(ਸਾਮਜ ਵੀਕਲੀ)
“ਮਿੱਟੀ ਦੀ ਔਕਾਤ ਤੇਰੀ ਏ,ਮਿੱਟੀ ਦਾ ਤੂੰ ਜਾਇਆ ਏਂ,
ਮਿੱਟੀ ਦੇ ਵਿੱਚ ਮਿੱਟੀ ਹੋਣਾ,ਮਿੱਟੀ ਸੰਗ ਜੀਅ ਆਇਆ ਏਂ;
ਭੱਜ ਦੌੜ ਨਹੀਂ ਮੁੱਕਣੀ ਤੇਰੀ, ਮੁੱਕ ਜਾਣਾ ਸੰਸਾਰ ਤੇਰਾ,
ਮੰਗਿਆ ਤਾਂ ਮੌਤ ਨਹੀਂ ਮਿਲਦੀ,ਜੋ ਮਿਲਿਆ ਹੈ ਖ਼ੁਦਾ ਪਰਉਪਕਾਰ ਤੇਰਾ…;
ਕਾਹਤੋਂ ਰੱਬ ਦੀ ਭਾਲ਼ ‘ਚ ਫਿਰਦੈਂ,ਰੱਬ ਤਾਂ ਤੇਰੇ ਅੰਦਰ ਏ,
ਲੋਕਾਂ ਦੇ ਤੂੰ ਦਰਦ ਵੰਡਾ ਲੈ, ਖ਼ਾਲੀ ਮਸਜਿਦ-ਮੰਦਿਰ ਨੇੰ;
ਮੁਹੱਬਤ ਵੰਡਿਆਂ ਸੋਨੇ ਵਰਗਾ ਹੋ ਜਾਣਾ ਕਿਰਦਾਰ ਤੇਰਾ,
ਮੰਗਿਆ ਤਾਂ ਮੌਤ ਨਹੀਂ ਮਿਲਦੀ,ਜੋ ਮਿਲਿਆ ਹੈ ਖ਼ੁਦਾ ਪਰਉਪਕਾਰ ਤੇਰਾ…;
ਪਾਠ ਪੂਜਾ ਤੇ ਤਸਬੀ ਫੇਰਨਾਂ,ਬੇਅਰਥ ਹੋ ਜਾਣਾ ਏ,
ਜਿਸ ਦਿਨ ਤੇਰੀ ਸੋਚ ਦਾ ਝੂਠਾ ਅਰਥ ਹੋ ਜਾਣਾ ਏ;
ਤੇਰਾ ਤੇਰਾ ਤੋਲਣਾ ਸਿੱਖ ਲੈ, ਸਭ ਹੋਣਾ ਨਹੀਂ ਹਰ ਵਾਰ ਤੇਰਾ,
ਮੰਗਿਆ ਤਾਂ ਮੌਤ ਨਹੀਂ ਮਿਲਦੀ,ਜੋ ਮਿਲਿਆ ਹੈ ਖ਼ੁਦਾ ਪਰਉਪਕਾਰ ਤੇਰਾ…;
ਝੂਠ-ਫ਼ਰੇਬ ਦੇ ਤਾਣੇ ਬਾਣੇ, ਛੱਡਦੇ ਨਾ ਤੂੰ ਬੁਣਿਆ ਕਰ,
ਮਿੱਟੀ ਮੱਥੇ ਲਾਇਆ ਕਰ,ਰੁੱਖਾਂ ਦੀ ਬੋਲੀ ਸੁਣਿਆ ਕਰ;
ਗੰਗਾਂ ਨਹਾਇਆਂ ਬਿਨ ਹੀ ਲਹਿਜੂ, ਸਿਰ ਪਾਪਾਂ ਦਾ ਭਾਰ ਤੇਰਾ,
ਮੰਗਿਆ ਤਾਂ ਮੌਤ ਨਹੀਂ ਮਿਲਦੀ,ਜੋ ਮਿਲਿਆ ਹੈ ਖ਼ੁਦਾ ਪਰਉਪਕਾਰ ਤੇਰਾ…;
ਅਦਬ ਅਦੀਬ ਮੁਹੱਬਤ ਵਾਲੇ,ਲੋਕਾਂ ਤਾਈਂ ਵੰਡ ਸੁਨੇਹੇ,
ਨਫ਼ਰਤ ਦੀ ਜੋ ਅੱਗ ਨੇਂ ਲਾਉਂਦੇ,ਸੱਚੀਂ ਇਹ ਲੋਕ ਨੇਂ ਕੇਹੇ;
ਇਹ ਝੂਠੇ ‘ਚੌਂਕੀਦਾਰਾਂ’ ਲਈ, ਖ਼ੂਨ ਖ਼ੌਲਦਾ ਏ ਹਰ ਵਾਰ ਮੇਰਾ,
ਮੰਗਿਆ ਤਾਂ ਮੌਤ ਨਹੀਂ ਮਿਲਦੀ,ਜੋ ਮਿਲਿਆ ਹੈ ਖ਼ੁਦਾ ਪਰਉਪਕਾਰ ਤੇਰਾ…;
‘ਧਾਲੀਵਾਲਾ’ ਤੂੰ ਕਰ ਦੁਆਵਾਂ ਸੁੱਖੀ ਵੱਸੇ ਪੰਜਾਬ ਸਦਾ,
ਝੂਮ-ਝੂਮ ਫ਼ਸਲਾਂ ਲਹਿਰਾਵਣ, ਖਿੜ-ਖਿੜ ਹੱਸੇ ਪੰਜਾਬ ਸਦਾ;
ਹਿੰਦੂ ਮੁਸਲਿਮ ਤੇ ਇਸਾਈ, ਨਾਲ ਵੱਸੇ ਭਾਈ ਸਰਦਾਰ ਮੇਰਾ,
ਮੰਗਿਆ ਤਾਂ ਮੌਤ ਨਹੀਂ ਮਿਲਦੀ,ਜੋ ਮਿਲਿਆ ਹੈ ਖ਼ੁਦਾ ਪਰਉਪਕਾਰ ਤੇਰਾ…!!”
ਹਰਕਮਲ ਧਾਲੀਵਾਲ
ਸੰਪਰਕ:- 8437403720