ਫ਼ਤਹਗੜ੍ਹ ਦੀ ਧਰਤ ਤੋਂ ਸੁਖਬੀਰ ਦੀ ਹਦਾਇਤ ਮਗਰੋਂ ਅਕਾਲੀ ਦਲ ‘ਚ ਜਿੰਨੇ ਮੂੰਹ, ਓਨੀਆਂ ਗੱਲਾਂ ਵਰਗੇ ਹਾਲਾਤ

ਯਾਦਵਿੰਦਰ

(ਸਮਾਜ ਵੀਕਲੀ)

ਲੰਘੇ ਕਲ੍ਹ ਦੀ ਸਭ ਤੋਂ ਦਿਲਚਸਪ ਖ਼ਬਰ ਓਹੀ ਸੀ ਜਿਹੜੀ ਅੱਜ ਛਪਣ ਮਗਰੋਂ ਸਭਨਾਂ ਨੇ ਪੜ੍ਹ ਲਈ ਹੈ ! ਓਹ ਖ਼ਬਰ ਇਹ ਹੈ ਕਿ ਫ਼ਤਹਗੜ੍ਹ ਸਾਹਿਬ ਵਿਚ ਨਗਰ ਕੌਂਸਲ ਚੋਣਾਂ ਲਈ ਅਕਾਲੀਆਂ ਨੂੰ ਤਗੜੇ ਕਰਨ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਧਰਨੇ ਦੌਰਾਨ ਮੀਟਿੰਗ ਕੀਤੀ. ਦਰਅਸਲ ਵਿਚਲੀ ਗੱਲ ਇਹ ਸੀ ਕਿ ਫ਼ਤਹਗੜ੍ਹ ਜ਼ਿਲ੍ਹੇ ਵਿਚ ਪੰਜ ਨਗਰ ਕੌਂਸਲ ਚੋਣਾਂ ਵਿਚ ਇਸ ਦਲ ਦੀ ਹੋਈ ਹਾਰ ਮਗਰੋਂ ਅਕਾਲੀ ਕਾਰਕੁਨਾਂ ਨੂੰ ਮੱਤਾਂ ਦਿੰਦਿਆਂ ਉਨ੍ਹਾਂ ਨੂੰ ਸੁਧਰਨ ਦਾ ਸਬਕ਼ ਪੜ੍ਹਾਇਆ।

ਸੁਖਬੀਰ ਸਿੰਘ, “ਪੰਜਾਬ ਮੰਗਦਾ ਜਵਾਬ” ਦੇ ਫੱਟੇ ਹੇਠ ਦਿੱਤੇ ਜ਼ਿਲ੍ਹਾ ਪੱਧਰੀ ਧਰਨੇ ਵਿਚ ਬੋਲਣ ਆਏ ਹੋਏ ਸਨ। ਵਰਕਰਾਂ ਨੂੰ ਆਖ ਦਿੱਤਾ ਕਿ  ਅਕਾਲੀਓ ਹੁਣ ਤਾਂ ਕਾਂਗਰਸ ਸਰਕਾਰ ਨੇ ਤੁਹਾਡੇ ‘ਤੇ ਧਾਰਾ 307 ਦੇ ਪਰਚੇ ਦਰਜ ਕਰ ਦਿੱਤੇ ਹੁਣ ਤਾਂ ਸੁਧਰ ਜਾਓ ਜੇ ਤੁੁਸੀਂ ਨਾ ਸੁਧਰੇ ਤਾਂ ਕਾਂਗਰਸ ਹਾਕ਼ਮ ਹੋਰ ਜ਼ੁਲਮ ਢਾਹੁਣਗੇ।

