ਵਾਸ਼ਿੰਗਟਨ (ਸਮਾਜ ਵੀਕਲੀ) : ਅਗਲੇ ਮਹੀਨੇ ਅਮਰੀਕੀ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਜਾ ਰਹੀ ਕਮਲਾ ਹੈਰਿਸ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਚੀਫ਼ ਆਫ਼ ਸਟਾਫ਼, ਘਰੇਲੂ ਨੀਤੀ ਸਲਾਹਕਾਰ ਤੇ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਹੈਰਿਸ ਨੇ ਮਹਿਲਾਵਾਂ ਦੀ ਚੋਣ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟੀਨਾ ਫਲੋਰਨੋਏ ਚੀਫ਼ ਆਫ਼ ਸਟਾਫ਼ ਹੋਣਗੇ। ਉਨ੍ਹਾਂ ਕੋਲ ਨੀਤੀ ਨਿਰਧਾਰਨ ਖੇਤਰ ਦਾ ਡੂੰਘਾ ਤਜਰਬਾ ਹੈ। ਲੋਕ ਸੇਵਾ ਖੇਤਰ ਵਿਚ ਟੀਨਾ ਦਾ ਕਰੀਅਰ ਲਾਮਿਸਾਲ ਰਿਹਾ ਹੈ।
ਸੁਰੱਖਿਆ ਸਲਾਹਕਾਰ ਵਜੋਂ ਹੈਰਿਸ ਨੇ ਰਾਜਦੂਤ ਨੈਂਸੀ ਮੈਕਐਲਡਾਓਨੀ ਨੂੰ ਚੁਣਿਆ ਹੈ। ਰੋਹਿਨੀ ਕੋਸੋਗਲੂ ਉਪ ਰਾਸ਼ਟਰਪਤੀ ਨੂੰ ਘਰੇਲੂ ਨੀਤੀ ਨਿਰਧਾਰਨ ਲਈ ਸਲਾਹ ਦੇਵੇਗੀ। ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਵਿਵੇਕ ਮੂਰਤੀ ਨੂੰ ਸਰਜਨ ਜਨਰਲ ਥਾਪਿਆ ਹੈ। ਜ਼ਿਕਰਯੋਗ ਹੈ ਕਿ ਉਹ ਕੋਵਿਡ ਮਹਾਮਾਰੀ ਦੇ ਟਾਕਰੇ ਲਈ ਵੀ ਰਾਸ਼ਟਰਪਤੀ ਦੇ ਮੁੱਖ ਸਲਾਹਕਾਰਾਂ ਵਿਚੋਂ ਹਨ। ਮੂਰਤੀ ਇਸ ਤੋਂ ਪਹਿਲਾਂ ਓਬਾਮਾ ਤੇ ਟਰੰਪ ਪ੍ਰਸ਼ਾਸਨ ਵਿਚ ਵੀ ਸਰਜਨ ਜਨਰਲ ਰਹਿ ਚੁੱਕੇ ਹਨ।
ਇਸੇ ਦੌਰਾਨ ਡੈਮੋਕਰੈਟਿਕ ਕਾਂਗਰਸ ਮੈਂਬਰ ਗ੍ਰੇਗਰੀ ਮੀਕਸ (67) ਨੂੰ ਸਦਨ ਦੀ ਤਾਕਤਵਰ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਭਾਰਤ ਤੇ ਅਮਰੀਕਾ ਵਿਚਾਲੇ ਮਜ਼ਬੂਤ ਰਿਸ਼ਤਿਆਂ ਦੇ ਹਾਮੀ ਰਹੇ ਹਨ। ਕਮੇਟੀ ਚੇਅਰਮੈਨ ਦਾ ਅਹੁਦਾ ਸੰਭਾਲਣ ਵਾਲੀ ਮੀਕਸ ਪਹਿਲੀ ਸਿਆਹਫਾਮ ਸ਼ਖ਼ਸੀਅਤ ਹੋਣਗੇ। ਬਾਇਡਨ ਨੇ ਐਲਾਨ ਕੀਤਾ ਹੈ ਕਿ ਉਹ ਡਾ. ਐਂਥਨੀ ਫੌਚੀ ਨੂੰ ਮੁੱਖ ਮੈਡੀਕਲ ਸਲਾਹਕਾਰ ਵਜੋਂ ਆਪਣੇ ਪ੍ਰਸ਼ਾਸਨ ਵਿਚ ਬਰਕਰਾਰ ਰੱਖਣਗੇ।