ਹੈਪੀ ਦੀ ਮੰਮੀ ਭਾਲ਼ੇ ਚੀਕੂ ਤੇ ਸੀਤਾਫਲ਼

ਡਾ. ਸਵਾਮੀ ਸਰਬਜੀਤ

ਸਮਾਜ ਵੀਕਲੀ

(ਬਾਹਰ ਗਲ਼ੀ ਵਿੱਚ ਸਬਜੀ ਵਾਲ਼ੇ ਨੇ ਹੋਕਰਾ ਦਿੱਤਾ ਤਾਂ ਹੈਪੀ ਦੀ ਮੰਮੀ ਗੋਲ਼ੀ ਆਂਗੂੰ ਅੰਦਰੋਂ ਬਾਹਰ ਗਲ਼ੀ ਵਿੱਚ ਆਈ।)

ਹੈਪੀ ਦੀ ਮੰਮੀ : ਵੇ ਭਾਈ, ਸਬਜੀਆਂ ਈ ਲਈ ਫਿਰਦੈਂ ਕਿ ਫਲ਼–ਫਰੂਟ ਵੀ ਹੈਗਾ ਕੋਈ ?

ਸਬਜੀ ਵਾਲ਼ਾ : ਹੈਗਾ ਬੀਵੀ ਜੀ, ਫੜੂਟ ਵੀ ਹੈਗਾ, ਦੱਸੋ ਕੋਨ ਸਾ ਲੇਨਾ ਹੈ।

ਹੈਪੀ ਦੀ ਮੰਮੀ : (ਸੋਚ ਕੇ) ਸੀਤਾਫਲ਼ ਦੇ ਦੇ ਕਿੱਲੋ ਕੁ ?

ਸਬਜੀ ਵਾਲ਼ਾ : ਸੀਤਾਫਲ ਤੋਂ ਨਹੀਂ ਹੈਗਾ। ਚੀਕੂ ਲੇਨੇ ਹੈਗੇ ?

ਹੈਪੀ ਦੀ ਮੰਮੀ : ਵੇ ਚੀਕੂਆਂ ਦਾ ਤਾਂ ਮੈਨੂੰ ਵੀ ਪਤੈ…. ਮੈਂ ਤਾਂ ਆਹ ਸੀਤਾਫਲ਼ ਦੇਖਣਾ ਸੀ ਬੀ ਕਿਹੋ ਜਾ ਹੁੰਦੈ ?

ਸਬਜੀ ਵਾਲ਼ਾ : ਈ ਕੋਈ ਨਮੀਂ ਬਿਮਾਰੀ ਚੱਲੀ ਹੈਗੀ ਬੀਵੀ ਜੀ, ਜੋ ਡਾਕਟਰ ਨੇ ਸਭ ਕੋ ਸੀਤਾਫਲ ਖਾਨੇ ਕੋ ਬੋਲਾ ਹੈਗਾ ? ਆਜ ਸੁਬਹਾ ਸੇ ਪਾਂਚ–ਸਾਤ ਲੋਗੋ ਨੇ ਪੂਛਾ ਹੈਗਾ ਸੀਤਾਫਲ ਕੇ ਬਾਰੇ ਮੇਂ।

ਹੈਪੀ ਦੀ ਮੰਮੀ : ਵੇ ਬਮਾਰੀ ਕਾਹਨੂੰ ਚੱਲੀ ਐ…. ਪਤਾ ਨ੍ਹੀਂ ਕਿਹਨੂੰ ਬਮਾਰੀ ਪਈ ਐ ਜਿਹੜੀ ਚੀਕੂ ਤੇ ਸੀਤਾਫਲ਼ ਮੰਗਦੀ ਐ ?

ਸਬਜੀ ਵਾਲ਼ਾ : ਕੌਨ ਮਾਂਗਤੀ ਹੈ ?

ਹੈਪੀ ਦੀ ਮੰਮੀ : ਵੇ ਪਤਾ ਨ੍ਹੀ…. ਕੱਲ੍ਹ ਹੈਪੀ ਦਾ ਡੈਡੀ ਕੋਈ ਵੀਡੀਓ ਜੀ ਦੇਖੀ ਜਾਂਦਾ ਸੀ, ਇੱਕ ਬਲਾਂ ਸੋਹਣੀ ਜੀ ਜਨਾਨੀ, ਪਤਾ ਨ੍ਹੀ ਕੀ ਭਲਾਂ ਜਾ ਨੌਂਅ ਸੀ ਉਹਦਾ, ਰੂਸਾ–ਰਾਸਾ, ਫੋਨ ‘ਤੇ ਉਹ ਆਪਣੇ ਕਪਤਾਨ ਸਾਹਬ ਤੋਂ ਚੀਕੂ ਤੇ ਸੀਤਾਫਲ਼ ਮੰਗੀ ਜਾਂਦੀ ਸੀ। ਮੈਂ ਕਿਹਾ ਮਨਾ, ਚੀਕੂ ਤਾਂ ਬਥੇਰੇ ਖਾਏ–ਦੇਖੇ ਐ, ਮੈਂ ਆਹ ਤਾਂ ਦੇਖਾਂ ਬਈ ਕਿਹੋ ਜਾ ਹੁੰਦੈ ਸੀਤਾਫਲ਼, ਜਿਹਦੇ ਆਸਤੇ ਅਗਲੀ ਤਰਲੋਮੱਛੀ ਹੋਈ ਜਾਂਦੀ ਐ।

ਸਬਜੀ ਵਾਲ਼ਾ : ਅੱਛਾ…. ਤੋ ਤੁਸੀਂ ਸੀਤਾਫਲ਼ ਦੇਖਨਾ ਹੈਗਾ ?

ਹੈਪੀ ਦੀ ਮੰਮੀ : ਆਹੋ, ਦੇਖਣਾ ਵੀ ਤੇ ਖਾਣਾ ਵੀ ਐ…. ਖਾ ਕੇ ਖਬਨੀ ਮੈਂ ਬੀ ਰੂਸਾ–ਰਾਸਾ ਅਰਗੀ ਹੋਜਾਂ…. ਫੇਰ ਖੌਰੇ ਮੈਨੂੰ ਵੀ ਕਪਤਾਨ ਸਾਹਬ ਫੋਨ ਫੂਨ ਕਰ ਲਿਆ ਕਰਨ…. ਖਹਿੜਾ ਛੁਟੇ ਮੇਰਾ ਹੈਪੀ ਦੀ ਡੈਡੀ ਤੋਂ..!!

ਸਬਜੀ ਵਾਲ਼ਾ : ਹੈਪੀ ਦਾ ਡੈਡੀ ਚੰਗਾ ਨ੍ਹੀ ਹੈਗਾ ?

ਹੈਪੀ ਦੀ ਮੰਮੀ : ਲੈ…. ਬਥੇਰਾ ਚੰਗੈ ਹੈਪੀ ਦਾ ਡੈਡੀ…..।

ਸਬਜੀ ਵਾਲ਼ਾ : ਫੇਰ ਕਪਤਾਨ ਸਾਹਬ ਦਾ ਫੋਨ ਕਿਉਂ ਉਡੀਕਦੇ ਹੈਗੇ ?

ਹੈਪੀ ਦੀ ਮੰਮੀ : ਵੇ ਵਹੁਟੀ ਤਾਂ ਕਪਤਾਨ ਦੀ ਵੀ ਚੰਗੀ ਹੋਊ, ਸੋਹਣੀ–ਸਨੁੱਖੀ ਹੋਊ….. ਪਰ ਕਪਤਾਨ ਸਾਹਬ ਵੀ ਤਾਂ ਸਾਰਾ ਬਾਗ਼ ਬਾਹਰਲੀ ਨੂੰ ਲੁਟਾਈ ਜਾਂਦੈ…..

ਸਬਜੀ ਵਾਲ਼ਾ : ਅੱਛਾ ਤਾਂ ਤੁਸੀਂ ਬਾਗ ਉਜੜਨੋਂ ਬਚਾਨਾ ਹੈਗਾ !

ਹੈਪੀ ਦੀ ਮੰਮੀ : ਵੇ ਭਾਈ, ਜਿੱਥੋਂ ਦੇ ਗਾਲ੍ਹੜ ਪਟਵਾਰੀ ਹੋਣ, ਓਥੋਂ ਦੇ ਬਾਗ ਤਾਂ ਉਜੜਨੇ ਈ ਹੋਏ….. ਮੈਂ ਤਾਂ ਕਪਤਾਨ ਸਾਹਬ ਨੂੰ ਫੋਨ ‘ਤੇ ਬੱਸ ਇਹੋ ਕਹਿਣਾ ਹੈਗਾ ਬਈ ਬਾਹਰਲਿਆਂ ਨਾਲ਼ ਵੀ ਕਰਲੋ ਚੋਹਲਾਂ–ਮੋਹਲਾਂ, ਥੋਨੂੰ ਕੌਣ ਰੋਕ ਸਕਦੈ ਪਰ ਅੰਦਰਲਿਆਂ ਨੇ ਕੀ ਗੁਨਾਹ ਕਰਤਾ…!! ਕੱਲੀ–ਕੱਲੀ ਬੋਟ ਥੋਨੂੰ ਪਾਈ ਬਈ ਸਾਡਾ ਸਾਡਾ ਕੋਈ ਮੂੰਹ–ਮੱਥਾ ਸੁਆਰੋਂਗੇ…. ਪਰ ਸਾਡੇ ਨਾਲ਼ ਤਾਂ ਉਹੀ ਹੋਈ ਬਈ ‘ਹੋਲੀ ਗੈਰਾਂ ਨਾਲ਼ ਖੇਡੀ ਤੂੰ ਬਥੇਰੀ, ਸਾਡੀ ਆਰੀ ਰੰਗ ਮੁੱਕਿਆ।’ ਚਲੋ ਹੋਰਾਂ ਨੂੰ ਖਲ਼ਾਦੋ ਸੀਤਾਫਲ਼, ਓ ਸਾਨੂੰ ਸ਼ਕਲ ਤਾਂ ਦਖਾਦੋ….

ਸਬਜੀ ਵਾਲ਼ਾ : ਬੀਵੀ ਜੀ…. ਆਪਨੇ ਕਦੇ ਰਾਮਫਲ ਦੇਖਾ ਹੈਗਾ ?

ਹੈਪੀ ਦੀ ਮੰਮੀ : ਆਹੋ ਦੇਖਿਐ, ਆਹ ਸਾਡੇ ਮੁਹੱਲੇ ‘ਚ ਜਿਹੜੀ ਚਿਮਨੀਆ ਔਂਦੀ ਐ ਨਾ, ਓ ਆਹ ਜਿਹਨੇ ਕਈ ਘਰਾਂ ਦੇ ਸਫ਼ਾਈ–ਪੋਚੇ ਦਾ ਕੰਮ ਸਾਂਭਿਆ ਹੋਇਐ, ਉਹਦੇ ਘਰਆਲ਼ੇ ਦਾ ਨੌਂਅ ਐ, ਰਾਮਫਲ਼….. ਹਾਏ ਮੈਂ ਮਰਜਾਂ, ਉਹਦੇ ਅਰਗਾ ਕਾਲ਼ਾ–ਕਲੂਟਾ ਜਾ ਹੁੰਦੈ ਸੀਤਾਫਲ਼ ?

ਸਬਜੀ ਵਾਲ਼ਾ : ਨਹੀਂ ਨਹੀਂ ਬੀਵੀ ਜੀ, ਸੀਤਾਫਲ ਤੋਂ ਸ਼ਰੀਫਾ ਹੋਤਾ ਹੈ।

ਹੈਪੀ ਦੀ ਮੰਮੀ : ਵੇ ਜੇ ਸੀਤਾਫਲ਼ ਸ਼ਰੀਫ ਹੁੰਦੈ ਤਾਂ ਕੀ ਆਹ ਆੜੂ, ਆਲੂਬੁਖਾਰੇ, ਸਿਓ, ਕੇਲੇ ਲੁੱਚੇ ਲੰਡੇ ਤੁਰੇ ਫਿਰਦੇ ਆ ? ਹੈਂਅਅ !!

ਸਬਜੀ ਵਾਲ਼ਾ : ਓ ਨਹੀਂ ਬੀਵੀ ਜੀ, ਸੀਤਾਫਲ ਕਾ ਦੂਸਰਾ ਨਾਮ ਸ਼ਰੀਫਾ ਹੋਤਾ ਹੈ।

ਹੈਪੀ ਦੀ ਮੰਮੀ : ਆਹੋ ਭਾਈ ਲੰਡਾ ਲੁੱਚਾ ਚੌਧਰੀ, ਗੁੰਡੀ ਰੰਨ ਪ੍ਰਧਾਨ….. ਹੁਣ ਤਾਂ ਫਲ–ਫਰੂਟ ਏ ਸ਼ਰੀਫ ਰਹਿਗੇ, ਬਾਕੀ ਤਾਂ ਲੰਡੇ ਲੁੱਚੇ ਈ ਤੁਰੇ ਫਿਰਦੇ ਆ।

ਸਬਜੀ ਵਾਲ਼ਾ : ਅੱਛਾ ਬੀਵੀ ਜੀ, ਮੈਨੇ ਆਗੇ ਬੀ ਜਾਨਾ ਹੈਗਾ, ਸਬਜੀ–ਫਰੂਟ ਬੇਚਨੇ ਕੇ ਲੀਏ…. ਆਪ ਬਤਾਓ ਔਰ ਕੁਛ ਲੇਨਾ ਹੈਗਾ ?

ਹੈਪੀ ਦੀ ਮੰਮੀ : ਹੋਰ ਕੁਛ ਤਾਂ ਭਾਈ ਬਥੇਰਾ ਆ ਜਾਂਦੈ ਸਾਡੇ ਘਰੇ…. ਆਹ ਹੈਪੀ ਦਾ ਡੈਡੀ ਹੋਮਗਾਡੀਆ ਲੱਗਿਆ ਹੋਇਐ ਨਾ…!! ਨਿੱਤ ਈ ਅਨਮੀਆ ਤੋਂ ਅਨਮੀਆ ਚੀਜਾਂ ਚੁੱਕੀ ਲਿਆਉਂਦੈ….. ਆਹ ਕੱਲ੍ਹ ਇੱਕ ਰੇਹੜੀ ਆਲ਼ੇ ਦੇ ਆਂਡੇ ਚੱਕ ਲਿਆਇਆ ਸੀ।

ਸਬਜੀ ਵਾਲ਼ਾ : ਊ ਅੱਛਾ ਅੱਛਾ, ਊ ਤੋ ਫਿਰ ਇਨ੍ਹਾਂ ਦੀ ਬੀਡੀਓ ਵੀ ਬਨਾ ਹੈਗਾ, ਆਂਡੇ ਚੂਕਦੇ ਦਾ….

ਹੈਪੀ ਦੀ ਮੰਮੀ : ਆਹੋ, ਆਹੋ, ਉਹੀ ਐ…. ਊਂਅ ਪਰ ਓਸ ਵੀਡੀਓ ‘ਚ ਸ਼ਕਲ ਸਾਫ ਨੀ ਦੀਂਹਦੀ ਹੈਗੀ, ਹੈਪੀ ਦੇ ਡੈਡੀ ਦੀ…. ਐਈਂ ਇਨ੍ਹਾਂ ਦੀ ‘ਮਰੂਦ ਤੋੜਦਿਆਂ ਦੀ ਫੋਟੋ ਖਿੱਚਲੀ ਤੀ ਕਿਸੇ ਨੇ….

ਸਬਜੀ ਵਾਲ਼ਾ : ਹਾਂ ਹਾਂ, ਊ ਵੀ ਦੇਖਾ ਹੈਗਾ ਮੈਂ, ਰੇਹੜੀ ਉੱਤੇ ਚੜ੍ਹ ਕੇ, ਕਿਸੇ ਕੀ ਘਰ ਦੀ ਦੀਵਾਰ ਕੇ ਬਾਹਰ ਖੜ੍ਹੇ ਹੋ ਕੇ ਅਮਰੂਦ ਤੋੜ ਰਹੇ ਥੇ…. ਊ ਵੀ ਹੈਪੀ ਕੇ ਡੈਡੀ ਹੈਗੇ ?

ਹੈਪੀ ਦੀ ਮੰਮੀ : ਲੈ ਹੋਰ…. ਓਹੀ ਐ, ਫੋਟੋ ਕਿਸੇ ਨੇ ਪਿੱਛੋਂ ਖਿੱਚੀ ਐ ਨਾ, ਇਸ ਕਰਕੇ ਮੂੰਹ ਨੀ ਦੀਂਹਦਾ ਹੈਗਾ। ਮੈਂ ਤਾਂ ਕਿਹਾ ਬੀ ਤੀ ਹੈਪੀ ਦੇ ਡੈਡੀ ਨੂੰ ਬਈ ‘ਫੋਟੋ ਤਰਾਉਣ ਲੱਗੇ ਤਾਂ ਮੂੰਹ ਕੈਮਰੇ ਅੱਲ੍ਹ ਨੂੰ ਕਰ ਲਿਆ ਕਰੋ….. ਆਹ ਦੇਖਲਾ ਆਪਣੇ ਪ੍ਰਧਾਨ ਸਾਹਬ…. ਕਿੱਡਾ ‘ਸਾਬ ਐ ਇਨ੍ਹਾਂ ਨੂੰ ਫੋਟੂਆਂ ‘ਤਰਾਣ ਦਾ। ਮਜਾਲ ਐ ਕੋਈ ਫੋਟੋ ਮਾੜੀ ਆਜੇ…. ਐਈਂ ਸਾਡੇ ਇੱਕ ਸੋਨੂੰ ਨਚਾਰ ਹੁੰਦਾ ਤੀ…. ਕਿਸੇ ਦਾ ਵਿਆਹ ਹੋਵੇ ਸਭ ਤੋਂ ਬੱਧ ਫੋਟੂਆਂ ਸੋਨੂੰ ਨਚਾਰ ਦੀਆਂ ਈ ਹੁੰਦੀਆਂ ਤੀ…. ਢਹਿ ਜਾਣਾ, ਲਾਵਾਂ–ਫੇਰਿਆਂ ਵਿੱਚ ਵੜ ਕੇ ਵੀ ਨੀ ਫੋਟੂ ‘ਤਰਾਣ ਤੋਂ ਨ੍ਹੀਂ ਤੀ ਟਲ਼ਦਾ…. ਹਾਏ ਮੈਂ ਮਰਜਾਂ, ਮੇਕਅੱਪ–ਮੂਅਕੱਪ ਕਰ ਤਾਂ ਮਾਤ੍ਹੜਾਂ–ਤਮਾਤ੍ਹੜਾਂ ਜਨਾਨੀਆਂ ਤੋਂ ਵੀ ਸੋਹਣੀ ਬਣ ਜਾਂਦੈ ਢਹਿ ਜਾਣਾ….. ਆਹ ਬੰਦੇ ਤਾਂ ਦਾਰੂ ਪੀ ਕੇ ਢਹਿ ਜਾਣੇ ਉਹਨੂੰ ਈ ਸ਼੍ਰੀਦੇਵੀ ਸਮਝੀ ਜਾਂਦੇ ਤੀ…. ਇੱਕ ਆਰੀਂ ਤਾਂ ਹੈਪੀ ਦਾ ਡੈਡੀ ਵੀ ਅੜ ਗਿਆ ਅਖੇ ਮੈਂ ਤਾਂ ਆਹ ਸੋਨੂੰ ਨਚਾਰ ਨੂੰ ਆਪਣੇ ਘਰੇ ਬਸਾਉਣੈ…. ਮੈਂ ਤਾਂ ਫੜ ਕੇ ਢਾਹ ਲਿਆ ਹੈਪੀ ਦਾ ਡੈਡੀ…. ਬਣਾਤੀ ਬੱਧਰੀ…. ਮੈਂ ਕਿਹਾ, ਤੂੰ ਬੰਦੇ ਦਾ ਪੁੱਤ ਬਣਜਾ, ਐਡਾ ਤੂੰ ਕਪਤਾਨ ਸਾਹਬ, ਜਿਹੜਾ ਦੋ–ਦੋ ਸਾਂਭਲੇਗਾ…. ਆਹ ਸੋਨੂੰ ਨਚਾਰ ਦੇ ਤਾਂ ਮੇਕਅੱਪ ਦਾ ਖਰਚਾ ਨ੍ਹੀ ਪੂਰਾ ਹੋਣਾ ਤੈਥੋਂ…. ਜਦ ਗੋਡਿਆਂ ਥੱਲੇ ਲਿਆ ਤਾਂ ਜਾ ਕੇ ਸੁਰਤ ਟਕਾਣੇ ਆਈ ਹੈਪੀ ਦੇ ਡੈਡੀ ਦੀ….

ਸਬਜੀ ਵਾਲ਼ਾ : ਦੇਖੋ ਪੈਨ ਜੀ, ਮੇਰੀ ਬਾਤ ਕਾ ਗੁੱਸਾ ਮਤ ਕਰਨਾ…. ਆਪਨੇ ਸੋਨੂੰ ਨਚਾਰ ਕੋ, ਕਪਤਾਨ ਸਾਹਬ, ਅਪਨੇ ਹੋਗਗਾਡੀਆ ਕੋ ਜਿਤਨਾ ਗਾਲੀ ਦੇਨਾ ਹੈ, ਦਬਾ ਕੇ ਦਿਓ ਪਰ ਹਮਾਰੇ ਪ੍ਰਧਾਨ ਜੀ ਬਾਰੇ ਮੇ ਮਤ ਉਲਟਾ–ਸੁਲਟਾ ਬੋਲੋ….. ਉਨ ਕੇ ਬਾਰੇ ਮੇ ਹਮ ਨਹੀਂ ਸੁਨ ਸਕੇਂਗੇ।

ਹੈਪੀ ਦੀ ਮੰਮੀ : ਨਾ ਕੀ ਐ ਵੇ…. ਥੋਡਾ ਵੱਡਾ ਪ੍ਰਧਾਨ….!! ਹੈਂਅਅ..!! ਧੇਲੀ ਦੀ ਅਕਲ ਨ੍ਹੀ ਉਹਨੂੰ…. ਜਿੱਥੇ ਕੱਲਾ ਹੁੰਦੈ ਮੂੰਹ ‘ਤੇ ਮਾਸਕ ਪਾ ਲੈਂਦੈ, ਜਿੱਥੇ ‘ਕੱਠ ‘ਚ ਵੜਦੈ, ਮਾਸਕ ਲਾਹ ਲੈਂਦੈ…. ਚੌੜ–ਚੌੜ ‘ਚ ਸਾਰੇ ਦੇਸ਼ ਦੀ ਬੇੜੀ ਡੋਬਤੀ…. ਆਪਦੀ ਜਨਾਨੀ ਸਾਂਭੀ ਨ੍ਹੀ ਗਈ, ਊਂਅ ਪੂਰਾ ਦੇਸ ਨੂੰ ਸਾਂਭਣ ਨੂੰ ਫਿਰਦੈ…. ਖੇਖਣ ਕਰਦੈ ਸੋਨੂੰ ਨਚਾਰ ਤੋਂ ਬਹੁਤੇ….

ਸਬਜੀ ਵਾਲ਼ਾ : ਆਪ ਜੈਸੇ ਦੇਸ਼–ਧ੍ਰੋਹੀਓਂ ਕੀ ਵਜ੍ਹਾ ਸੇ ਦੇਸ਼ ਕਾ ਈ ਹਾਲ ਹੂਆ ਹੈ…. ਪ੍ਰਧਾਨ ਜੀ ਨੇ ਤੋ ਇਸ ਦੇਸ ਕੋ ਬਿਸਵਗੁਰੂ ਬਨਾ ਦੇਨਾ ਥਾ…. ਆਪ ਲੋਗੋਂ ਕੀ….

ਹੈਪੀ ਦੀ ਮੰਮੀ : ਓ ਤੂੰ ਤੁਰਦਾ ਹੋ, ਪ੍ਰਧਾਨ ਸੇਵਕ ਦਾ ਕੜਛਾ…. ਥੋਡੀਆਂ ਵੋਟਾਂ ਕਰਕੇ ਈ ਉਹ ਭੂਤਰਿਆ ਫਿਰਦੈ…. ਨਹੀਂ ਤਾਂ ਹੁਣ ਤੱਕ ਅਸੀਂ ਉਹਨੂੰ ਮੁੜ ਕੇ ਸਿਕੰਜਵੀਂ ਵੇਚਣ ਲਾਇਆ ਹੁੰਦਾ।

ਸਬਜੀ ਵਾਲ਼ਾ : ਅਰੇ ਸ਼ਰਮ ਕਰੋ, ਆਪਕਾ ਕਪਤਾਨ ਅਪਨੀ ਜਨਾਨੀ ਘਰ ਪੇ ਹੋਤੇ ਹੂਏ, ਦੂਸਰੀ ਜਨਾਨੀ ਪੇ ਟਰਾਈ ਮਾਰਤਾ ਹੈ।

ਹੈਪੀ ਦੀ ਮੰਮੀ : ਸਾਡਾ ਕਪਤਾਨ ਤਾਂ ਮਾਰਗੂ ਟਰਾਈ…. ਤੁਸੀਂ ਫੜ ਲਿਓ ਪੂੰਛ ਜਿਹੜੀ ਫੜੀ ਜਾਂਦੀ ਐ ਸਾਡੇ ਕਪਤਾਨ ਸਾਹਬ ਦੀ….. ਓ ਥੋਡੇ ਪ੍ਰਧਾਨ ਸੇਵਕ ਤੋਂ ਤਾਂ ਚੰਗੈ ਈ ਐ…. ਜਿਹੜਾ ਵਿਆਹਿਆ–ਵਰਿਆ ਵੀ ਛੜਾ–ਛੜਾਂਗ ਤੁਰਿਆ ਫਿਰਦੈ…. ਚੁੱਲ੍ਹੇ ਅੱਗ ਨਾ ਘੜੇ ਦੀ ਵਿੱਚ ਪਾਣੀ, ਪ੍ਰਧਾਨਾ ਤੇਰੀ ਜੂਨ ਬੁਰੀ….

ਸਬਜੀ ਵਾਲ਼ਾ : (ਔਖਾ ਭਾਰਾ ਹੋ ਕੇ) ਹਮ ਸੌਗੰਧ ਖਾਤੇ ਹੈਂ, ਮਰਦੇ ਮਰ ਜਾਏਂਗੇ ਪਰ ਇਸ ਗਲੀ ਮੇਂ ਸਬਜੀ ਬੇਚਨੇ ਨਹੀਂ ਆਏਂਗੇ।

ਹੈਪੀ ਦੀ ਮੰਮੀ : ਤੂੰ ਡੰਡੀ ਪੈ…. ਸਾਨੂੰ ਸਬਜੀਆਂ ਦਾ ਘਾਟੈ, ਹੁਣੇ ਆ ਜਾਂਦੈ, ਹੈਪੀ ਦਾ ਡੈਡੀ…. ਭਰ ਲਿਆਊ ਕਿਤੋਂ ਝੋਲ਼ਾ…. ਹੋ ਸਕਦੈ ਕਿਤੋਂ ਚੀਕੂ ਤੇ ਸੀਤਾਫਲ਼ ਵੀ ਲੈ ਈ ਆਵੇ…. ਕਿਹਾ ਤਾਂ ਤੀ ਜਾਂਦੇ ਨੂੰ…. ਪਰ ਢਹਿ ਜਾਣਾ ਕਿਤੇ ਕੋਈ ਕਿਸੇ ਜਨਾਨੀ ਨੂੰ ਈ ਨਾ ਫੜਾ ਆਵੇ…. ਇਹ ਬੰਦੇ ਸਾਰੇ ਕੁੱਤੇ ਦੀ ਪੂਛ ਈ ਹੁੰਦੈ ਆ… ਆਪਦੀ ਜਨਾਨੀ ਸੰਭਦੀ ਨ੍ਹੀਂ, ਗੁਆਂਢੀਆਂ ਦੀ ਜਨਾਨੀਆਂ ਵੀਡੀਓ ਕਾਲਾਂ ਕਰੀ ਜਾਂਦੇ ਆ…. ਹੂੰਅਅ !!!

(ਇੰਨਾ ਆਖਾ ਕੇ ਹੈਪੀ ਦੀ ਮੰਮੀ ਵੀ ਬੁੜਬੁੜ ਕਰਦੀ ਆਪਣੇ ਘਰ ਅੰਦਰ ਵੜ ਗਈ ਤੇ ਸਬਜੀ ਵਾਲ਼ਾ ਬੁੜਬੁੜ ਕਰਦਾ ਅੱਗੇ ਤੁਰ ਗਿਆ ਤੇ ।)

– ਜੈ ਹੋ

ਡਾ. ਸਵਾਮੀ ਸਰਬਜੀਤ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਲੋਹ ਬਾਰੋ ਕੌਂਸਲ ਦੀ “ਦੇਖ-ਰੇਖ ਪੜਤਾਲੀਆ ਕਮੇਟੀ” ਚੇਅਰਮੈਨ ਲਈ ਹਰਜਿੰਦਰ ਸਿੰਘ ਗਹੀਰ ਨੇ ਸਾਬਕਾ ਮੇਅਰ ਧਾਲੀਵਾਲ ਨੂੰ 15-9 ਨਾਲ ਹਰਾਇਆ
Next articleਮਿੱਠੜਾ ਕਾਲਜ ਦੇ ਵਿਦਿਆਰਥੀਆਂ ਨੇ ਬੀ ਕਾਮ ਸਮੈਸਟਰ ਪਹਿਲਾ ਦੇ ਨਤੀਜਿਆਂ ਵਿੱਚ ਮਾਰੀਆਂ ਮੱਲਾਂ