਿੰਦਰ ਖੰਨੇਵਾਲਾ ਭੱਟੀ ਭੜੀਵਾਲੇ ਨੂੰ ਹੱਸ ਕਿ ਇਹ ਆਖਦਾ ਦਿੰਦਾ ਕਿ ਤੂੰ ਲਿਖਣ ਵਿੱਚ ਆਪ ਹੀ ਕੋਈ ਕਮੀ ਨਹੀਂ ਛੱਡਦਾ।ਤੇਰੇ ਗੀਤਾਂ ਦਾ ਪੱਧਰ ਮੇਰੇ ਗੀਤਾਂ ਦੇ ਬਰਾਬਰ ਹੀ ਹੈ,ਫੇਰ ਐਂਵੇ ਤੇਰੇ ਉੱਤੇ ਆਪਣਾ ਚੇਲਾ ਹੋਣ ਦੀ ਮੋਹਰ ਕਿਉਂ ਲਾਵਾਂ।

ਬੇਸ਼ੱਕ ਅੱਜਕੱਲ ਗੀਤ ਸੁਣਨ ਦੀ ਬਾਜਏ ਵੇਖਣ ਦੇ ਬਣ ਗਏ ਨੇ,ਗੀਤਾਂ ਦੇ ਸਮੇ ਫਿਲਮਾਂਕਣ ਜਰੂਰੀ ਹੋ ਗਿਆ ਹੈ, ਉਹ ਵੀ ਨੰਗੇਜ ਭਰਭੂਰ। ਇਸ ਬਾਰੇ ਭੱਟੀ ਦਾ ਕਹਿਣਾ ਹੈ ਹੈ ਕਿ ਜੋ ਅਸਲੀ ਗੀਤ ਹੁੰਦੇ ਨੇ, ਉਨਾਂ ਨੂੰ ਕਿਸੇ  ਸਹਾਰੇ ਦੀ ਲੋੜ ਨਹੀ ਹੁੰਦੀ,ਗੀਤ ਤਾ ਗੀਤਕਾਰ ਦੀਆਂ ਦਿਲੀ ਭਾਵਨਾਵਾਂ ਵਿੱਚੋਂ ਜਨਮਿਆ ਹੁੰਦਾ ਹੈ। ਇਹ ਸਭ ਕੰਪਨੀਆ ਕਮਰੀਸ਼ੀਅਲ ਪੱਖ ਨੂੰ ਵੇਖ ਕੇ ਕਰਦੀਆਂ ਹਨ,ਕੋਈ ਵੀ ਗੀਤਕਾਰ ਕਦੇ ਵੀ ਕਿਸੇ ਵੀ ਵੀਡੀਓਜ ਨੂੰ ਧਿਆਨ ਵਿੱਚ ਰੱਖਕੇ ਨਹੀਂ ਲਿਖਦਾ।ਗੀਤ ਤਾਂ ਗੀਤਕਾਰ ਲਈ ਆਪਣੇ ਪੁੱਤਾਂ ਵਰਗੇ ਹੁੰਦੇ ਨੇ ਅਤੇ ਕੋਈ ਵੀ ਗੀਤਕਾਰ ਇਹ ਨਹੀ ਚਾਹੁੰਦਾ ਕਿ ਉਸਦਾ ਪੁੱਤ ਬਦਨਾਮ ਹੋਵੇ।

