(ਸਮਾਜ ਵੀਕਲੀ)
ਅੱਸੂ ਅਤੇ ਚੇਤ ਦੇ ਨਰਾਤੇ ਅੱਠਵੇਂ
ਘਰ ਘਰ ਕੰਜਕਾਂ ਬਿਠਾਵਣ ਲੋਕੀ,
ਬੜੀਆਂ ਹੀ ਔਖੀਆਂ ਕੰਜਕਾਂ ਲੱਭਣ
ਘੇਰ ਘੇਰ ਕੇ ਲਿਆਵਣ ਲੋਕੀ ,
ਸਾਲ ‘ਚ ਦੋ ਵਾਰ ਪੂਜਾ ਕਰਕੇ
ਸੁਰਖ਼ ਰੂਹ ਹੋ ਜਾਵਣ ਲੋਕੀ ,
ਚਰਣ ਪਖਾਰ ਕੇ ਸੀਸ ਨਿਵਾ ਕੇ
ਡਾਹ੍ਢਾ ਪੁੰਨ ਕਮਾਵਣ ਲੋਕੀ ,
ਪੂਜ ਕੇ ਕੰਜਕਾਂ ਭਲਾ ਕੀ ਮੰਗਦੇ ?
ਪੁੱਤਰਾਂ ਨੂੰ ਹੀ ਚਾਹਵਣ ਲੋਕੀ ,
ਖ਼ੁਦ ਜੰਮਣ ਤੋਂ ਅਜੇ ਵੀ ਡਰਦੇ
ਵੱਡੀ ਵਿਪਤ ਸਦਾਵਣ ਲੋਕੀ ,
ਧੀਅ ਜੰਮੀਂ ਹਾਏ ਪੱਥਰ ਜੰਮਿਆ
ਹਾਲ ਦੁਹਾਈ ਪਾਵਣ ਲੋਕੀ ,
ਰੁੱਖੀਆਂ ਖਾ ਕੇ ਪਲ਼ ਜਾਂਦੀਆਂ ਨੇ
ਫਿਰ ਕਿਉਂ ਕਹਿਰ ਕਮਾਵਣ ਲੋਕੀ ?
ਜੇ ਕੋਈ ਵਹਿਸ਼ੀ ਰੋਲ਼ ਦਵੇ ਪੱਤ
ਧੀਅ ‘ਤੇ ਦੋਸ਼ ਹੀ ਲਾਵਣ ਲੋਕੀ ,
ਜਦ ਇਹ ਕੰਜਕਾਂ ਮਸਲੀਆਂ ਜਾਵਣ
ਕਿਉਂ ਸੁੱਸਰੀ ਹਾਰ ਸੌਂ ਜਾਵਣ ਲੋਕੀ ?
ਕਿਉਂ ਨਹੀਂ ਉੱਠਕੇ ਗਾਟਾ ਲਾਹੁੰਦੇ
ਜ਼ੇਰਾ ਕਿੱਥੋਂ ਲਿਆਵਣ ਲੋਕੀ ,
‘ ਮਨੂਵਾਦੀ ‘ ਜਦ ਨਿਆਂ ਦੇਸ਼ ਦਾ
ਨੀਂਦ ਕਿਉਂ ਸੁਖ ਦੀ ਪਾਵਣ ਲੋਕੀ ।
<>
ਸ਼ਿੰਦਾ ਬਾਈ