ਫ਼ਤਹਗੜ੍ਹ ਦੇ ਸੀਨੀਅਰ ਪੱਤਰਕਾਰ ਦੱਸਦੇ ਨੇ ਕਿ  2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵੱਲੋਂ ਅਮਲੋਹ ਤੇ ਫ਼ਤਹਿਗੜ੍ਹ ਦੀਆਂ ਸੀਟਾਂ ਹਾਰਨ ਤੋਂ ਬਾਅਦ ਪ੍ਰਕਾਸ਼ ਸਿੰਘ  ਬਾਦਲ ਨੇ ਅਕਾਲੀਆਂ ਨੂੰ ਹਿਦਾਇਤ  ਦਿੰਦਿਆਂ ਕਿਹਾ ਸੀ ਕਿ ਜੇ ਸਾਰੇ ਜਣੇ  ਇਕੱਠੇ ਹੋ ਕੇ ਉਨ੍ਹਾਂ ਕੋਲ ਆਉਣਗੇ ਤਾਂ ਉਹ ਜ਼ਿਲ੍ਹੇ ਲਈ ਕੋਈ ਗ੍ਰਾਂਟ ਜਾਰੀ ਕਰਨਗੇ ਪਰ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਹਦਾਇਤ ਦੀ  ਪਰਵਾਹ ਨਹੀਂ ਕੀਤੀ ਸੀ. ਵਰਕਰਾਂ ਵਿਚ ਗਰੁੱਪਬਾਜ਼ੀ ਇੱਥੋਂ ਤਕ ਵਧ ਗਈ ਕਿ ਇਕ ਦੂਜੇ ਨੂੰ ਪਿੱਛੇ ਕਰਨ  ਵਿਚ ਕੋਈ ਮੌਕਾ ਨਹੀਂ ਗੁਆੳਂਦਾ। ਹੈਰਾਨੀ ਇਹ ਸੀ ਕਿ ਅਕਾਲੀ ਹਕੂਮਤ ਸਮੇਂ ਦਲ ਦਾ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ, ਸਰਹਿੰਦ, ਬੱਸੀ ਪਠਾਣਾਂ, ਅਮਲੋਹ ਤੇ ਨਗਰ ਪੰਚਾਇਤ ਖਮਾਣੋਂ ‘ਤੇ ਕਬਜ਼ਾ ਸੀ ਪਰ ਇਸ ਸਮੇਂ  ਜ਼ਿਲ੍ਹੇ ਵਿਚ ਕੌਂਸਲਰਾਂ ਦੀ ਗਿਣਤੀ 12 ਕੁ ਹੈ।

ਪ੍ਰਸ਼ਾਂਤ ਕਿਸ਼ੋਰ ਦਾ “ਮੁੱਦਾ” ਲੱਗਦਾ ਹੈ ਅਕਾਲੀਆਂ ਨੇ ਕਾਂਗਰਸੀਆਂ ਕੋਲੋਂ, ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਕੋਲੋਂ ਜਾਂ ਸਾਰਿਆਂ ਨੇ ਇਕ ਦੂਜੇ ਕੋਲੋਂ ਸਿਆਸੀ ਮੁੱਦੇ ਖੋਹ ਲਏ ਹਨ. ਕਲ੍ਹ ਕਿਉਂਕਿ ਮਨਪ੍ਰੀਤ ਬਾਦਲ ਨੇ ਬਤੌਰ ਖਜ਼ਾਨਾ ਵਜ਼ੀਰ ਬਜਟ ਪੇਸ਼ ਕੀਤਾ ਸੀ. ਏਸ ਲਈ ਅਕਾਲੀ ਅਗਵਾਈ ਕੋਲ ਇਕ ਹੋਰ ਖ਼ਿਆਲੀ ਮੁੱਦਾ ਆ ਗਿਆ ਤੇ ਏਸ ਬਜਟ ਨੂੰ ਭੰਡਦੇ ਰਹੇ. ਏਸ ਬਜਟ ਨੂੰ ਪ੍ਰਸ਼ਾਂਤ ਕਿਸ਼ੋਰ ਦੀ ਤਰਫ਼ੋਂ ਤਿਆਰ ਬਜਟ ਆਖ ਕੇ, ਅਕਾਲੀ ਲੀਡਰਾਂ ਨੇ ਧਰਨੇ ਵਿਚ ਟੈਮ ਟਪਾਈ ਤਾਂ ਕਰ ਲਈ ਪਰ… ਸਿਆਸੀ ਦਰਸ਼ਕ ਪੁੱਛਦੇ ਨੇ ਕਿ ਕੀ ਇਹੋ ਜਿਹੇ ਜੁਮਲਿਆਂ ਨਾਲ ਅਕਾਲੀ ਦਲ ਛੋਟਾ ਮੋਟਾ ਵੋਟ ਬੈਂਕ ਉਸਾਰ ਲਊਗਾ?

ਰਾਜ ਭਾਗ ਲਈ ਅਕਾਲੀ ਦਲ ਦੀ ਬੇਚੈਨੀ ਤੇ ਕੱਦਾਵਰ ਵਿਰੋਧੀ ਆਲ੍ਹਾ ਮਿਆਰੀ ਸੂਤਰ ਦੱਸਦੇ ਨੇ ਕਿ ਅਕਾਲੀ ਵਰਕਰ ਦੁਬਾਰਾ ਰਾਜ ਭਾਗ ਚਾਹੁੰਦੇ ਹਨ ਤੇ ਬੇਚੈਨ ਹੋਣ ਦੀ ਹੱਦ ਤਕ ਪਰੇਸ਼ਾਨ ਹਨ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਦੇ ਤੌਰ ਉੱਤੇ ਭਾਵੇਂ ਪਾਰਟੀ ਵਿਚ ਪਕੜ ਵੱਧ ਗਈ ਹੈ ਪਰ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਦੀ ਮਜਬੂਰੀ ਵਿਚ ਭਾਰਤੀ ਜਨਤਾ ਪਾਰਟੀ ਨਾਲੋਂ ਕੀਤੇ ਤੋੜ ਵਿਛੋੜੇ ਕਾਰਨ ਕੋਈ ਕਮਜ਼ੋਰੀ ਨਹੀਂ ਆਈ.

ਹੁਣ ਵੇਖਣਾ ਇਹ ਹੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਕਹੇ ਮੁਤਾਬਕ ਅਕਾਲੀ ਵਰਕਰ “ਸੁਧਰਣਗੇ” ਜਾਂ ਨਹੀਂ. ਪੱਤਰਕਾਰ ਹਲਕਿਆਂ ਵਿਚ ਇਹ ਖ਼ਾਸ ਚਰਚਾ ਤੁਰੀ ਰਹਿੰਦੀ ਹੈ ਅਕਾਲੀ ਆਪਣੀ ਖਾਹਿਸ਼ ਪੂਰੀ ਕਰਨ ਲਈ ਕਿਹੜਾ ਹਰਬਾ ਵਰਤਣਗੇ. ਮੁੱਖ ਵਿਰੋਧੀ ਪਾਰਟੀ ਤਾਂ ਕਾਂਗਰਸ ਈ ਹੈ, ਭਾਵੇਂ ਆਮ ਆਦਮੀ ਪਾਰਟੀ ਕੱਦ ਕੱਢ ਰਹੀ ਹੈ ਪਰ ਐੱਮ ਪੀ ਭਗਵੰਤ ਮਾਣ ਤੋਂ ਛੁੱਟ ਕੋਈ ਇਹੋ ਜਿਹਾ ਸਿਆਸਤਦਾਨ ਨਹੀਂ ਜਿਹੜਾ ਕੱਦਾਵਰ ਹੋਣ ਕਰ ਕੇ ਅਕਾਲੀਆਂ ਨੂੰ ਟੱਕਰ ਦੇ ਸਕਦਾ ਹੋਵੇ. ਅਕਾਲੀ ਦਲ ਲਈ ਰਸਤਾ ਸੁਖਾਲ਼ਾ ਨਹੀਂ ਜਾਪਦਾ.

ਯਾਦਵਿੰਦਰ
+91 94653 29617
# ਸੰਪਰਕ : ਸਰੂਪ ਨਗਰ. ਰਾਊਂਵਾਲੀ. 

Previous articleਨਿੱਕੇ ਘੁੰਮਣਾ ਅਕੈਡਮੀ ਵਲੋਂ ਫੁੱਟਬਾਲ ਤੇ ਹਾਕੀ ਟੀਮਾਂ ਲਈ 90 ਖਿਡਾਰੀਆਂ ਦੀ ਚੋਣ
Next articleਆਂਗਨਵਾੜੀ ਸੈਂਟਰ ਸੰਧਰ ਜਗੀਰ ਵਿੱਚ ਨਸ਼ਾ ਰੋਕੂ ਸਬੰਧੀ ਸੈਮੀਨਾਰ ਆਯੋਜਿਤ