ਭੱਟੀ ਭੜੀ ਵਾਲੇ ਦੀ ਗੀਤਾਂ ਦੀ ਗਿਣਤੀ ਸੈਂਕੜਿਆ ਚ ਹੈ- ਜੇ ਉਸ ਦੇ ਉਨਾਂ ਗੀਤਾਂ ਦੀ ਲਿਸਟ ਬਣਾਈ ਜਾਵੇ ਜੋ ਮਸ਼ਹੂਰ ਗਾਇਕਾ ਵੱਲੋਂ ਗਾਏ ਹਨ ਤਾਂ ਲਿਸਟ ਬਹੁਤ ਲੰਮੀ ਹੋ ਜਾਂਦੀ ਹੈ, ਕੁਲਦੀਪ ਮਾਣਕ,ਸੁਰਿੰਦਰ ਛਿੰਦਾ,ਦੁਰਗਾ ਰੰਗੀਲਾ, ਸੁਖਸ਼ਿੰਦਰ ਸ਼ਿੰਦਾ, ਜਸਬੀਰ ਜੱਸੀ, ਹਰਦੀਪ, ਅਮਰ ਨੂਰੀ, ਮਨਪ੍ਰੀਤ ਅਖਤਰ, ਸੁਨੀਤਾ ਭੱਟੀ, ਕਮਲਜੀਤ ਨੀਰੂ, ਜਸਪਿੰਦਰ ਨਰੂਲਾ, ਰਣਜੀਤ ਮਣੀ, ਨਿਰਮਲ ਸਿੱਧੂ, ਬਿੱਲ ਸਿੰਘ, ਸਰਬਜੀਤ ਚੀਮਾ,ਭਿੰਦਾ ਜੱਟ, ਗੁਰਬਖਸ਼ ਸ਼ੌਕੀ, ਭੁਪਿੰਦਰ ਗਿੱਲ ਜੰਗੇਆਣਾ,ਜੀਤ ਜਗਜੀਤ, ਸਲੀਮ, ਭੁਪਿੰਦਰ ਕੌਰ ਮੁਹਾਲੀ, ਗੁਰਮੇਜਰ ਗੁਰਨਾ, ਕੁਲਦੀਪ ਤੂਰ, ਮਨਿੰਦਰ ਮੰਗਾ, ਭੁਪਿੰਦਰ ਬੱਬਲ, ਗੁਰਕ੍ਰਿਪਾਲ ਸੂਰਾਪੁਰੀ,ਵਕੇਸਰ ਮਾਣਕੀ, ਮਿਸ ਨੀਲਮ,ਮਨਿੰਦਰ ਦਿਓਲ, ਮਦਨ ਸ਼ੌਂਕੀ, ਲਾਭ ਜੰਜੂਆ, ਮੇਜਰ ਸਿੰਘ ਸੁਨਾਮ,ਹਰਭਜਨ ਸ਼ੇਰਾ, ਜੱਸੀ ਜਸਪਾਲ, ਕਰਮਜੀਤ ਅਨਮੋਲ, ਰਾਜਦੀਪ ਲਾਲੀ (ਅਸਟਰੇਲੀਆ),ਪੰਮਾ ਲਸਾੜੀਆ (ਯੂ ਕੇ), ਮੰਗਲ ਸਿੰਘ (ਯੂ ਕੇ) ਰਾਜ ਤਿਵਾੜੀ,ਜਸ਼ਨ ਸਿੰਘ, ਤੁਲਸੀ ਕੁਮਾਰ,ਰਾਜਿੰਦਰ ਮੋਹਣੀ, ਮੀਤ ਮਲਕੀਤ , ਰਾਖੀ ਹੁੰਦਲ, ਸਤਵਿੰਦਰ ਸੱਤੀ (ਯੂ ਐਸ ਏ), ਮਨਮਿੰਦਰ ਬਾਸੀ (ਕੈਨੇਡਾ), ਛਿੰਦਾ ਸੁਰੀਲਾ (ਯੂ ਕੇ) ਹਰਪ੍ਰੀਤ ਰੰਧਾਵਾ,ਮਨਜੀਤ ਰੂਪੋਵਾਲੀਆ,ਤੋਂ ਹੋਰ ਬਹੁਤ ਸਾਰੇ ਗਾਇਕਾਂ ਨੇ ਭੱਟੀ ਦੇ ਲਿਖੇ ਗੀਤ ਗਾਏ ਹਨ !

ਭੱਟੀ ਭੜੀ ਵਾਲੇ ਦੀ ਕਲਮ ਕੈਸਿਟਾਂ ਤੱਕ ਹੀ ਸੀਮਿਤ ਨਹੀ ਰਹੀ ਸਗੋਂ ਉਸਦਾ ਸਾਹਿਤਕ ਸਫਰ ਵਿੱਚ ਵੀ ਕੋਈ ਸਾਨੀ ਨਹੀ ।ਜਿੱਥੇ ਢੇਰਾਂ ਗੀਤ ਰਿਕਾਰਡ ਹੋਏ ਨੇ,ਉੱਥੇ ਉਨਾਂ ਨੇ ਆਪਣੇ ਗੀਤਾਂ ਦੀ ਲਿਖੀ ਕਿਤਾਬ ਵੀ ਪਬਲਿਸ਼ ਕਰਵਾਈ ਹੈ ਉਨਾਂ ਦੀ ਪਲੇਠੀ ਕਿਤਾਬ ” ਪਿੰਡ ਦੀਆਂ ਗਲੀਆਂ ” ਨੂੰ ਪਿੱਛੇ ਜਿਹੇ ਇਟਲੀ,ਯੂ ਕੇ,ਕੈਨੇਡਾ ਅਤੇ ਅਮਰੀਕਾ ਵਿੱਚ ਰਿਲੀਜ ਕੀਤਾ ਗਿਆ ਹੈ।ਅਤੇ ਬਹੁਤ ਜਲਦੀ ਪੰਜਾਬੀ ਪਾਠਕਾਂ ਨੂੰ ਇੱਕ ਹੋਰ ਕਿਤਾਬ ” ਪੰਜਾਬ ਜ਼ਿੰਦਾਬਾਦ ” ਵੀ ਪੜ੍ਹਨ ਨੂੰ ਮਿਲੇਗੀ ਜੋ ਕਿ ਵਿਲੱਖਣ ਲੇਖਣੀ ਅਤੇ ਸੁਲਝੀ ਸੋਚ ਦਾ ਪ੍ਰਤੱਖ ਪ੍ਰਮਾਣ ਹੋਵੇਗੀ।

ਗੀਤ ਲਿਖਣ ਵੇਲੇ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਸੱਭਿਆਚਾਰ ਸ਼ਬਦਾਂ ਦੀ ਵਰਤੋ ਕੀਤੀ ਜਾਵੇ, ਗੀਤ ਦੀ ਸ਼ਬਾਦਵਲੀ ਬਹੁਤ ਸਾਦਗੀ ਅਤੇ ਸੌਖੀ ਸਮਝ ਆਉਣ ਵਾਲੀ ਹੋਵੇ।ਅਤੇ ਜੋ ਗੀਤ ਸੁਣੇ ਉਸ ਨੂੰ ਕੋਈ ਨਾ ਕੋਈ ਲਾਈਨ ਇੱਦਾਂ ਦੀ ਲੱਗੇ ਕਿ ਜਿਵੇਂ ਉਸ ਦੀ ਗੱਲ ਕੀਤੀ ਜਾ ਰਹੀ ਹੋਵੇ। ਉਹ ਫੋਕੀ ਸੋਹਤਰ ਤੋਂ ਕੋਹਾਂ ਦੂਰ ਅਤੇ ਲੋਕਾਂ ਦੇ ਦਿਲਾਂ ਦੇ ਨੇੜੇ ਰਹਿਣ ਵਾਲੇ ਗੀਤ ਲਿਖਣਾ ਚਾਹੁੰਦਾ ਹੈ।
ਧਾਰਮਿਕ ਪੱਖ ਖਾਸ ਕਰ ਸਿੱਖ ਧਰਮ ਬਾਰੇ ਵੀ ਉਹ ਅਕਸਰ ਲਿਖਦਾ ਹੈ ਉਸਦਾ ਪਹਿਲਾ ਗੀਤ ਵੀ ਧਾਰਮਿਕ ਹੀ ਰਿਕਾਰਡ ਹੋਇਆ ਉਸ ਤੋਂ ਬਾਅਦ ਵੀ ਕਾਫੀ ਧਾਰਮਿਕ ਗੀਤ ਲਿਖੇ ਜਿਨਾ ‘ਚ ਤਰਲੋਚਨ ਸਿੰਘ ਭਮੱਦੀ ਦੀ ਅਵਾਜ ਵਿੱਚ ਕੈਸੇਟ ’’ਫਿਰ ਉੱਠੂ ਤਲਵਾਰ” ਤੇ ਭਿੰਦੇ ਜੱਟ ਦੀ ” ਐਸਾ ਪੰਥ ਖਾਲਸਾ ਸਜਾੳੁਣਾ ” ਲਾਭ ਜੰਜੂਆ ਦੀ ” ਸਤਿਗੁਰ ਨਾਨਕ ਬਾਣੀ ਤੇਰੀ ” ਅਤੇ ਬਲਦੇਵ ਲਹਿਰਾ ਦੀ “ਤੇਰਾ ਖਾਲਸਾ ” ਆਦਿ ਜ਼ਿਕਰਯੋਗ ਹਨ।

ਮਾਣ ਸਨਮਾਨ ਦੀ ਗੱਲ ਕਰੀਏ ਤਾਂ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀਆਂ ਨੇ ਉਸਨੂੰ ਮਣਾਮੂੰਹੀ ਪਿਆਰ ਦਿੱਤਾ, ਉਹ ਮੰਨਦਾ ਹੈ ਕਿ ਲੋਕਾਂ ਦਾ ਪਿਆਰ ਕਿਸੇ ਵੀ ਐਵਾਰਡ ਤੋਂ ਵੱਡਾ ਹੁੰਦਾ,ਬਾਕੀ ਉਸਨੂੰ ਪੰਜਾਬ ਵਿੱਚ ਮਿਲੇ ਸਨਮਾਨਾ ਤੋਂ ਇਲਾਵਾ, ਬਾਹਰ ਪ੍ਰਦੇਸਾਂ ਵਿੱਚ ਵੀ ਬਹੁਤ ਸਨਮਾਨ ਮਿਲੇ ਨੇ ਜਿਨਾਂ ‘ਚ ਖਾਸਕਰ ਇਟਲੀ ਦੇ ਸ਼ੌਂਕੀ ਮੇਲੇ ‘ਚ ‘ਨੰਦ ਲਾਲ ਨੂਰਪੁਰੀ’ ਐਵਾਰਡ, ਟੌਰਾਂਟੋ ਦੇ ਮੇਲੇ ਵਿੱਚ ‘ਸ਼ਿਵ ਕੁਮਾਰ ਬਟਾਲਵੀ’ ਅਵਾਰਡ,ਪੰਜਾਬ ਸਰਕਾਰ ਵੱਲੋਂ ‘ਸਟੇਟ ਗੀਤਕਾਰ’ ਐਵਾਰਡ। ਇਸ ਤੋਂ ਇਲਾਵਾ ਬਹਾਰਾਂ ਪੰਜਾਬ ਦੀਆਂ (ਯੂ.ਕੇ), ਸਾਨ ਪੰਜਾਬ ਦੀ (ਇਟਲੀ) ਵੱਲੋਂ,ਪੰਜਾਬੀ ਸੱਭਿਆਚਾਰਕ ਮੰਚ (ਟੋਰਾਂਟੋ),ਰੰਗਲਾ ਪੰਜਾਬ ਕਲੱਬ (ਨਿਊਯਾਰਕ),ਵਸਦਾ ਪੰਜਾਬ (ਪੈਰਿਸ) ਇੰਗਲੈਂਡ ਫੇਰੀ ਦੌਰਾਨ ‘ਦੇਵ ਥਰੀਕੇ ਵਾਲਾ’ ਐਪਰੀਸ਼ੇਸ਼ਨ ਸੁਸਾਇਟੀ,(ਯੂ ਕੇ) ਵੱਲੋਂ ਅਤੇ ਹੋਰ ਬਹੁਤ ਸਾਰੀਆਂ ਸੱਭਿਆਚਾਰਕ ਸੰਸਥਾਵਾਂ ਅਤੇ ਕਲੱਬਾਂ ਵੱਲੋਂ ਮਾਨ ਸਨਮਾਨ ਕੀਤਾ ਗਿਆ ਹੈ।

