ਕੋਲਕਾਤਾ/ਗੁਹਾਟੀ (ਸਮਾਜ ਵੀਕਲੀ): ਪੱਛਮੀ ਬੰਗਾਲ ਦੇ ਜਲਪਾਇਗੁੜੀ ਜ਼ਿਲ੍ਹੇ ’ਚ ਦੋਹੋਮਨੀ ਨੇੜੇ ਬੀਕਾਨੇਰ-ਗੁਹਾਟੀ ਐਕਸਪ੍ਰੈੱਸ ਰੇਲਗੱਡੀ ਦੇ 12 ਡੱਬੇ ਲੀਹੋਂ ਲੱਥ ਕੇ ਪਲਟ ਗਏ ਜਿਸ ਕਾਰਨ ਪੰਜ ਵਿਅਕਤੀ ਹਲਾਕ ਅਤੇ 40 ਹੋਰ ਜ਼ਖ਼ਮੀ ਹੋ ਗਏ। ਹਾਦਸਾ ਸ਼ਾਮ ਪੰਜ ਵਜੇ ਦੇ ਕਰੀਬ ਉੱਤਰ-ਪੂਰਬ ਫਰੰਟੀਅਰ ਰੇਲਵੇ ਦੇ ਅਲੀਪੁਰਦਾਰ ਡਿਵੀਜ਼ਨ ਹੇਠ ਪੈਂਦੇ ਇਲਾਕੇ ’ਚ ਵਾਪਰਿਆ। ਹਾਦਸੇ ਦੀ ਜਾਂਚ ਰੇਲਵੇ ਸੁਰੱਖਿਆ ਦੇ ਕਮਿਸ਼ਨਰ ਕਰਨਗੇ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ, ਰੇਲਵੇ ਬੋਰਡ ਦੇ ਚੇਅਰਮੈਨ ਅਤੇ ਡਾਇਰੈਕਟਰ ਜਨਰਲ (ਸੁਰੱਖਿਆ) ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ। ਕਰੋਨਾ ਦੇ ਹਾਲਾਤ ਦੀ ਸਮੀਖਿਆ ਦੌਰਾਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਹਾਦਸੇ ਬਾਰੇ ਜਾਣਕਾਰੀ ਹਾਸਲ ਕੀਤੀ। ਭਾਰਤੀ ਰੇਲਵੇ ਨੇ ਮ੍ਰਿਤਕਾਂ ਦੇ ਵਾਰਸਾਂ ਲਈ 5-5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਜਦਕਿ ਗੰਭੀਰ ਤੌਰ ’ਤੇ ਜ਼ਖ਼ਮੀ ਹੋਏ ਮੁਸਾਫ਼ਰਾਂ ਨੂੰ ਇਕ-ਇਕ ਲੱਖ ਰੁਪਏ ਅਤੇ ਮਾਮੂਲੀ ਰੂਪ ’ਚ ਫੱਟੜ ਹੋਏ ਵਿਅਕਤੀਆਂ ਨੂੰ 25 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਟੀਵੀ ਫੁਟੇਜ ’ਚ ਡੱਬੇ ਪਟੜੀ ਤੋਂ ਹੇਠਾਂ ਉਤਰੇ ਦਿਖਾਈ ਦੇ ਰਹੇ ਹਨ ਅਤੇ ਬਚਾਅ ਕਰਮੀ ਮੁਸਾਫ਼ਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ’ਚ ਜੁਟੇ ਹੋਏ ਹਨ। ਜਲਪਾਈਗੁੜੀ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਪੰਜ ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ 40 ਵਿਅਕਤੀ ਹਾਦਸੇ ’ਚ ਜ਼ਖ਼ਮੀ ਹੋਏ ਹਨ। ਗੁਹਾਟੀ ’ਚ ਐੱਨਐੱਫਆਰ ਦੇ ਤਰਜਮਾਨ ਨੇ ਕਿਹਾ ਕਿ ਰਾਹਤ ਟਰੇਨ ਅਤੇ ਮੈਡੀਕਲ ਟੀਮ ਮੌਕੇ ’ਤੇ ਪਹੁੰਚ ਗਈਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly