*ਜ਼ਹਿਰ ਤੂੰ ਘੋਲੀਂ ਨਾ……….*

(ਸਮਾਜ ਵੀਕਲੀ)

ਸੱਚ ਕਿਹਾ ਨਾ ਜਾਵੇ ਝੂਠ ਵੀ ਬੋਲੀਂ ਨਾ।
ਕਿਸੇ ਗਰੀਬ ਦੇ ਪਰਦੇ ਐਵੇਂ ਫੋਲੀਂ ਨਾ।

ਦਾਲ ਗਲੇ ਨਾ ਤੇਰੀ, ਪਾਸਾ ਵੱਟ ਲਵੀਂ,
ਪਿਆਰ ਬਗਾਨੇ ਵਿੱਚ,ਜ਼ਹਿਰ ਨੂੰ ਘੋਲੀਂ ਨਾ।

ਦੱਖ-ਸੁੱਖ ਤਾਂ ਜ਼ਿੰਦਗੀ ਦੇ ਦੋ ਪਹਿਲੂ ਨੇ,
ਆਈ ਮੁਸੀਬਤ ਵੇਖ ਕਦੇ ਵੀ ਡੋਲੀਂ ਨਾ।

ਪਿਆਰ ਹਲੀਮੀ ਦੇ ਵਿੱਚ ਰਹਿਣਾ ਚੰਗਾ ਏ,
ਬੋਲ ਕਿਸੇ ਨੂੰ ਉੱਚਾ ਕਦੇ ਵੀ ਬੋਲੀਂ ਨਾ।

ਜੀਵਨ ਹੈ ਅਨਮੋਲ ਜਿਊਣਾ ਸਿੱਖ ਲਵੀਂ,
ਮਾੜੇ ਕੰਮਾਂ ਵਿੱਚ ਪੈ ਏਹ ਨੂੰ ਰੋਲੀਂ ਨਾ।

ਤੱਕੜ੍ਹੀ ਸੱਚ ਦੀ ਫੜ੍ਹਕੇ ਜੇ ਤੂੰ ਬੈਠ ਗਿਆ,
ਝੂਠ ਕੁਫ਼ਰ ਦਾ ਸੌਦਾ ਜਾਵੀਂ ਤੋਲੀਂ ਨਾ।

ਉਮਰ ਬਿਤਾ ਕੇ ਮਾਪਿਆਂ ਆਖਰ ਤੁਰ ਜਾਣਾ,
ਵਿੱਚ ਸਮਸ਼ਾਨ ਦੇ ਜਾ ਕੇ ਰਾਖ ਫਰੋਲੀਂ ਨਾ।

ਮਿੱਤਰ ਪਿਆਰੇ ਸਾਰੇ ‘ਬੁਜਰਕ’ ਮਤਲਬ ਦੇ,
ਮੋਹ ਮਮਤਾ ਵਿੱਚ ਆ ਕੇ ਭੇਤ ਤੂੰ ਖੋਲੀਂ ਨਾ।

ਹਰਮੇਲ ਸਿੰਘ ਬੁਜਰਕੀਆ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਜ਼ਮ
Next articleਮੰਡੀ ਅਹਿਮਦਗੜ੍ਹ: ਫੈਕਟਰੀ ’ਚ ਕਬਾੜ ਪਿਘਲਾਉਣ ਵੇਲੇ ਜ਼ੋਰਦਾਰ ਧਮਾਕਾ, 7 ਜ਼ਖ਼ਮੀ