ਉਸਦੇ ਲਿਖੇ  ਸੈਂਕੜੇ ਹੀ ਗੀਤ ਹਿੱਟ ਹੋ ਚੁੱਕੇ ਨੇ, ਜਿਹੜੇ ਇੱਕ ਦਹਾਕੇ ਤੋਂ ਵੀ ਜਿਆਦਾ ਲੋਕਾਂ ਦੇ ਮਨਾ ਉੱਪਰ ਰਾਜ ਕਰ ਰਹੇ ਹਨ।
* ਅਸੀਂ ਜਿੱਤਗੇ ਮੁਕੱਦਮਾ ਪਿਆਰ ਦਾ,
ਤੂੰ ਇਸ਼ਕੇ ਦਾ  ਕੇਸ ਹਾਰ ਗਈ
(ਦੁਰਗਾ ਰੰਗੀਲਾ)
* ਰੱਬ ਵਰਗਾ ਤੇਰਾ ਯਾਰ ਵੈਰਨੇ,
(ਦੁਰਗਾ ਰੰਗੀਲਾ)
* ਬਾਪੂ ਤੇਰਾ ਗੁਜਰ ਗਿਆ..
(ਦੁਰਗਾ ਰੰਗੀਲਾ)
* ਮੇਲਾ ਵੇਖਦੀਏ ਮੁਟਿਆਰੇ..
(ਸਰਬਜੀਤ ਚੀਮਾ)
* ਯਾਦਾਂ ਤੇਰੀਆਂ..
(ਬਿੱਲ ਸਿੰਘ)
* ਇੱਕ ਤੇਰੇ ਠੁਮਕੇ ਨੇ..
(ਮਾਸਟਰ ਸਲੀਮ)
* ਅਸੀਂ ਦਿਲ ਦੇ ਬੂਹੇ ਤੇ ਲਿਖਵਾਇਆ,
ਆਓ ਜੀ ਆਇਆ ਨੂੰ …
(ਹਰਭਜਨ ਸ਼ੇਰਾ)
* ਮਾਫ ਕਰੀ ਤੈਨੂੰ ਮਿਲ ਸੋਹਣਿਆ
ਆ ਨੀ ਸਕਦੀ ਮੈ..
(ਰਣਜੀਤ ਮਣੀ)
* ਦਿਲ ਮਿਲਿਆਂ ਦੇ ਮੇਲੇ..
(ਕੁਲਦੀਪ ਮਾਣਕ)
* ਸੋਹਰਿਆਂ ਦੀ ਮੁੰਦੀ ..
(ਮਨਿੰਦਰ ਮੰਗਾ)
* ਛੱਡ ਪ੍ਰਦੇਸ਼ਾਂ ਨੂੰ ..
(ਸੁਰਿੰਦਰ ਸ਼ਿੰਦਾ)
* ਟਾਈਮ-ਟਾਈਮ ਦੀ ਗੱਲ…
(ਸੁਨੀਤਾ ਭੱਟੀ),
* ਮੇਲਾ ਲੁੱਟਕੇ ਮੁੜੇਗੀ …
(ਹਰਦੀਪ)
* ਤੈਨੂੰ ਲਾਣੇਦਾਰ ਦਿਲ ਦਾ ਬਣਾਈ ਬੈਠੀ ਆਂ…
(ਕਮਲਜੀਤ ਨੀਰੂ)
* ਚੁੰਨੀ ਲੈ ਦੇ ਸੱਤਰੰਗ ਦੀ…
(ਅਮਰ ਨੂਰੀ)
* ਸੁਣਿਆ ਤੂੰ ਸਾਡੇ ਛੱਲਿਆਂ ਤੇ
ਨਾ ਲਿਖਵਾ ਲਏ ਹੋਰਾਂ ਦੇ’..
(ਗੁਰਬਖਸ਼ ਸ਼ੌਂਕੀ)
* ਸਾਰੀ ਰਾਤ ਸੋਹਣਿਆ ਨੀਂਦ ਨਾ ਆਉਂਦੀ’..
(ਸੁਨੀਤਾ ਭੱਟੀ)
* ਬਾਜੀ ਜਿੱਤ ਕੇ ਗਏ ਆ ਰਾਂਝਾ ਹਾਰ ਵੇ..
(ਜਸਪਿੰਦਰ ਨਰੂਲਾ)
* ਤਿੰਨ ਵਾਰ ਹੱਥ ਹਿੱਲਿਆ ਟਾ ਟਾ ਕਹਿ ਗਈ.
(ਕਰਤਾਰ ਰਮਲਾ)
* ਹੱਕ ਮੰਗਿਆ ਨੀ ਮਿਲਦੇ ਹੱਕ ਤਾਂ ਖੋਹਣੇ ਪੈਂਦੇ ਨੇ.
(ਮਨਮਿੰਦਰ ਬਾਸੀ)
* ਕਿਉਂ ਫਿਰੇ ਰੋਲਦਾ ਵੇ ਮੂਰਖਾ ਤੂੰ ਊੜਾ ‘ਤੇ ਜੂੜਾ.
(ਜੀਤ ਜਗਜੀਤ)
* ਇੱਕ ਯਾਦ ਪੁਰਾਣੀ ਏ ਤੇਰੀ ਮੇਰੀ ਕਹਾਣੀ ਏ..
(ਜਸ਼ਨ ਸਿੰਘ)
* ਜੇ ਸਿੱਖ ਨੂੰ ਸਿੱਖ ਨਾ ਮਾਰੇ ,
ਸਿੱਖ ਕੌਮ ਕਦੇ ਨਾ ਹਾਰੇ ..
(ਸੁਖਸ਼ਿੰਦਰ ਸ਼ਿੰਦਾ)
* ਜੋ ਜਿਓਣ ਅਣਖ ਦੇ ਨਾਲ,
ਓਹ ਜਸਟ ਪੰਜਾਬੀ ਹੁੰਦੇ ਨੇ …
(ਸੁਰਿੰਦਰ ਛਿੰਦਾ)
* ਤੇਰੇ ਠੁਮਕੇ ਨੇ ੲਿੰਡੀਅਾ ਹਿਲਾਕੇ ਰੱਖਤਾ..
(ਜਸਬੀਰ ਜੱਸੀ)
* ਮੈਂ ਵੀ ਕੱਲ੍ਹ ਜੁੱਤੀ ਨੂੰ ਲਵਾ ਲੲੇ ਘੁੰਗਰੂ..
( ਰਾਖੀ ਹੁੰਦਲ)
* ਸਾਡੀ ਸਰਦਾਰੀ ਦੀਅਾਂ ਹੁੰਦੀਅਾਂ ਨੇ ਗੱਲਾਂ,
ਅਸੀਂ ਜਿੱਧਰੋਂ ਵੀ ੲਿੱਕ ਵਾਰੀ ਲੰਘ ਜਾੲੀਦਾ..
( ਹਰਦੀਪ ਸਿੰਘ)
* ਨੱਚਦੀ ਨਵੀਂ ਵਿਅਾਹੀ ਜੋੜੀ..
( ਸਰਬਜੀਤ ਚੀਮਾ)

