ਸ਼ਾਮਚੁਰਾਸੀ, (ਚੁੰਬਰ) – ਪੰਜਾਬੀ ਦੋਗਾਣਾ ਅਤੇ ਸੋਲੋ ਗਾਇਕੀ ਵਿਚ ਸੱਜਰੀ ਸੁਰਖ ਖਿੜ੍ਹੀ ਗੁਲਜਾਰ ਵਾਂਗ ਵੱਖੋ ਵੱਖ ਸਟੇਜ ਪ੍ਰੋਗਰਾਮਾਂ ਵਿਚ ਆਪਣੀ ਗਾਇਕੀ ਦੀ ਮਹਿਕ ਬਿਖੇਰ ਰਹੀ ਹੈ ਗਾਇਕਾ ਰਾਜ ਗੁਲਜ਼ਾਰ। ਗਾਇਕਾ ਰਾਜ ਗੁਲਜ਼ਾਰ ਦੇ ਪਿਤਾ ਗੁਲਜ਼ਾਰ ਚੰਦ, ਮਾਤਾ ਸ਼ੁਸ਼ਮਾ ਰਾਣੀ ਦੀ ਪ੍ਰੇਰਨਾ ਨਾਲ ਉਸ ਨੇ ਆਪਣਾ ਗਾਇਕੀ ਸਫ਼ਰ ਸ਼ੁਰੂ ਕੀਤਾ। ਬੇਸ਼ੱਕ ਉਸ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਲੱਗਦੇ ਇਕ ਪਿੰਡ ਡਗਾਣਾ ਕਲਾਂ ਵਿਚ ਹੋਇਆ। ਪਰ ਉਸ ਨੇ ਆਪਣੇ ਗਾਇਕੀ ਸਫ਼ਰ ਦਾ ਨਾਮ ਕਲਾਕਾਰਾਂ ਦੀ ਰਾਜਧਾਨੀ ਅਖਵਾਏ ਜਾਣ ਵਾਲੇ ਸ਼ਹਿਰ ਲੁਧਿਆਣਾ ਵਿਚ ਹੀ ਸਥਾਪਿਤ ਕੀਤਾ। ਹੁਣ ਤੱਕ ਰਾਜ 2 ਦਰਜ਼ਨ ਤੋਂ ਵੱਧ ਸੋਲੋ ਅਤੇ ਦੋਗਾਣਾ ਟੇਪਾਂ ਵਿਚ ਗਾ ਚੁੱਕੀ ਹੈ। ਜਿੰਨ੍ਹਾਂ ਵਿਚ ਉਸ ਨੂੰ ਜਸਵੰਤ ਸੰਦੀਲਾ, ਸੁਰਿਦਰ ਸ਼ਿੰਦਾ, ਕਰਨੈਲ ਗਿੱਲ, ਅਰਜਨ ਲਾਡਲਾ, ਸਿਕੰਦਰ ਸੰਘਾ, ਅਨੂਪ ਸਿੱਧੂ, ਹਰਬੰਸ ਰਸੀਲਾ ਧਨੇਠੇ ਵਾਲੇ ਦਾ ਨਾਮ ਜ਼ਿਕਰਯੋਗ ਹੈ। ਹੁਣ ਤੱਕ ਉਸ ਨੇ ਕਈ ਸੂਫ਼ੀ ਕਲਾਮ ਅਤੇ ਹੋਰ ਧਾਰਮਿਕ ਗੀਤ ਵੀ ਰਿਕਾਰਡ ਕੀਤੇ। ਉਸ ਦਾ ਕਹਿਣਾ ਹੈ ਕਿ ਬਹੁਤ ਹੀ ਜਲਦ ਉਹ ਸਿੰਗਲ ਟਰੈਕ ‘ਗਿੱਧੇ ਵਿਚ ਧਮਾਲ’ ਅਤੇ ‘ਸਾਡਾ ਦਿਲ’ ਟਰੈਕ ਲੈ ਹਾਜ਼ਰ ਹੋ ਰਹੀ ਹੈ। ਸਰੋਤਿਆਂ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੀ ਹੈ, ਜੋ ਉਸ ਦੀ ਗਾਇਕੀ ਨੂੰ ਮਾਣ ਸਤਿਕਾਰ ਦੇ ਕੇ ਨਿਵਾਜਦੇ ਹਨ। ਉਸ ਕੋਲ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨਾਲ ਸਟੇਜ਼ ਸ਼ੋਅ ਕਰਨ ਦਾ ਤਜਰਬਾ ਹੈ। ਜਿਸ ਵਿਚ ਉਸ ਦਾ ਕਹਿਣਾ ਹੈ ਕਿ ਉਹ ਪਾਲੀ ਦੇਤਵਾਲੀਆ, ਬੂਟਾ ਮੁਹੰਮਦ, ਰਣਜੀਤ ਮਣੀ, ਮਨਜੀਤ ਰੂਪੋਵਾਲੀਆ ਸਮੇਤ ਕਈ ਹੋਰ ਕਲਾਕਾਰਾਂ ਨਾਲ ਸਟੇਜ ਸ਼ੋਅ ਕਰ ਚੁੱਕੀ ਹੈ। ਉਸ ਦੇ ਚਰਚਿਤ ਦੋਗਾਣਿਆਂ ਵਿਚ ‘ਜੰਜ ਹੋਵੇ ਨਾ ਸ਼ਰਾਬੀ’, ‘ਜੇਠਾਂ ਦਾ ਜੋੜਾ’, ‘ਤੇਰੀ ਮਾਂ ਨੇ ਸਿਰ ਪਲੋਸਦੀ ਨੇ ਵਾਲ ਖਿਲਾਰ ਦਿੱਤੇ’, ‘ਚਮਕੀਲਾ ਫੋਰਡ ਤੇ’, ‘ਤੇਰੇ ਨਾਲ ਰੋਣਕਾਂ ਨੇ’, ‘ਪਾਲੀ ਤੇਰੀ ਐਮ ਏ ਕਰ ਗਈ’ ਅਤੇ ‘ਮੇਲਾ’ ਜ਼ਿਕਰਯੋਗ ਹਨ। ਆਸ ਕਰਦੇ ਹਾਂ ਰਾਜ ਗੁਲਜ਼ਾਰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਆਪਣੇ ਗਾਇਕੀ ਖੇਤਰ ਵਿਚ ਕਰੇ।