(ਸਮਾਜ ਵੀਕਲੀ)
ਜਲਿਆਂ ਵਾਲਾ ਬਾਗ ਦੁਖਾਂਤ ਨੂੰ ਲੱਗਭਗ 104 ਸਾਲ ਬੀਤ ਗਏ ਹਨ ਪਰ ਦੀਵਾਰਾਂ ਉਤੇ ਲੱਗੇ ਗੋਲੀਆਂ ਦੇ ਨਿਸ਼ਾਨ ਅਤੇ ਉਹ ਖੂਹ ਜਿਸ ਵਿੱਚ ਸੈਂਕੜੇ ਲੋਕਾ ਦੀ ਜਾਨ ਗਈ ਸੀ ਅੱਜ ਵੀ ਅੰਗਰੇਜ਼ ਹਕੂਮਤ ਦੀ ਤਾਨਾਸ਼ਾਹੀ ਦੀ ਕਹਾਣੀ ਬਿਆਨ ਕਰਦੇ ਹਨ। ਪੰਜਾਬ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਅਹਿਮ ਹਿੱਸਾ ਪਾਇਆ ਹੈ। 1857 ਵਿੱਚ ਹੋਈਆਂ ਨੀਲੀ ਬਾਰ ਤੇ ਹੋਰ ਬਗ਼ਾਵਤਾਂ ਤੋਂ ਬਾਅਦ ‘ਕੂਕਾ ਲਹਿਰ’ ਤੇ ‘ਪਗੜੀ ਸੰਭਾਲ ਜੱਟਾ ਲਹਿਰ’ ਆਜ਼ਾਦੀ ਦੇ ਸੰਘਰਸ਼ ਦੇ ਸੁਨਹਿਰੀ ਪੰਨਿਆਂ ਵਜੋਂ ਦਰਜ ਹਨ। ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿੱਚ ਗ਼ਦਰ ਪਾਰਟੀ ਨੇ ਪੰਜਾਬੀਆਂ ਅੰਦਰ ਆਜ਼ਾਦੀ ਦੀ ਤਾਂਘ ਨੂੰ ਹੋਰ ਤੇਜ ਕੀਤਾ। ਅਜ਼ਾਦੀ ਦੀ ਸਰਗਰਮੀਆਂ ’ਤੇ ਕਾਬੂ ਪਾਉਣ ਲਈ ਅੰਗਰੇਜ਼ ਸਰਕਾਰ ਨੇ ‘ਡਿਫੈਂਸ ਆਫ਼ ਇੰਡੀਆ ਐਕਟ, 1915’ ਅਤੇ 1919 ਵਿੱਚ ਇਹੋ ਜਿਹਾ ਇੱਕ ਹੋਰ ਕਾਨੂੰਨ ‘ਰੌਲਟ ਐਕਟ’ ਬਣਾਇਆ।
ਦੇਸ਼ ਵਿੱਚ ਇਸ ਐਕਟ ਵਿਰੁੱਧ ਅੰਦੋਲਨ ਹੋਇਆ ਤੇ ਆਜ਼ਾਦੀ ਸੰਗਰਾਮ ਨੇ ਨਵੀਂ ਅੰਗੜਾਈ ਲੈਣੀ ਸ਼ੁਰੂ ਕਰ ਦਿੱਤੀ ਪੰਜਾਬ ਸੂਬੇ ਵਿੱਚ ਵੀ ਅਜ਼ਾਦੀ ਲਈ ਵਿਦਰੋਹ ਭੜਕ ਉੱਠਿਆ ਅਤੇ ਇਸ ਦਾ ਸਿਖ਼ਰ 13 ਅਪਰੈਲ, 1919 ਨੂੰ ਜੱਲ੍ਹਿਆਂਵਾਲਾ ਬਾਗ ਵਿੱਚ ਹੋਇਆ ਖ਼ੂਨੀ ਸਾਕਾ ਸੀ। 13 ਅਪਰੈਲ 1919 ਨੂੰ ਜਨਰਲ ਰੇਜੀਨਲਡ ਡਾਇਰ ਨੇ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ਼ ਵਿੱਚ ਕੀਤੇ ਜਾ ਰਹੇ ਸ਼ਾਂਤਮਈ ਜਲਸੇ ’ਤੇ ਗੋਲੀਆਂ ਚਲਾ ਕੇ ਅਣਮਨੁੱਖੀ ਕਤਲੇਆਮ ਕੀਤਾ ਗਿਆ। ਇਹ ਇਕੱਠ ਸਿਰਫ਼ ਲੋਕਾਂ ਦੇ ਹਰਮਨ ਪਿਆਰੇ ਨੇਤਾਵਾਂ ਡਾ. ਸੈਫ਼-ਉਦ-ਦੀਨ ਕਿਚਲੂ ਅਤੇ ਡਾ. ਸੱਤਪਾਲ ਦੀ ਰਿਹਾਈ ਲਈ ਹੀ ਨਹੀਂ ਕੀਤਾ ਗਿਆ ਸੀ ਸਗੋਂ ਸਾਂਝੇ ਤੌਰ ’ਤੇ ਲੋਕਾਂ ਦੀਆਂ ਰੌਲਟ ਐਕਟ ਅਤੇ ਬ੍ਰਿਟਿਸ਼ ਸਾਮਰਾਜਵਾਦ ਦੇ ਵਿਰੋਧ ਵਿੱਚ ਉੱਠਦੀਆਂ ਅਵਾਜ਼ਾਂ ਦਾ ਸਿਖਰ ਵੀ ਸੀ।
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਖ਼ਾਸਕਰ ਅੰਮ੍ਰਿਤਸਰ ਵਿੱਚ ਰੌਲਟ ਐਕਟ ਦੇ ਵਿਰੋਧ ’ਚ ਹੋਈਆਂ ਮੀਟਿੰਗਾਂ ਅਤੇ ਜਲਸਿਆਂ ਵਿੱਚ ਹਰ ਵਰਗ ਦੇ ਲੋਕਾਂ ਨੇ ਹਰ ਤਰ੍ਹਾਂ ਦੇ ਧਾਰਮਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ’ਤੇ ਹਿੱਸਾ ਲਿਆ ਅਤੇ ਨਾਲ ਹੀ ਗੁਲਾਮੀ ਅਤੇ ਸਾਮਰਾਜਵਾਦੀ ਰਾਜ ਦੇ ਵਿਰੁੱਧ ਵਿਗਲ ਵਜ਼ਾ ਦਿਤਾ। ਅੰਗਰੇਜ਼ ਹਕੂਮਤ ਵੱਲੋਂ ਪੂਰੇ ਦੇਸ਼ ਅੰਦਰ 15 ਅਪਰੈਲ ਤੋਂ ਮਾਰਸ਼ਲ ਲਾਅ ਲਗਾ ਦਿੱਤਾ ਗਿਆ।13 ਅਪ੍ਰੈਲ 1919 ਐਤਵਾਰ ਦੇ ਦਿਨ ਅੰਮ੍ਰਿਤਸਰ ਦੇ ਨਾਗਰਿਕ ਸ਼ਾਮ ਦੇ 4 ਵਜੇ ਦੇ ਕਰੀਬ ਆਪਣੇ ਨੇਤਾਵਾਂ ਡਾਕਟਰ ਸੈਫੁੱਦੀਨ ਕਿਚਲੂ ਅਤੇ ਡਾਕਟਰ ਸਤਿਆਪਾਲ ਦੀ ਗਿਰਫਤਾਰੀ ਦੇ ਵਿਰੋਧ ਲਈ ਜਲ੍ਹਿਆਂਵਾਲਾ ਬਾਗ਼ ਵਿੱਚ ਇਕੱਤਰ ਹੋਏ। ਜਨਰਲ ਡਾਇਰ ਨੇ ਕਿਸੇ ਵੱਡੀ ਬਗਾਵਤ ਨੂੰ ਭਾਂਪਦਿਆਂ ਨੇ ਸਭਾ ਜਲਸਿਆਂ ਉੱਤੇ ਤਿੰਨ ਦਿਨ ਪਹਿਲਾਂ ਰੋਕ ਲਗਾ ਦਿੱਤਾ ਸੀ। ਇਹ ਬਾਗ ਦੋ ਸੌ ਗਜ ਲੰਮਾ ਅਤੇ ਇੱਕ ਸੌ ਗਜ ਚੌੜਾ ਸੀ।
ਉਸਦੇ ਚਾਰੇ ਪਾਸੇ ਦੀਵਾਰ ਸੀ ਅਤੇ ਦੀਵਾਰ ਦੇ ਨਾਲ ਹੀ ਘਰ ਸਨ। ਬਾਹਰ ਨਿਕਲਣ ਲਈ ਇੱਕ ਛੋਟਾ ਜਿਹਾ ਤੰਗ ਰਸਤਾ ਸੀ। ਸਾਰਾ ਬਾਗ ਖਚਾ ਖਚ ਭਰਿਆ ਹੋਇਆ ਸੀ। ਇਸ ਸਮੇਂ ਜਨਰਲ ਡਾਇਰ ਨੇ 50 ਗੋਰਖਾ ਸੈਨਿਕਾਂ ਨੂੰ ਲੈ ਕੇ ਜਲ੍ਹਿਆਂਵਾਲਾ ਬਾਗ਼ ਨੂੰ ਘੇਰ ਲਿਆ ਅਤੇ ਮਸ਼ੀਨਗੰਨਾਂ ਨਾਲ ਅੰਧਾਧੁੰਦ ਗੋਲੀਬਾਰੀ ਕਰ ਦਿੱਤੀ। ਲੱਗਪਗ 10 ਮਿੰਟ ਤੱਕ ਗੋਲੀਬਾਰੀ ਜਾਰੀ ਰਹੀ ਅਤੇ ਗੋਲੀਬਾਰੀ ਉਦੋਂ ਬੰਦ ਹੋਈ ਜਦੋਂ ਬਾਰੂਦ ਮੁੱਕ ਗਿਆ। ਲੱਗਭਗ 2000 ਗੋਲੀਆਂ ਚਲਾਈਆਂ ਗਈਆਂ। ਸਰਕਾਰੀ ਸਰੋਤਾਂ ਅਨੁਸਾਰ 379 ਲਾਸਾਂ ਅਤੇ 1,100 ਜਖਮੀਆਂ ਦੀ ਪਛਾਣ ਕੀਤੀ ਗਈ ਸੀ।
ਜਾਨ ਬਚਾਉਣ ਲਈ ਬਹੁਤ ਸਾਰੇ ਲੋਕਾਂ ਨੇ ਪਾਰਕ ਵਿੱਚ ਮੌਜੂਦ ਖੂਹ ਵਿੱਚ ਛਲਾਂਗ ਲਗਾ ਦਿੱਤੀ। ਬਾਗ ਵਿੱਚ ਲੱਗੀ ਫੱਟੀ ਉੱਤੇ ਲਿਖਿਆ ਹੈ ਕਿ 120 ਲਾਸਾਂ ਤਾਂ ਸਿਰਫ ਖੂਹ ਵਿੱਚੋਂ ਹੀ ਮਿਲਿਆਂ। ਜਦੋਂ ਕਿ ਪੰਡਤ ਮਦਨ ਮੋਹਨ ਮਾਲਵੀਆ ਦੇ ਅਨੁਸਾਰ ਘੱਟ ਤੋਂ ਘੱਟ 1300 ਲੋਕ ਮਾਰੇ ਗਏ। ਸਵਾਮੀ ਸ਼ਰਧਾਨੰਦ ਦੇ ਅਨੁਸਾਰ ਮਰਨੇ ਵਾਲਿਆਂ ਦੀ ਗਿਣਤੀ 1500 ਤੋਂ ਜਿਆਦਾ ਸੀ। ਜਦੋਂ ਕਿ ਅੰਮ੍ਰਿਤਸਰ ਦੇ ਤਤਕਾਲੀਨ ਸਿਵਲ ਸਰਜਨ ਡਾਕਟਰ ਸਮਿਥ ਦੇ ਅਨੁਸਾਰ ਮਰਨੇ ਵਾਲੀਆਂ ਦੀ ਗਿਣਤੀ 1800 ਤੋਂ ਜਿਆਦਾ ਸੀ। ਇਸ ਹੱਤਿਆਕਾਂਡ ਦੇ ਵਿਰੋਧ ਵਿੱਚ ਰਬਿੰਦਰਨਾਥ ਟੈਗੋਰ ਨੇ ਸਰ ਦੀ ਉਪਾਧੀ ਮੋੜ ਦਿੱਤੀ ਸੀ। ਜਦੋਂ 1919 ਵਿੱਚ ਜਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਵਰਤਿਆ ਸੀ, ਉਸ ਸਮੇਂ ਸ. ਊਧਮ ਸਿੰਘ ਸਕੂਲ ਵਿੱਚ ਪੜ੍ਹਦਾ ਸੀ। ਉਸ ਨੇ ਖੂਨੀ ਸਾਕੇ ਦਾ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਅਤੇ ਉਸ ਸਮੇਂ ਹੀ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ।
21 ਸਾਲ ਉਹ ਬਦਲਾ ਲੈਣ ਦਾ ਮੁਨਾਸਿਬ ਮੌਕਾ ਭਾਲਦਾ ਰਿਹਾ। ਇਸ ਅਰਸੇ ਦੌਰਾਨ ਹੀ ਜਨਰਲ ਡਾਇਰ 1927 ਵਿੱਚ ਮੌਤ ਦੇ ਮੂੰਹ ਵਿੱਚ ਜਾ ਚੁੱਕਾ ਸੀ ਪਰ ਇਸ ਘਟਨਾ ਦਾ ਖਲਨਾਇਕ ਮਾਇਕਲ ਓਡਵਾਇਰ ਅਜੇ ਜਿਉਂਦਾ ਸੀ। ਸ. ਊਧਮ ਸਿੰਘ ਉਸ ਤੋਂ ਬਦਲਾ ਲੈਣ ਦੇ ਮਕਸਦ ਨਾਲ ਸੰਨ 1933 ਵਿੱਚ ਲੰਡਨ ਪਹੁੰਚ ਗਿਆ ਸੀ। ਭਾਰਤ ਤੋਂ 600 ਮੀਲ ਦੂਰ ਥੇਮਸ ਦਰਿਆ ਦੇ ਕੰਢਿਆਂ ‘ਤੇ ਦੋਹੀਂ ਪਾਸੀਂ ਵੱਸੇ ਸੰਸਾਰ ਦੇ ਸਭ ਤੋਂ ਵੱਡੇ ਸ਼ਹਿਰ ਲੰਦਨ 16 ਮਾਰਚ 1940: ਨੂੰ ਇੰਡੀਆ ਹਾਊਸ ਵਿੱਚ ਜਲਸਾ ਹੋ ਰਿਹਾ ਸੀ। ਜਰਮਨੀ ਦੇ ਵਿਰੁੱਧ ਤਕਰੀਰਾਂ ਹੋ ਰਹੀਆਂ ਸਨ ਕਿਉਂਕਿ ਹਿਟਲਰ ਨੇ ਲੰਦਨ ‘ਤੇ ਹਮਲਾ ਕਰਕੇ ਬੰਬ-ਬਾਰੀ ਕੀਤੀ ਸੀ। ਇਸ ਵਿੱਚ ਮਾਇਕਲ ਓਡਵਾਇਰ ਵੀ ਆਪਣੇ ਵਿਚਾਰ ਪੇਸ਼ ਕਰਨ ਆਇਆ। ਜਦੋਂ ਉਹ ਸਟੇਜ ‘ਤੇ ਆ ਕੇ ਬੋਲਣ ਲੱਗਾ ਤਾਂ ਪੰਜਾਬ ਦੀ ਧਰਤੀ ਦੇ ਵੀਰ ਸਪੂਤ ਸ. ਊਧਮ ਸਿੰਘ ਨੇ ਠਾਹ-ਠਾਹ ਕਰਦੀਆਂ ਤਿੰਨ ਗੋਲੀਆਂ ਉਸ ਦੀ ਛਾਤੀ ਵਿੱਚ ਦਾਗ ਦਿੱਤੀਆਂ ਅਤੇ ਉਸ ਨੇ 21 ਸਾਲ ਬਾਅਦ ਬੇਕਸੂਰੇ ਪੰਜਾਬੀਆਂ ਦੇ ਖੂਨ ਦਾ ਬਦਲਾ ਲੈ ਕੇ ਦੇਸ਼ ਨਾਲ ਕੀਤਾ ਹੋਇਆ ਵਾਅਦਾ ਪੂਰਾ ਕੀਤਾ। ਅੱਜ ਵੀ ਜਲਿਆਂ ਵਾਲਾ ਬਾਗ਼ ਦਾ ਦ੍ਰਿਸ਼ ਦੇਖ ਕੇ ਲੋਕਾ ਦੀਆ ਅੱਖਾਂ ਨਮ ਹੋ ਜਾਂਦੀਆਂ ਹਨ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly