ਲੁਧਿਆਣਾ (ਸਮਾਜ ਵੀਕਲੀ) : ਸਨਅਤੀ ਸ਼ਹਿਰ ’ਚ ਸਕੂਲ ਖੁੱਲ੍ਹਣ ਦੇ ਸਿਰਫ਼ 15 ਦਿਨਾਂ ਬਾਅਦ ਕਰੋਨਾਵਾਇਰਸ ਦਾ ਕਹਿਰ ਸਰਕਾਰੀ ਸਕੂਲਾਂ ’ਚ ਦਿਖਣ ਲੱਗਿਆ ਹੈ। ਇੱਥੋਂ ਦੇ 2 ਸਰਕਾਰੀ ਸਕੂਲਾਂ ’ਚ ਅੱਜ 20 ਵਿਦਿਆਰਥੀ ਕਰੋਨਾ ਪਾਜ਼ੇਟਿਵ ਮਿਲੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ ਦੇ ਸਕੂਲ ’ਚ 8 ਅਤੇ ਸਰਕਾਰੀ ਹਾਈ ਸਕੂਲ ਕੈਲਾਸ਼ ਨਗਰ ’ਚ 12 ਵਿਦਿਆਰਥੀ ਕਰੋਨਾ ਪਾਜ਼ੇਟਿਵ ਮਿਲੇ ਹਨ। ਬਸਤੀ ਜੋਧੇਵਾਲ ਸਕੂਲ ’ਚ 11ਵੀਂ ਦੇ ਵਿਦਿਆਰਥੀ ਪਾਜ਼ੇਟਿਵ ਆਏ ਹਨ। ਸਰਕਾਰ ਦੇ ਹੁਕਮਾਂ ’ਤੇ 41 ਕਰੋਨਾ ਰੈਪਿਡ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ।
ਦੋ ਸਕੂਲਾਂ ’ਚ ਵਿਦਿਆਰਥੀ ਪਾਜ਼ੇਟਿਵ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ’ਚ ਭਾਜੜਾਂ ਪੈ ਗਈਆਂ। ਹੈਰਾਨੀ ਦੀ ਗੱਲ ਹੈ ਕਿ ਬਸਤੀ ਜੋਧੇਵਾਲ ਸਕੂਲ ਦੀ ਰਿਪੋਰਟ ਮਿਲਣ ’ਤੇ ਦੁਪਹਿਰ ਤੱਕ ਸਕੂਲ ਖੁੱਲ੍ਹਿਆ ਰਿਹਾ ਤੇ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਸਕੂਲ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ। ਉੱਧਰ ਕੈਲਾਸ਼ ਨਗਰ ਸਕੂਲ ਦੀ ਰਿਪੋਰਟ ਬਾਅਦ ਦੁਪਹਿਰ ਤੱਕ ਸਿਹਤ ਵਿਭਾਗ ਤਿਆਰ ਨਹੀਂ ਕਰ ਸਕਿਆ ਜਿਸ ਕਾਰਨ ਇਹ ਸਕੂਲ ਆਮ ਦਿਨਾਂ ਵਾਂਗ ਖੁੱਲ੍ਹਿਆ ਰਿਹਾ। ਇਹ ਵੀ ਪਤਾ ਲੱਗਾ ਹੈ ਕਿ ਪ੍ਰਭਾਵਿਤ ਵਿਦਿਆਰਥੀਆਂ ’ਚ ਕਰੋਨਾ ਦੇ ਲੱਛਣ ਦੇਖਣ ਨੂੰ ਨਹੀਂ ਮਿਲ ਰਹੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly