ਨਵੀਆਂ ਲਾਈਟਾਂ ਨਾਲ ਜਲਦ ਹੀ ਚਮਕੇਗਾ ਨੂਰਮਹਿਲ – ਰਣਦੀਪ ਵੜੈਚ ਕਾਰਜ ਸਾਧਕ ਅਫਸਰ।
ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ)(ਸਮਾਜ ਵੀਕਲੀ) : ਇਤਿਹਾਸਕ ਸ਼ਹਿਰ ਨੂਰਮਹਿਲ ਵਿਖੇ ਨਿੱਤ ਕੋਈ ਨਾ ਕੋਈ ਸਮੱਸਿਆ ਉੱਭਰੀ ਹੀ ਰਹਿੰਦੀ ਹੈ। ਉਹਨਾਂ ਸਮੱਸਿਆਵਾਂ ਵਿਚੋਂ ਇੱਕ ਨਗਰ ਕੌਂਸਲ ਦੀਆਂ ਬੰਦ ਲਾਈਟਾਂ ਦੀ ਹੈ ਜੋ ਕਰੀਬ ਦੋ ਸਾਲ ਤੋਂ ਨੂਰਮਹਿਲ ਦੀ ਪ੍ਰਮੁੱਖ ਸਮੱਸਿਆ ਬਣੀ ਹੋਈ ਹੈ। ਇਸ ਸਮੱਸਿਆ ਪ੍ਰਤੀ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਵਿਸ਼ੇਸ਼ ਧਿਆਨ ਦਿੱਤਾ ਅਤੇ ਨੂਰਮਹਿਲ ਦੇ ਕਾਰਜ ਸਾਧਕ ਅਫ਼ਸਰ ਸ਼੍ਰੀ ਰਣਦੀਪ ਵੜੈਚ ਨੂੰ ਜਾਣੂੰ ਕਰਵਾਇਆ ਕਿ ਲੋਕ 12/13 ਘੰਟੇ ਅੰਧਕਾਰ ਵਿੱਚ ਹੀ ਗੁਜ਼ਾਰਦੇ ਹਨ, ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇਹ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਕਾਰਜ ਸਾਧਕ ਅਫ਼ਸਰ ਨੇ ਆਪਣੇ ਮੁਲਾਜ਼ਮਾਂ ਨੂੰ ਤੁਰੰਤ ਆਦੇਸ਼ ਦਿੱਤੇ ਅਤੇ 2 ਸਾਲ ਤੋਂ ਬੰਦ ਲਾਈਟਾਂ ਚਾਲੂ ਕਰਵਾਈਆਂ। ਸੜਕਾਂ ਉੱਪਰ ਛਾਇਆ ਅੰਧਕਾਰ ਦੂਰ ਕੀਤਾ।
ਈ.ਓ. ਨੂਰਮਹਿਲ ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਜਲਦੀ ਹੀ ਸਾਰਾ ਨੂਰਮਹਿਲ ਨਵੇਂ ਲਾਈਟਿੰਗ ਸਿਸਟਮ ਨਾਲ ਚਮਚਮਾਏਗਾ। ਜੋ ਲਾਈਟਾਂ ਕਿਸੇ ਤਕਨੀਕੀ ਕਾਰਣਾਂ ਕਾਰਣ ਬੰਦ ਹਨ ਉਹ ਵੀ ਜਲਦ ਜਗਾ ਦਿੱਤੀਆਂ ਜਾਣਗੀਆਂ। 2 ਸਾਲ ਤੋਂ ਹਨੇਰੇ ਵਿੱਚ ਡੁੱਬੀਆਂ ਸੜਕਾਂ ਰੋਸ਼ਨ ਹੋਣ ਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਲਾਇਨ ਬਬਿਤਾ ਸੰਧੂ, ਹਰੀ ਦੇਵ ਖੋਸਲਾ, ਨਰਿੰਦਰ ਗੰਗਰ, ਦਿਨਕਰ ਸੰਧੂ, ਪਵਨ ਟੇਲਰ, ਸਨਦੀਪ ਕੁਮਾਰ, ਸੁਭਾਸ਼ ਚੰਦਰ,ਅਮਨ ਕੁਮਾਰ ਨੇ ਜੇਤੂ ਨਿਸ਼ਾਨ ਬਣਾਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਹਾਜ਼ਰੀਨ ਪਤਵੰਤਿਆਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਸੜਕਾਂ ਜਾਂ ਮੁਹੱਲਿਆਂ ਵਿੱਚ ਪੂਰੀ ਸਮਰੱਥਾ ਨਾਲ ਰੋਸ਼ਨੀ ਪ੍ਰਦਾਨ ਕਰਨ ਵਾਲੇ ਬਲੱਬ ਆਦਿ ਹੀ ਲਗਾਏ ਜਾਣ।