ਭੱਟੀ ਭੜੀ ਵਾਲਾ “ ਫਿਲਮ ਰਾਈਟਰਜ ਐਸ਼ੋਸ਼ੀਏਸ਼ਨ ਮੁੰਬਈ ”, “ ਪ੍ਰਫਾਰਮਿੰਗ ਰਾਈਟ ਸੁਸਾਇਟੀ ” ਲੰਡਨ ਅਤੇ “ਵਰਲਡ ਵਾਈਡ ਰਾਈਟਰਜ ਐਸ਼ੋਸੀਏਸ਼ਨ” ਕਨੈਡਾ ਦਾ ਲਾਈਫ ਟਾਈਮ ਮੈਂਬਰ ਵੀ ਹੈ।

ਨਵੇਂ ਗੀਤਕਾਰਾਂ ਨੂੰ ਕੋਈ ਸੁਨੇਹਾ ਦੇਣਾ ਬਾਰੇ ਭੱਟੀ ਦਾ ਮੰਨਣਾ ਹੈ ਕਿ ਵੈਸੇ ਤਾਂ ਅੱਜਕੱਲ ਹਰ ਕੋਈ ਹੀ ਸਮਝਦਾਰ ਹੈ, ਅਸੀਂ ਕਿਸੇ ਨੂੰ ਕੀ ਸਮਝਾ ਸਕਦਾ ਹਾਂ, ਫੇਰ ਵੀ ਉਹ ਗੀਤਕਾਰੀ ਬਾਰੇ ਫਿਕਰਮੰਦ ਹੁੰਦੇ ਕਹਿੰਦਾ ਹੈ ਕਿ  ਪੰਜਾਬੀ ਸੱਭਿਆਚਾਰ ਦਾ ਬਹੁਤ ਵਿਸ਼ਾਲ ਹੈ, ਇਸ ਵਿੱਚ ਲਿਖਣ ਲਈ ਬਹੁਤ ਵਿਸ਼ੇ ਹਨ। ਉਨਾ ਵਿਸ਼ਿਆਂ ਨੂੰ ਛੂਹਿਆ ਜਾਵੇ ਜੋ ਲੋਕ ਮਨਾ ਦੇ ਬਹੁਤ ਨੇੜੇ ਹੋਣ।ਜਿਨਾਂ ਨੂੰ ਮਨ ਮੋਹਿਆ ਜਾਵੇ।ਅਤੇ ਸੱਭਿਆਚਾਰ ਦਾਇਰੇ ਵਿੱਚ ਰਹਿਕੇ ਹੀ ਲਿਖਿਆ ਜਾਵੇ। ਬਾਕੀ ਰਾਤੋ-ਰਾਤ ਸਟਾਰ ਨਾ ਬਣੀਏ, ਜੋ ਲੋਕ ਅੱਜ ਤੁਹਾਡੇ ਸਾਹਮਣੇ ਕਿਸੇ ਮੁਕਾਮ ਤੇ ਨੇ ਉਨਾਂ ਨੇ ਮਿਹਨਤ ਕੀਤੀ ਹੈ ਉਨਾਂ ਦੇ ਬਰਾਬਰ ਦਾ ਹੋਣ ਲਈ ਮਿਹਨਤ ਦੀ ਸਖਤ ਜਰੂਰਤ ਹੈ।

ਭੱਟੀ ਭੜੀ ਵਾਲੇ ਦੇ ਗੀਤਕਾਰੀ ਸਫਰ ਵਿੱਚ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ,ਮਨਿੰਦਰ ਗਿੱਲ (ਰਾਜਾ ਐਂਟਰਟੇਨਰਜ ਕੈਨੇਡਾ),ਜਰਨੈਲ ਘੁਮਾਣ (ਸੁਰ ਸੰਗਮ), ਬਾਈ ਹਰਦੀਪ ਸਿੰਘ,ਸੋਖਾ ਉਦੋਪੁਰੀਆ (ਯੂ ਕੇ),ਭੋਲਾ ਜਰਗ ਵਾਲਾ (ਕੈਲੇਫੋਰਨੀਆ),ਤਰਸੇਮ ਹੇਅਰ(ਯੂ ਕੇ), ਬੌਬੀ ਬਾਜਵਾ ( ਵੀਡੀਓ ਤੇ ਫ਼ਿਲਮ ਡਾੲਿਰੈਕਟਰ ), ਸੁਖਬੀਰ ਸੋਢੀ (ਲੰਡਨ), ਤਲਵਿੰਦਰ ਢਿੱਲੋਂ(ਲੰਡਨ), ਸੁਖਵਿੰਦਰ ਸੁੱਖੀ (ਅਕਾਸ਼ ਰੇਡੀਓ ), ਪੰਜਾਬ ਰੇਡੀਓ,ਦੇਸੀ ਰੇਡੀਓ,ਅਕਾਸ਼ ਰੇਡੀਓ,(ਲੰਡਨ), ਬੌਬੀ ੳੁੱਤਮ ( ਸੰਗੀਤਕਾਰ ), ਗੀਤਕਾਰ ਬਿੰਦੀ ਕਲਾਲ ਮਾਜਰਾ,ਅਤੇ ਸੀ ਪੀ ਗ੍ਰਾਫਿਕਸ ਤੋਂ ਇਲਾਵਾ ਸੱਜਣ ਮਿੱਤਰਾਂ ਨੇ ਸਮੇ-ਸਮੇ ਸਿਰ ਆਪੋ-ਆਪਣਾ ਯੋਗਦਾਨ ਪਾਇਆ।

ਉਸ ਦੇ ਗੀਤਕਾਰੀ ਦੇ ਸਫਰ ਨੂੰ ਕੇ ਵਿਸਥਾਰ ਪੂਰਵਕ ਸਮਝਣ ਲਈ ਬਹੁਤ ਸਮਾ ਚਾਹੀਦਾ ਹੈ,ਪੰਜਾਬੀ ਮਾ ਬੋਲੀ ਦਾ ਮਾਣਮੱਤਾ ਇਹ ਗੀਤਕਾਰ ਅੱਜਕੱਲ ਪਤਨੀ ਪਰਮਜੀਤ ਕੌਰ,ਤੇ ਬੇਟੇ ਤੇ ਬੇਟੀ ਨਾਲ ਪੰਜਾਬ ਦੇ ਵੀ ਆਈ ਪੀ ਜਿਲੇ ਮੁਹਾਲੀ ਵਿਖੇ ਰਹਿ ਰਿਹਾ ਹੈ। ਸ਼ਾਲਾਂ! “ਭੱਟੀ ਭੜੀ ਵਾਲਾ” ਇਸੇ ਤਰਾਂ ਮਾ ਬੋਲੀ ਪੰਜਾਬੀ ਦੀ ਸੇਵਾ ਕਰਦਾ ਰਹੇ।

 

 

 

 

 

 

ਹਰਜਿੰਦਰ ਛਾਬੜਾ

Previous articleFarmers’ refuse to stop protest till farm laws are repealed
Next articleਮਸਾਲਾ ਬ੍ਰਾਂਡ MDH ਦੇ ਮਾਲਕ ਧਰਮਪਾਲ ਗੁਲਾਟੀ ਦਾ ਦਿਹਾਂਤ