ਕੁਸ਼ੀਨਗਰ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ’ਚ ਵਿਆਹ ਸਮਾਗਮ ਦੌਰਾਨ ਹਲਦੀ ਦੀ ਰਸਮ ਸਮੇਂ ਇਕ ਖੂਹ ’ਚ ਡਿੱਗਣ ਕਾਰਨ 13 ਮਹਿਲਾਵਾਂ ਅਤੇ ਬੱਚੀਆਂ ਦੀ ਮੌਤ ਹੋ ਗਈ। ਹਾਦਸਾ ਨੌਰੰਗੀਆ ਤੋਲਾ ਪਿੰਡ ’ਚ ਉਸ ਸਮੇਂ ਵਾਪਰਿਆ ਜਦੋਂ ਖੂਹ ਉਪਰ ਲੋਹੇ ਦੀ ਗਰਿੱਲ ’ਤੇ ਇਹ ਲੋਕ ਬੈਠੇ ਹੋਏ ਸਨ। ਹਾਦਸੇ ’ਚ 10 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ।
ਮ੍ਰਿਤਕਾਂ ’ਚ ਪੂਜਾ (19), ਸ਼ਸ਼ੀ ਕਲਾ (15), ਸ਼ਕੁੰਤਲਾ (35), ਮਮਤਾ ਦੇਵੀ (35), ਮੀਰਾ (25), ਪੂਜਾ ਕੁਮਾਰੀ (20), ਪਰੀ (1), ਜਯੋਤੀ (15), ਰਾਧਿਕਾ (16), ਸੁੰਦਰੀ (15), ਆਰਤੀ (10), ਪੱਪੀ (20) ਅਤੇ ਮਨੂ (18) ਸ਼ਾਮਲ ਹਨ। ਜ਼ਿਲ੍ਹਾ ਮੈਜਿਸਟਰੇਟ ਐੱਸ ਰਾਜਾਲਿੰਗਮ ਨੇ ਦੱਸਿਆ ਕਿ ਹਲਦੀ ਦੀ ਰਸਮ ਸਮੇਂ ਕੁਝ ਮਹਿਲਾਵਾਂ ਅਤੇ ਬੱਚੇ ਖੂਹ ਉਪਰ ਲੱਗੀ ਲੋਹੇ ਦੀ ਗਰਿੱਲ ’ਤੇ ਬੈਠੇ ਹੋਏ ਸਨ ਅਤੇ ਅਚਾਨਕ ਹੀ ਇਹ ਗਰਿੱਲ ਟੁੱਟ ਗਈ ਅਤੇ ਸਾਰੇ ਜਣੇ ਖੂਹ ’ਚ ਡਿੱਗ ਪਏ। ਮ੍ਰਿਤਕਾਂ ਦੇ ਵਾਰਸਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਖ਼ਮੀਆਂ ਦੀ ਸਾਰ ਲਈ ਜਾ ਰਹੀ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜ਼ਖ਼ਮੀਆਂ ਦੇ ਢੁੱਕਵੇਂ ਇਲਾਜ ਦਾ ਪ੍ਰਬੰਧ ਕਰਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly