ਗੁਆਂਢ ਦੇ ਪਿੰਡ ਵਿੱਚ ਇੱਕ ਬਾਬਾ ਪੁੱਛਾਂ ਦਿੰਦਾ ਸੀ ਉਸਦੀ ਆਸੇ ਪਾਸੇ ਦੇ ਪਿੰਡਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਕਾਫੀ ਚਰਚਾ ਸੀ। ਇਸ ਗੱਲ ਦਾ ਪਤਾ ਜਦੋਂ ਤਾਈ ਨਿਹਾਲੀ ਨੂੰ ਕਰਤਾਰੀ ਕੋਲੋਂ ਪਤਾ ਲੱਗਾ ਤਾਂ ਉਸਨੇ ਸੋਚਿਆ ਇੱਕ ਵਾਰੀ ਜਾ ਕੇ ਦੇਖਿਆ ਜਾਵੇ ਤਾਂ ਸਹੀ ਕਿ ਇਹ ਕਿਹੜਾ ਬਾਬਾ ਜਿਹੜਾ ਭੋਲੀ ਭਾਲੀ ਜਨਤਾ ਨੂੰ ਲੁੱਟੀ ਜਾ ਰਿਹਾ ਹੈ , ਉਂਝ ਉਹ ਪਿੰਡ ਵਿੱਚ ਕਾਫੀ ਚਤਰ ਅਤੇ ਹਾਜ਼ਰ ਜਵਾਬ ਬੁੜੀ ਦੇ ਤੌਰ ਤੇ ਜਾਣੀ ਜਾਂਦੀ ਸੀ। ਉਹ ਅਗਲੇ ਹੀ ਵੀਰਵਾਰ ਵਾਲੇ ਦਿਨ ਉਸ ਬਾਬੇ ਦੇ ਡੇਰੇ ‘ਤੇ ਪਹੁੰਚ ਗਈ । ਬਾਬੇ ਦੇ ਆਲੀਸ਼ਾਨ ਕਮਰੇ ਵਿੱਚ ਕਾਫੀ ਜਨਤਾ ਬੈਠੀ ਚੌਂਕੀ ਭਰ ਰਹੀ ਸੀ ,ਬਾਬਾ ਆਪਣੇ ਵਾਲ ਖੋਲ ਕੇ ਸਿਰ ਘੁਮਾ ਰਿਹਾ ਸੀ । ਬਾਬਾ ਦਸ ਗੱਲਾਂ ਦੱਸਦਾ ਜਿਸ ਵਿੱਚੋਂ ਪੰਜ ਹਰੇਕ ਘਰ ਦੀਆਂ ਆਮ ਹੀ ਹੁੰਦੀਆਂ ਸਨ । ਲੋਕ ਉਨ੍ਹਾਂ ਗੱਲਾਂ ਦੇ ਸੱਚ ਹੋਣ ਦਾ ਪੱਖ ਪੂਰਦੇ ਅਤੇ ਬਾਬਾ ਉੱਚੀ ਅਵਾਜ਼ ਵਿੱਚ ਪੈਸਿਆਂ ਸਮੇਤ ਹੋਰ ਤਰ੍ਹਾਂ ਤਰ੍ਹਾਂ ਦੀਆਂ ਸੇਵਾ ਲਗਾ ਕੇ ਉਹਨਾਂ ਦੇ ਦੁੱਖ ਦੂਰ ਕਰਨ ਦਾ ਦਾਅਵਾ ਕਰਦਾ । ਏਨੇ ਨੂੰ ਤਾਈ ਨਿਹਾਲੀ ਦੀ ਵਾਰੀ ਆਈ । ਬਾਬੇ ਨੇ ਕਿਹਾ ਉਹ ਬੁੜੀ ਖੜ੍ਹੀ ਹੋਵੀ ਜਿਸਦੀ ਘੋੜੀ ਗੁਆਚੀ ਹੈ , ਤਾਈ ਬਾਬੇ ਦੇ ਏਨਾਂ ਕਹਿੰਦੇ ਸਾਰ ਹੀ ਝੱਟ ਖੜ੍ਹੀ ਹੋ ਗਈ ।ਬਾਬੇ ਨੇ ਸਿਰ ਘੁਮਾ ਕੇ ਕਿਹਾ , ” ਭਾਈ ਤੇਰੀ ਘੋੜੀ ਤੇਰੇ ਪਿੰਡ ਤੋਂ ਦੂਜੇ ਪਿੰਡ ਨਿਆਈਆਂ ਵਿੱਚ ਚਰਦੀ ਫਿਰਦੀ ਏ। ਤਾਈ ਨਿਹਾਲੀ ਉੱਚੀ ਉੱਚੀ ਹੱਸਣ ਲੱਗੀ ਤੇ ਕਹਿਣ ਲੱਗੀ , ਬਾਬਾ ਮੇਰੀ ਤਾਂ ਸੇਵੀਆਂ ਵੱਟਣ ਵਾਲੀ ਘੋੜੀ ਗੁਆਚੀ ਐ , ਮੈਂ ਤਾਂ ਇਹ ਹੀ ਦੇਖਣ ਆਈ ਸੀ ਕਿ ਇਹ ਕਿਹੜਾ ਬਾਬਾ ਜਿਹੜਾ ਭੋਲੀ ਭਾਲੀ ਜਨਤਾ ਨੂੰ ਠੱਗੀ ਜਾਂਦਾ ਹੈ ,” ਤਾਈ ਦੇ ਇਹ ਕਹਿਣ ਦੀ ਦੇਰ ਹੀ ਸੀ ਬਾਬੇ ਦੀ ਪੌਣ ਬੰਦ ਹੋ ਗਈ ਤੇ ਸਾਹਮਣੇ ਬੈਠੇ ਲੋਕ ਆਪਣੀਆਂ ਆਪਣੀਆਂ ਜੁੱਤੀਆਂ ਪਾਉਣ ਲੱਗੇ।
ਸਤਨਾਮ ਸਮਾਲਸਰੀਆ
ਸੰਪਰਕ: 9710860004