ਮਾਨਸਾ (ਸਮਾਜ ਵੀਕਲੀ) ( ਔਲਖ ): ਸਿਹਤ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ 21 ਜਨਵਰੀ ਤੋਂ ਲੈ ਕੇ ਲਗਾਤਾਰ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਭੁੱਖ ਹੜਤਾਲ ਜਾਰੀ ਹੈ ਅਤੇ ਹੁਣ 23 ਫਰਬਰੀ ਨੂੰ ਡਾਇਰੈਕਟਰ ਦਫ਼ਤਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਸਿਹਤ ਮੁਲਾਜ਼ਮਾਂ ਨੇ 23 ਫਰਬਰੀ ਨੂੰ ਚੰਡੀਗੜ੍ਹ ਪਹੁੰਚਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਸਿਹਤ ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਐਨ. ਐਚ. ਐਮ. ਅਤੇ 2211 ਤਹਿਤ ਠੇਕੇ ਤੇ ਕੰਮ ਕਰ ਰਹੀਆਂ ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਰੈਗੂਲਰ ਕਰਵਾਉਣਾ, 1263 ਨਵਨਿਯੁਕਤ ਮਲਟੀਪਰਪਜ ਹੈਲਥ ਵਰਕਰ ਮੇਲ ਦਾ ਪਰਖ ਕਾਲ 3 ਸਾਲ ਤੋਂ ਘਟਾ ਕੇ 2 ਸਾਲ ਕਰਵਾਉਣਾ, ਕਰੋਨਾ ਕਾਲ ਵਿੱਚ ਦਿਨ ਰਾਤ ਕੰਮ ਕਰਨ ਬਦਲੇ ਸਿਹਤ ਮੁਲਾਜ਼ਮਾਂ ਨੂੰ ਸਪੈਸ਼ਲ ਭੱਤਾ ਦਵਾਉਣਾ ਅਤੇ ਬਠਿੰਡਾ ਸੰਘਰਸ਼ ਦੌਰਾਨ ਮੁਲਾਜ਼ਮ ਆਗੂਆਂ ਤੇ ਦਰਜ਼ ਝੂਠੇ ਪਰਚੇ ਰੱਦ ਕਰਵਾਉਣਾ ਸ਼ਾਮਲ ਹੈ।
ਉਨ੍ਹਾਂ ਕਿਹਾ ਜਦੋਂ ਤੱਕ ਸਰਕਾਰ ਸਾਡੀਆਂ ਇਹ ਮੰਗਾਂ ਨਹੀਂ ਮੰਨਦੀ ਸੰਘਰਸ਼ ਜਾਰੀ ਰਹੇਗਾ। ਸੰਘਰਸ਼ ਕਮੇਟੀ ਆਗੂ ਕੇਵਲ ਸਿੰਘ ਅਤੇ ਜਗਦੀਸ਼ ਸਿੰਘ ਪੱਖੋ ਨੇ ਦੱਸਿਆ ਕਿ ਸਿਹਤ ਮੁਲਾਜ਼ਮਾਂ ਨੇ ਬਲਾਕ ਪੱਧਰੀ ਮੀਟਿੰਗਾਂ ਕਰਕੇ ਪੂਰੀ ਤਿਆਰੀ ਕਰ ਲਈ ਹੈ 23 ਨੂੰ ਜ਼ਿਲੇ ਵਿੱਚੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਚੰਡੀਗੜ੍ਹ ਪਹੁੰਚਣਗੇ। ਮੁਲਾਜ਼ਮ ਆਗੂ ਚਰਨਜੀਤ ਕੌਰ ਅਤੇ ਰਾਜਵੀਰ ਕੌਰ ਨੇ ਕਿਹਾ ਕਿ ਇਸ ਵਾਰ ਫੀਮੇਲ ਸਟਾਫ਼ ਵਧੇਰੇ ਸ਼ਮੂਲੀਅਤ ਦਰਜ਼ ਕਰਵਾਉਣ ਜਾ ਰਿਹਾ ਹੈ। ਇਸ ਮੌਕੇ ਬਲਾਕ ਪ੍ਰਧਾਨ ਨਿਰਮਲ ਸਿੰਘ ਕਣਕਵਾਲੀਆ, ਗੁਰਪ੍ਰੀਤ ਸਿੰਘ , ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਤਰਸੇਮ ਸਿੰਘ, ਸੁਖਵੀਰ ਸਿੰਘ, ਗੁਰਚਰਨ ਕੌਰ, ਸੀਮਾ ਰਾਣੀ, ਕਿਰਨਜੀਤ ਕੌਰ ਆਦਿ ਹਾਜ਼ਰ ਸਨ।