ਅੰਮ੍ਰਿਤਸਰ- ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਥਾਣਾ ਇਸਲਾਮਾਬਾਦ ਵਿਖੇ ਹੈਂਡ ਗ੍ਰਨੇਡ ਸੁੱਟਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ਼ ਹੋਇਆ ਹੈ। ਇਹ ਮਾਡਿਊਲ ਵਿਦੇਸ਼ਾਂ ਵਿੱਚ ਬੈਠੇ ਆਪਰੇਟਰਾਂ ਵੱਲੋਂ ਚਲਾਇਆ ਜਾ ਰਿਹਾ ਸੀ। ਦੱਸ ਦੇਈਏ ਕਿ ਮੁਲਜ਼ਮਾਂ ਨੇ 17 ਦਸੰਬਰ ਨੂੰ ਇਸਲਾਮਾਬਾਦ ਪੁਲਿਸ ਸਟੇਸ਼ਨ ‘ਤੇ ਗ੍ਰੇਨੇਡ ਨਾਲ ਹਮਲਾ ਕੀਤਾ ਸੀ। ਡੀਜੀਪੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਦੋਸ਼ੀਆਂ ਗੁਰਜੀਤ ਸਿੰਘ (ਵਾਸੀ ਡਾਂਡੇ, ਅੰਮ੍ਰਿਤਸਰ ਦਿਹਾਤੀ) ਅਤੇ ਬਲਜੀਤ ਸਿੰਘ (ਵਾਸੀ ਚੱਪਾ, ਤਰਨਤਾਰਨ) ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਸਨ।
ਮੁਲਜ਼ਮਾਂ ਕੋਲੋਂ 1.4 ਕਿਲੋ ਹੈਰੋਇਨ, 1 ਹੈਂਡ ਗਰਨੇਡ ਅਤੇ 2 ਪਿਸਤੌਲ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫੜੇ ਗਏ ਮੁਲਜ਼ਮ ਵਿਦੇਸ਼ ਬੈਠੇ ਆਪ੍ਰੇਟਰਾਂ ਦੀਆਂ ਹਦਾਇਤਾਂ ‘ਤੇ ਕੰਮ ਕਰਦੇ ਸਨ। ਬੱਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਹੈਪੀ ਪਾਸੀਆਂ, ਸਾਥੀ ਜੀਵਨ ਫੌਜੀ ਅਤੇ ਗੋਪੀ ਨਵਾਂਸ਼ਰੀਆ ਇਸ ਹਮਲੇ ਦੀ ਜ਼ਿੰਮੇਵਾਰੀ ਪਹਿਲਾਂ ਹੀ ਲੈ ਚੁੱਕੇ ਹਨ।
ਪੁਲਿਸ ਨੇ ਕਿਹਾ ਹੈ ਕਿ ਇਸ ਮਾਡਿਊਲ ਨਾਲ ਜੁੜੇ ਹੋਰ ਲੋਕਾਂ ਨੂੰ ਫੜਨ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਆਧਾਰ ‘ਤੇ ਹੋਰ ਨੈੱਟਵਰਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਤੱਕ ਇਨ੍ਹਾਂ ਦੋ ਮੁਲਜ਼ਮਾਂ ਸਮੇਤ ਪੁਲੀਸ ਨੇ ਹੈਪੀ ਪਾਸੀਆਂ ਦੇ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂਕਿ ਯੂਪੀ ਵਿੱਚ ਤਿੰਨ ਮੁਲਜ਼ਮ ਮਾਰੇ ਗਏ ਸਨ। ਯੂਪੀ ਵਿੱਚ ਮਾਰੇ ਗਏ ਮੁਲਜ਼ਮ ਗੁਰਦਾਸਪੁਰ ਵਿੱਚ ਧਮਾਕੇ ਨੂੰ ਅੰਜਾਮ ਦੇ ਕੇ ਯੂਪੀ ਭੱਜ ਗਏ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly