ਜੈਪੁਰ : ਦੇਸ਼ ਦੇ ਚਰਚਿਤ ਪਹਿਲੂ ਖ਼ਾਨ ਹਜ਼ੂਮੀ ਹਿੰਸਾ (ਮੌਬ ਲਿੰਚਿੰਗ) ਮਾਮਲੇ ‘ਚ ਪਹਿਲੂ ਖ਼ਾਨ ਦੇ ਪਰਿਵਾਰਕ ਮੈਂਬਰਾਂ ਨੇ ਰਾਜਸਥਾਨ ਹਾਈ ਕੋਰਟ ‘ਚ ਇਕ ਅਰਜ਼ੀ ਦਿੱਤੀ ਹੈ। ਇਸ ਵਿਚ ਉਨ੍ਹਾਂ ਨੇ ਅਲਵਰ ਦੀ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਕੋਰਟ ਵੱਲੋਂ ਬਰੀ ਕੀਤੇ ਗਏ ਛੇ ਲੋਕਾਂ ਦੀ ਗਿ੍ਫ਼ਤਾਰੀ ਵਾਰੰਟ ਨਾਲ ਤਲਬ ਕਰ ਕੇ ਅਪੀਲ ਦਾ ਨਿਪਟਾਰਾ ਹੋਣ ਤਕ ਜੇਲ੍ਹ ‘ਚ ਰੱਖਣ ਦੀ ਮੰਗ ਕੀਤੀ ਹੈ। ਮਾਮਲੇ ਦੀ ਸੁਣਵਾਈ ਕਰ ਰਹੇ ਹਾਈ ਕੋਰਟ ਦੇ ਜੱਜ ਮਹਿੰਦਰ ਮਾਹੇਸ਼ਵਰੀ ਤੇ ਗੋਵਰਧਨ ਬਾੜ੍ਹਦਾਰ ਦੇ ਬੈਂਚ ‘ਚ ਪਹਿਲੂ ਖ਼ਾਨ ਦੇ ਬੇਟਿਆਂ ਇਰਸ਼ਾਦ ਤੇ ਆਰਿਫ਼ ਨੇ ਅਰਜ਼ੀ ਪੇਸ਼ ਕੀਤੀ ਹੈ। ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਦੇ ਬੈਂਚ ਨੇ ਅਲਵਰ ਦੀ ਹੇਠਲੀ ਅਦਾਲਤ ਦਾ ਰਿਕਾਰਡ ਤਲਬ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਕ ਅਪ੍ਰੈਲ 2017 ਨੂੰ ਪਹਿਲੂ ਖ਼ਾਨ ਤੇ ਉਸ ਦੇ ਦੋਵੇਂ ਬੇਟੇ ਗਾਵਾਂ ਨੂੰ ਹਰਿਆਣਾ ਦੇ ਨੂੰਹ ਜ਼ਿਲ੍ਹੇ ‘ਚ ਸਥਿਤ ਆਪਣੇ ਪਿੰਡ ਲੈ ਕੇ ਜਾ ਰਹੇ ਸਨ। ਇਹ ਗਾਵਾਂ ਜੈਪੁਰ ਨਗਰ ਨਿਗਮ ਦੇ ਪਸ਼ੂ ਹਟਵਾੜੇ ਤੋਂ ਖ਼ਰੀਦੀਆਂ ਗਈਆਂ ਸਨ। ਇਸ ਦੌਰਾਨ ਪਸ਼ੂ ਤਸਕਰੀ ਦੇ ਸ਼ੱਕ ‘ਚ ਬਹਿਰੋੜ ਥਾਣਾ ਇਲਾਕੇ ‘ਚ ਕਥਿਤ ਗਊ ਭਗਤਾਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਮਾਰਕੁੱਟ ਕੀਤੀ ਸੀ। ਇਸ ਵਿਚ ਪਹਿਲੂ ਖ਼ਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਜਿਸ ਨੇ ਬਾਅਦ ‘ਚ ਇਲਾਜ ਦੌਰਾਨ ਨਿੱਜੀ ਹਸਪਤਾਲ ‘ਚ ਚਾਰ ਅਪ੍ਰੈਲ ਨੂੰ ਦਮ ਤੋੜ ਦਿੱਤਾ ਸੀ।