ਚੰਡੀਗੜ੍ਹ (ਸਮਾਜ ਵੀਕਲੀ): ‘ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਜ਼’ ਤੇ ‘ਪੰਜਾਬ ਇਲੈਕਸ਼ਨ ਵਾਚ’ ਦੀ ਰਿਪੋਰਟ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਅਮੀਰ ਉਮੀਦਵਾਰ ਹਨ। ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਜਿਹੇ 21 ਵਿਧਾਇਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਦੀ ਸੰਪਤੀ ਪਿਛਲੀਆਂ ਚੋਣਾਂ ਨਾਲੋਂ ਘਟੀ ਹੈ। ਦੁਬਾਰਾ ਚੋਣ ਲੜ ਰਹੇ 101 ਵਿਧਾਇਕਾਂ ਵੱਲੋਂ ਦਾਖਲ ਕੀਤੇ ਗਏ ਹਲਫ਼ਨਾਮਿਆਂ ਦਾ ਮੁਲਾਂਕਣ ਦੱਸਦਾ ਹੈ ਕਿ ਔਸਤਨ ਦੁਬਾਰਾ ਚੋਣ ਲੜ ਰਹੇ ਵਿਧਾਇਕਾਂ ਦੀ ਸੰਪਤੀ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ 21 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। 78 ਵਿਧਾਇਕ ਅਜਿਹੇ ਹਨ ਜਿਨ੍ਹਾਂ ਦੇ ਅਸਾਸਿਆਂ ਵਿਚ ਦੋ ਤੋਂ 2954 ਪ੍ਰਤੀਸ਼ਤ ਤੱਕ ਦਾ ਵਾਧਾ ਦਰਜ ਹੋਇਆ ਹੈ। 21 ਵਿਧਾਇਕ ਅਜਿਹੇ ਹਨ ਜਿਨ੍ਹਾਂ ਦੀ ਸੰਪਤੀ ਮਨਫ਼ੀ ਦੋ ਤੋਂ ਮਨਫ਼ੀ 74 ਪ੍ਰਤੀਸ਼ਤ ਤੱਕ ਘਟੀ ਹੈ। ਜਲਾਲਾਬਾਦ ਤੋਂ ਚੋਣ ਮੈਦਾਨ ਵਿਚ ਸੁਖਬੀਰ ਬਾਦਲ ਨੇ ਆਪਣੀ ਜਾਇਦਾਦ ਵਿਚ 100 ਕਰੋੜ ਰੁਪਏ ਦਾ ਵਾਧਾ ਦੱਸਿਆ ਹੈ। 2017 ਵਿਚ ਇਹ 102 ਕਰੋੜ ਰੁਪਏ ਸੀ ਜੋ ਕਿ ਇਸ ਵਾਰ ਹਲਫ਼ਨਾਮੇ ਵਿਚ 202 ਕਰੋੜ ਐਲਾਨੀ ਗਈ ਹੈ।
ਕਾਂਗਰਸ ਆਗੂ ਮਨਪ੍ਰੀਤ ਸਿੰਘ ਬਾਦਲ ਜੋ ਕਿ ਬਠਿੰਡਾ (ਸ਼ਹਿਰੀ) ਤੋਂ ਚੋਣ ਲੜ ਰਹੇ ਹਨ, ਦੀ ਸੰਪਤੀ 40 ਕਰੋੜ ਰੁਪਏ ਤੋਂ ਵੱਧ ਕੇ 72 ਕਰੋੜ ਰੁਪਏ ਹੋ ਗਈ ਹੈ। ‘ਆਪ’ ਦੇ ਅਮਨ ਅਰੋੜਾ ਜੋ ਕਿ ਸੁਨਾਮ ਤੋਂ ਚੋਣ ਲੜ ਰਹੇ ਹਨ, ਨੇ ਵੀ ਆਪਣੀ ਜਾਇਦਾਦ 95 ਕਰੋੜ ਰੁਪਏ ਦੱਸੀ ਹੈ। 2017 ਵਿਚ ਉਨ੍ਹਾਂ ਹਲਫ਼ਨਾਮੇ ਵਿਚ ਆਪਣੀ ਜਾਇਦਾਦ 65 ਕਰੋੜ ਰੁਪਏ ਐਲਾਨੀ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੇ ਹਨ, ਨੇ ਇਸ ਵਾਰ 68 ਕਰੋੜ ਰੁਪਏ ਦੀ ਜਾਇਦਾਦ ਐਲਾਨੀ ਹੈ ਜੋ ਕਿ 2017 ਵਿਚ 48 ਕਰੋੜ ਰੁਪਏ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly