ਪੇਈਚਿੰਗ (ਸਮਾਜ ਵੀਕਲੀ): ਜਹਾਜ਼ ਕੁਨਮਿੰਗ ਤੋਂ ਗੁਆਂਗਜ਼ੂ ਵੱਲ ਜਾ ਰਿਹਾ ਸੀ। ਚੀਨ ਦੇ ਸ਼ਹਿਰੀ ਹਵਾਬਾਜ਼ੀ ਪ੍ਰਸ਼ਾਸਨ ਦੀ ਵੈੱਬਸਾਈਟ ’ਤੇ ਮੌਜੂਦ ਸੂਚਨਾ ਮੁਤਾਬਕ ਜਹਾਜ਼ ’ਚ ਅਮਲੇ ਦੇ 9 ਮੈਂਬਰਾਂ ਸਮੇਤ ਕੁੱਲ 132 ਵਿਅਕਤੀ ਸਵਾਰ ਸਨ। ਰਿਪੋਰਟ ਮੁਤਾਬਕ ਜਾਨੀ ਨੁਕਸਾਨ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ। ਰਾਹਤ ਅਤੇ ਬਚਾਅ ਕਰਮੀ ਮੌਕੇ ’ਤੇ ਪਹੁੰਚ ਗਏ ਹਨ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਹਾਦਸੇ ਮਗਰੋਂ ਬਚਾਅ ਕਾਰਜ ਜ਼ੋਰਾਂ ਨਾਲ ਕਰਨ ਦੇ ਹੁਕਮ ਦਿੱਤੇ ਹਨ। ਵੁਜ਼ੂ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਅਮਲੇ ਦੇ 117 ਮੈਂਬਰਾਂ ਅਤੇ 23 ਗੱਡੀਆਂ ਨੂੰ ਭੇਜਿਆ ਹੈ। ਖੇਤਰੀ ਫਾਇਰ ਵਿਭਾਗ ਨੇ ਕਿਹਾ ਕਿ ਗੁਆਂਗਸ਼ੀ ਦੇ ਹੋਰ ਹਿੱਸਿਆਂ ’ਚੋਂ ਵੀ ਅੱਗ ਬੁਝਾਊ ਅਮਲੇ ਦੇ 538 ਮੈਂਬਰਾਂ ਨੂੰ ਰਾਹਤ ਕਾਰਜਾਂ ਲਈ ਭੇਜਿਆ ਗਿਆ ਹੈ। ਸਮਾਚਾਰ ਪੋਰਟਲ ‘ਦਿ ਪੇਪਰ’ ਮੁਤਾਬਕ ਗੁਆਂਗਜ਼ੂ ਬਾਈਯੁਨ ਕੌਮਾਂਤਰੀ ਹਵਾਈ ਅੱਡੇ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਕੁਨਮਿੰਗ ਤੋਂ ਗੁਆਂਗਜ਼ੂ ਜਾ ਰਿਹਾ ਜਹਾਜ਼ ਐੱਮਯੂ 5735 ਆਪਣੇ ਮੁਕਾਮ ’ਤੇ ਨਹੀਂ ਪਹੁੰਚਿਆ।
ਇਸ ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਦੁਪਹਿਰ 1.10 ਮਿੰਟ ’ਤੇ ਕੁਨਮਿੰਗ ਤੋਂ ਉਡਾਣ ਭਰਨੀ ਸੀ ਅਤੇ ਦੁਪਹਿਰ 2.52 ਮਿੰਟ ’ਤੇ ਗੁਆਂਗਜ਼ੂੁ ਪਹੁੰਚਣਾ ਸੀ ਪਰ ਹੁਣ ਬਾਈਯੁਨ ਹਵਾਈ ਅੱਡੇ ਦੇ ਐਪ ’ਤੇ ਇਸ ਨੂੰ ਲਾਪਤਾ ਦੱਸਿਆ ਜਾ ਰਿਹਾ ਹੈ। ਹਾਦਸੇ ਮਗਰੋਂ ਸੋਸ਼ਲ ਮੀਡੀਆ ’ਤੇ ਨਸ਼ਰ ਹੋ ਰਹੇ ਵੀਡੀਓਜ਼ ਅਤੇ ਤਸਵੀਰਾਂ ’ਚ ਦਿਖਾਈ ਦੇ ਰਿਹਾ ਹੈ ਕਿ ਇਕ ਪਹਾੜੀ ’ਤੇ ਧੂੰਆਂ ਨਿਕਲ ਰਿਹਾ ਹੈ ਅਤੇ ਜ਼ਮੀਨ ’ਤੇ ਜਹਾਜ਼ ਦਾ ਮਲਬਾ ਪਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly