(ਸਮਾਜ ਵੀਕਲੀ)
ਸਾਡਾ ਅਜੌਕਾ ਪੰਜਾਬ ਆਪਣੇ ਅਮੀਰ ਵਿਰਸੇ ਵਿੱਚੋਂ ਸ਼ਬਦਾਂ ਦੇ ਨਾਲ ਨਾਲ ਬਹੁਤ ਸਾਰੇ ਅਜਿਹੇ ਹੁਨਰ ਗੁਆ ਚੁੱਕਾ ਹੈ ਜਿਹੜੇ ਸਾਡੇ ਸਮਾਜਿਕ ਰਿਸ਼ਤਿਆਂ ਦੀ ਨੀਂਹ ਮਜ਼ਬੂਤ ਕਰਨ ਦੇ ਨਾਲ ਨਾਲ ਸਾਡੀ ਸਿਹਤ ਲਈ ਵੀ ਵਰਦਾਨ ਸਾਬਿਤ ਹੁੰਦੇ ਸਨ । ਇਹਨਾਂ ਹੁਨਰਾਂ ਵਿੱਚੋਂ ਇੱਕ ਹੁਨਰ ਸੀ ਅੱਗ ਦੱਬਣ ਅਤੇ ਹਾਰੇ ਵਿੱਚ ਦੁੱਧ ਕਾੜ੍ਹਨ ਦਾ।
ਗਰਮ ਸਵਾਹ ਵਿੱਚ ਅੱਗ ਦੱਬਣ ਦਾ ਹੁਨਰ ਸਿਰਫ਼ ਦਾਦੀ ਨੂੰ ਹੀ ਆਉਂਦਾ ਸੀ । ਉਹ ਰਾਤ ਨੂੰ ਸੌਣ ਤੋਂ ਪਹਿਲਾਂ ਪਾਥੀ ਭੰਨ ਕੇ ਗਰਮ ਸੁਆਹ ਵਿੱਚ ਦੱਬ ਦਿੰਦੀ , ਪਾਥੀ ਸਾਰੀ ਰਾਤ ਧੁਖਦੀ ਰਹਿੰਦੀ ਮੱਚਦੀ ਨਾ ਫਿਰ ਸਵੇਰੇ ਪਹੁ ਫੁੱਟੀ ਨਾਲ ਉੱਠ ਕੇ ਇਸ ਸੁਆਹ ਵਿੱਚ ਰੱਖੀ ਪੱਥੀ ‘ਤੇ ਕੁਝ ਸੁੱਕੇ ਡੱਕੇ ਸੁੱਟ ਉਹ ਅੱਗ ਬਾਲ ਲੈਂਦੀ ਸੀ।
ਸੱਚਮੁੱਚ ਕਿੱਡਾ ਵੱਡਾ ਹੁਨਰ ਅੱਗ ਬਾਲਣ ਦਾ ਉਹ ਆਪਣੇ ਅੰਦਰ ਸਾਂਭੀ ਬੈਠੀ ਸੀ , ਸ਼ਾਇਦ ਉਹ ਉਸਨੇ ਆਪਣੀ ਮਾਂ ਜਾਂ ਸੱਸ ਕੋਲੋ ਸਿੱਖਿਆ ਹੋਣਾ, ਮੇਰੀ ਮਾਂ ਦੀ ਤਰ੍ਹਾਂ। ਸਵੇਰ ਹੋਣ ਤੱਕ ਹੋਰ ਆਂਢਣਾਂ ਗੁਆਂਢਣਾਂ ਬੇਬੇ ਤੋਂ ਅੱਗ ਉਧਾਰੀ ਲੈਣ ਆਉਂਦੀਆਂ ਨਾਲੇ ਆਪਣਾ ਦੁੱਖ ਕਰ ਜਾਂਦੀਆਂ ਨਾਲੇ ਅੱਗ ਉਧਾਰੀ ਲੈ ਜਾਂਦੀਆਂ।
ਬੇਬੇ ਹਰ ਰੋਜ਼ ਅੱਗ ਉਧਾਰੀ ਦਿੰਦੀ ਕਦੇ ਨਾਂਹ ਨਾ ਕਰਦੀ । ਫਿਰ ਧਾਰਾਂ ਕੱਢ ਕੇ ਦੁੁੱਧ ਕਾਢਣੀ ਵਿੱਚ ਪਾ ਕੇ ਹਾਰੇ ਵਿੱਚ ਪਾਥੀਆਂ ਭੰਨ੍ਹ ਕੇ ਲਾ ਦਿੰਦੀ। ਹਾਰਾ ਮਿੱਟੀ ਦਾ ਦਾ ਤਦੂਰ ਵਰਗਾ ਬਣਿਆਂ ਹੁੰਦਾ ਸੀ ਜਿਹੜਾ ਚੌਂਤੇ ਦੇ ਇੱਕ ਗੁੱਠ ਵਿੱਚ ਬਣਾਇਆ ਜਾਂਦਾ ਸੀ ਕਈ ਸੁਆਣੀਆਂ ਆਪਣੀ ਕਲਾਕਾਰੀ ਨਾਲ ਇਸ ਨੂੰ ਤੋੜੇ ਦੇ ਸਿਰ ਦਾ ਖਰੀਡਲ ਲੈ ਕੇ ਉਸ ਉੱਚ ਚੱਕਮੇ ਹਾਰੇ ਵੀ ਬਣਾ ਲੈਂਦੀਆਂ ਸਨ ।
ਹਾਰੇ ਵਿੱਚ ਪਿਆ ਦੁੱਧ ਸਾਰੀ ਦਿਹਾੜੀ ਕੜ੍ਹਦਾ ਰਹਿੰਦਾ ਕਦੇ ਕਾਢਣੀ ਵਿੱਚੋਂ ਉੱਭਲ ਕੇ ਬਾਹਰ ਨਾ ਨਿਕਲਦਾ । ਕਾੜਨੀ ਦੇ ਅੰਦਰ ਕੜ੍ਹਦਾ ਕੜ੍ਹਦਾ ਦੁੱਧ ਹੌਲੀ ਹੌਲੀ ਗੁਲਾਬੀ ਭਾਅ ਮਾਰਨ ਲੱਗ ਜਾਂਦਾ ।ਜਦੋਂ ਕਿਸੇ ਨੇ ਸਾਡੇ ਘਰ ਆਉਣਾ ਕਾੜ੍ਹਨੀ ਦਾ ਦੁੱਧ ਪੀਣ ਲਈ ਦਿੱਤਾ ਜਾਂਦਾ । ਉਦੋਂ ਲੋਕ ਚਾਹ ਬਹੁਤ ਘੱਟ ਪੀਂਦੇ ਸਨ ਅਤੇ ਨਾ ਹੀ ਕਿਸੇ ਨੇ ਕਦੇ ਦੁੱਧ ਵੇਚਿਆ ਸੀ ।
ਨਾਲੇ ਦੁੱਧ ਦਾ ਵੇਚੇ ਦਾ ਤਾਂ ਲੋਕ ਮੇਹਣਾ ਮਾਰ ਦਿੰਦੇ ਸੀ ਕਿ ਜੀਹਨੇ ਦੁੱਧ ਵੇਚਤਾ ਉਹਨੇ ਆਵਦਾ ਪੁੱਤ ਵੇਚ ਦਿੱਤਾ।ਲੋਕ ਅਨਪੜ੍ਹ ਸਨ ਪਰ ਇੰਨੀ ਸਿਆਣਪ ਪਤਾ ਨਹੀਂ ਕਿੱਥੋਂ ਆਈ ਸੀ ਉਨ੍ਹਾਂ ਕੋਲ।ਪਸ਼ੂਆਂ ਨੂੰ ਪੱਠੇ ਬਿਨ੍ਹਾਂ ਰੇਹ ਸਪਰੈ ਵਾਲੇ ਤੀ ਰੂੜੀ ਦੇ ਰੇਹ ਵਾਲੇ ਪਾਏ ਜਾਂਦੇ ਸਨ । ਬਾਪੂ ਦੱਸਦਾ ਹੁੰਦਾ ਸੀ ਕਿ ਇਹ ਕਾੜ੍ਹਨੀ ਦਾ ਦੁੱਧ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਡੇ ਸਰੀਰ ਦੀ ਰੱਖਿਆ ਕਰਦਾ ਹੈ ।
ਉਹ ਆਪ ਆਥਣ ਵੇਲੇ ਰੋਟੀ ਖਾਣ ਤੋਂ ਬਾਅਦ ਕਾੜ੍ਹਨੀ ਦੇ ਦੁੱਧ ਦੇ ਭਰੇ ਪਿੱਤਲ ਦੇ ਗਲਾਸ ਨਾਲ ਇੱਕ ਡਲੀ ਗੁੜ ਦੀ ਜ਼ਰੂਰ ਖਾਂਦਾ ਸੀ ਤੇ ਕੰਮ ਵਿੱਚ ਕਦੇ ਕਿਸੇ ਨੂੰ ਖੰਘਣ ਨਹੀਂ ਦਿੰਦਾ ਸੀ ਨਾਲੇ ਕਹਿੰਦਾ ਹੁੰਦਾ ਸੀ ਦੇਹ ਨੂੰ ਜਿੰਨ੍ਹਾਂ ਦੱਬ ਕਿ ਵਾਉਂਗੇ ਉਨ੍ਹੀ ਹੀ ਤੰਦਰੁਸਤ ਰਹਿੰਦੀ ਹੈ । ਕੜ੍ਹਿਆ ਹੋਇਆ ਦੁੱਧ ਪੀਣ ਵਾਲੇ ਨੂੰ ਕਦੇ ਕੋਈ ਪੇਟ ਦੀ ਕੋਈ ਬਿਮਾਰੀ ਨਹੀਂ ਲੱਗੀ ਸੀ , ਨਾ ਹੀ ਕਦੇ ਖੂਨ ਦੀ ਕਮੀ ਹੋਈ ਸੀ ਅਤੇ ਗੋਡੇ ਦੁਖਣ ਦੀ ਗੱਲ ਤਾਂ ਕਿਸੇ ਨੂੰ ਪਤਾ ਵੀ ਨਹੀਂ ਸੀ।
ਕੀ ਪਤਾ ਸੀ ਸਮਾਂ ਐਨੀ ਤੇਜ਼ ਰਫ਼ਤਾਰ ਨਾਲ ਬਦਲੇਗਾ ਕਿ ਸਭ ਕੁਝ ਨਾਲ ਹੀ ਲੈ ਜਾਵੇਗਾ । ਹੁਣ ਨਾ ਤਾਂ ਉਹ ਅੱਗ ਦੱਬਣ ਵਾਲੀਆਂ ਰਹੀਆਂ ਨਾਂ ਹੀ ਅੱਗ ਉਧਾਰੀ ਲਿਜਾਣ ਵਾਲੀਆਂ ਅਤੇ ਨਾ ਹੀ ਹਾਰਿਆਂ ਵਿੱਚ ਦੁੱਧ ਕਾੜ੍ਹਨ ਵਾਲੀਆਂ। ਘਰ ਘਰ ਵਿੱਚ ਗੈਸ ਸਿਲੰਡਰ ਆਉਣ ਕਰਕੇ ਅੱਗ ਦੱਬਣ ਦੀ ਕਿਸੇ ਨੂੰ ਨੌਬਤ ਹੀ ਨਹੀਂ ਆਉyਦੀ ਤੀਲੀ ਘਸਾਈ ਤੇ ਅੱਗ ਮਚਾਈ।
ਹਾਰਿਆਂ ਦੀ ਜਗ੍ਹਾ ਹੁਣ ਦੁੱਧ ਡੇਰੀਆਂ ਤੇ ਜਾਣ ਲੱਗੇ , ਉਹ ਵੀ ਨਿਰੀ ਜ਼ਹਿਰ ਤੇ ਜਿਹੜੇ ਬੱਚਦੇ ਹਨ ਉਹ ਗੈਸ ਚੁੱਲ੍ਹਿਆਂ ‘ਤੇ ਧਰੇ ਉਬਾਲੇ ਜਾਂਦੇ ਹਨ ਅਤੇ ਕਦੇ ਕਦੇ ਉੱਬਲ ਕੇ ਬਾਹਰ ਵੀ ਡੁੱਲ੍ਹ ਜਾਂਦੇ ਹਨ । ਇਹ ਦੁੱਧ ਉੱਬਲ ਕੇ ਪੀਲੇ ਜ਼ਰੂਰ ਹੋ ਜਾਂਦੇ ਹਨ ਪਰ ਹਾਰੇ ਵਿੱਚ ਧਰੇ ਹੋਏ ਗੁਲਾਬੀ ਦੁੱਧ ਵਰਗੇ ਨਹੀਂ ਹੋ ਸਕਦੇ।ਕਾਸ਼ ! ਕਦੇ ਆਪਣੇ ਦੁੱਖ ਸਾਂਝੇ ਕਰਨ ਲਈ ਅੱਗ ਉਧਾਰੀ ਲੈਣ ਲਈ ਗੁਆਂਢਣਾਂ ਖਾਤਰ ਕਿਸੇ ਨੂੰ ਅੱਗ ਦੱਬਣੀ ਆ ਜਾਵੇ ਅਤੇ ਕਾੜ੍ਹਨੀ ਦਾ ਦੁੱਧ ਮੇਰੇ ਵਰਗਿਆਂ ਨੂੰ ਨਸੀਬ ਹੋ ਜਾਵੇ।
ਸਤਨਾਮ ਸਮਾਲਸਰੀਆ
ਸੰਪਰਕ 97108 60004