ਚੰਗਾ ਸਾਹਿਤ ਪੜ੍ਹਨ ਨਾਲ ਮਨੁੱਖ ਦੀ ਸੋਚ ਬਦਲਦੀ ਹੈ- ਮਨਦੀਪ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ ) – ਪਿੰਡਾਂ ਦੇ ਪਾਠਕਾਂ ਵਿੱਚ ਸਾਹਿਤਕ ਰੁਚੀਆਂ ਪੈਦਾ ਕਰਨ ਅਤੇ ਉਨ੍ਹਾਂ ਨੂੰ ਦੁਨੀਆਂ ਭਰ ਦੇ ਚੰਗੇ ਸਾਹਿਤ ਨਾਲ ਜੋੜਨ ਦੇ ਮਨੋਰਥ ਨਾਲ ਪਿੰਡ ਜੱਬੋਵਾਲ ਵਿਖ ਮੋਟਰ ਤੇ ਸ਼ੁਰੂ ਕੀਤੀ ਗਈ ‘ਤੇਰਾ ਤੇਰਾ ਲਾਇਬ੍ਰੇਰੀ’ ਵਿੱਚ ਅੱਜ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਉੱਘੇ ਲੇਖਕ ਪ੍ਰਗਟ ਸਿੰਘ ਰੰਧਾਵਾ ਦੁਆਰਾ ਲਿਖੀਆਂ ਚਾਰ ਪੁਸਤਕਾਂ ਡੰਡੀ ਤੋਂ ਹਾਈਵੇ ਤੱਕ,ਸਿਆੜ ਦੇ ਗੀਤਾ, ਕਿਰਾਏਦਾਰ ਅਤੇ ਉਹ ਕੁੜੀ ਲੋਕ ਅਰਪਿਤ ਕੀਤੀਆਂ ਗਈਆਂ।ਇਸ ਮੌਕੇ ਪੁਸਤਕਾਂ ਤੇ ਵਿਚਾਰ ਵਟਾਂਦਰਾ ਕਰਦਿਆਂ ਉੱਘੀ ਕਵਿੱਤਰੀ ਅਤੇ ਲੇਖਕਾ ਲਾਡੀ ਭੁੱਲਰ ਨੇ ਕਿਹਾ ਕਿ ਪ੍ਰਗਟ ਸਿੰਘ ਰੰਧਾਵਾ ਨੇ ਆਪਣੀਆਂ ਪੁਸਤਕਾਂ ਵਿੱਚ ਸਮੇਂ ਦੇ ਸੱਚ, ਕੱਖੋਂ ਹੌਲੇ ਹੋ ਰਹੇ ਮਨੁੱਖੀ ਰਿਸ਼ਤਿਆਂ ਦੀ ਬੁਨਿਆਦ, ਮੌਜੂਦਾ ਪ੍ਰਬੰਧਾਂ ਨੂੰ ਬਾਖੂਬੀ ਉਭਾਰਿਆ ਹੈ। ਇਨ੍ਹਾਂ ਪੁਸਤਕਾਂ ਤੋਂ ਪਾਠਕਾਂ ਨੂੰ ਚੰਗੀ ਸੇਧ ਮਿਲੇਗੀ।
ਮਾਸਟਰ ਦੇਸ ਰਾਜ ਨੇ ਬੋਲਦਿਆਂ ਕਿਹਾ ਕਿ ਭੁੱਲਰ ਨੇ ਸੱਚ ਨੂੰ ਬਹੁਤ ਹੀ ਨਿੱਡਰਤਾ ਨਾਲ਼ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ।ਇਸ ਮੌਕੇ ਲੇਖਕ ਪ੍ਰਗਟ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਸਮੇਂ ਦੀਆਂ ਸਮਾਜਿਕ ਬੁਰਾਈਆਂ, ਰਿਸ਼ਤਿਆਂ ਵਿੱਚ ਹੋ ਰਹੀ ਟੁੱਟ ਭੱਜ ਆਰਥਿਕ ਤੰਗੀ ਕਾਰਨ ਪਿੱਸ ਰਹੇ ਲੋਕਾਂ ਦੇ ਦਰਦ ਨੂੰ ਆਪਣੀਆਂ ਪੁਸਤਕਾਂ ਵਿੱਚ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਦੀ ਪਹਿਲੀ ਲਾਇਬ੍ਰੇਰੀ ਹੈ ਜ਼ੋ ਬਹੁਤ ਹੀ ਸ਼ਾਂਤ ਅਤੇ ਖੁੱਲ੍ਹੇ ਡੁੱਲ੍ਹੇ ਮਾਹੌਲ ਵਿੱਚ ਖੋਲੀ ਗਈ ਹੈ।ਇਹ ਲਾਇਬ੍ਰੇਰੀ ਪਾਠਕਾਂ ਦੀਆਂ ਆਸਾਂ ਤੇ ਖਰਾ ਉੱਤਰੇਗੀ।
ਇਸ ਮੌਕੇ ਲਾਇਬ੍ਰੇਰੀ ਦੇ ਸੰਚਾਲਕ ਮਨਦੀਪ ਸਿੰਘ ਨੇ ਸਮਾਗਮ ਵਿੱਚ ਪੁੱਜੇ ਲੇਖਕਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਲਾਇਬ੍ਰੇਰੀ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਇਸ ਕਾਰਜ਼ ਨੂੰ ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੋਰ ਅੱਗੇ ਲੈ ਕੇ ਜਾਣਗੇ। ਇਸ ਮੌਕੇ ਲੇਖਕ ਪ੍ਰਗਟ ਸਿੰਘ ਰੰਧਾਵਾ ਦਾ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਅਜੀਤ ਸਿੰਘ ਸਤਾਬਗੜ,ਮਾ.ਸਰੂਪ ਸਿੰਘ,ਮਾ.ਗੁਰਮੇਲ ਸਿੰਘ, ਸੁਖਜੋਤ ਸਿੰਘ, ਸੁਖਦੇਵ ਸਿੰਘ ਪਟਵਾਰੀ, ਮੇਜ਼ਰ ਸਿੰਘ, ਇੰਦਰਜੀਤ ਸਿੰਘ,ਕੁਲਵੀਰ ਕੌਰ, ਅਮਰਜੀਤ ਕੌਰ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly