ਭਾਕਿਯੂ ਪੰਜਾਬ ਵੱਲੋਂ ਵੱਡੇ ਜਥਿਆਂ ਨਾਲ ਪੁੱਜਣ ਦਾ ਐਲਾਨ
ਜਲੰਧਰ (ਸਮਾਜ ਵੀਕਲੀ) (ਚੰਦੀ)– ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ 2 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਵਹੀਰਾਂ ਘੱਤ ਕੇ ਚੰਡੀਗੜ੍ਹ ਪਹੁੰਚੋ। ਸੂਬਾ ਪ੍ਰਧਾਨ ਨੇ ਆਖਿਆ ਕਿ ਚੰਡੀਗੜ੍ਹ ਵਿਚ ਹੋ ਰਹੀ ਕਿਸਾਨ ਮਹਾਪੰਚਾਇਤ ਵਿਚ ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ ਪਹੁੰਚ ਰਹੇ ਹਨ । ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਸਰਕਾਰ ਨਾਲ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਮੀਟਿੰਗ ਹੋਈ ਸੀ ਇਸ ਮੀਟਿੰਗ ਵਿਚ ਬਕਾਇਦਾ ਪੰਜਾਬ ਸਰਕਾਰ ਨਾਲ ਕਿਸਾਨਾਂ ਦੀਆਂ ਮੰਗਾਂ ਬਾਰੇ ਲਿਖਤੀ ਸਮਝੌਤਾ ਵੀ ਹੋਇਆ ਸੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੀਆਂ ਮੁੱਖ ਮੰਗਾਂ ਵਿਚ ਪਾਣੀਆਂ ਦਾ ਮੁੱਦਾ, ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੇਣਾ, ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੇ ਮਾਮਲੇ, ਜ਼ਮੀਨਾਂ ਦੇ ਤਕਸੀਮ ਦੇ ਕੇਸਾਂ ਦਾ ਨਿਬੇੜਾ, ਖਾਦਾਂ ਦੇ ਨਾਲ ਧੱਕੇ ਨਾਲ ਨੈਨੋ ਪੈਕਿੰਗ ਨਾ ਦੇਣ ਆਦਿ ਮੰਗਾਂ ਸ਼ਾਮਲ । ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੌਰਚੇ ਦੀ ਸਰਕਾਰ ਨਾਲ ਕੁਝ ਮੰਗਾਂ ’ਤੇ ਸਹਿਮਤੀ ਹੋਈ ਸੀ ਤੇ ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਸੀ ਕਿ 31 ਮਾਰਚ 2024 ਤੱਕ ਇਨ੍ਹਾਂ ਮੰਗਾਂ ਨੂੰ ਮੰਨ ਕੇ ਲਾਗੂ ਕੀਤਾ ਜਾਵੇਗਾ ਪਰ ਸਰਕਾਰ ਨੇ ਹੁਣ ਤੱਕ ਇੱਕ ਵੀ ਮੰਗ ਲਾਗੂ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਅਪੀਲ ਹੈ ਕਿ ਸਰਕਾਰ ਨੂੰ ਇਕ ਵਾਰ ਗੂੜ੍ਹੀ ਨੀਂਦ ਵਿਚੋਂ ਜਗਾਉਣ ਅਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ 2 ਸਤੰਬਰ ਨੂੰ ਚੰਡੀਗੜ੍ਹ ਵਿਚ ਹੋ ਰਹੀ ਮਹਾਂ ਕਿਸਾਨ ਪੰਚਾਇਤ ਵਿਚ ਆਪੋ ਆਪਣੇ ਸਾਧਨਾਂ ਤੇ ਵਹੀਰਾਂ ਘੱਤ ਕੇ ਹੁੰਮ ਹੁੰਮਾ ਕੇ ਪਹੁੰਚੋ ਅਤੇ ਕਿਸਾਨ ਮਹਾਂ ਪੰਚਾਇਤ ਦਾ ਹਿੱਸਾ ਬਣੋਂ। ਉਨ੍ਹਾਂ ਕਿਹਾ ਕਿ ਕਿਸਾਨ ਮਹਾਂ ਪੰਚਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਡੇ ਜਥਿਆਂ ਨਾਲ ਚੰਡੀਗੜ੍ਹ ਸ਼ਮੂਲੀਅਤ ਕਰੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly