ਕਰੋਨਾ ਮਰੀਜ਼ਾਂ ਦਾ ਗਰਾਫ ਵਧਿਆ, ਕਰੋਨਾ ਤੋਂ ਡਰ ਦਾ ਗਰਾਫ ਘਟਿਆ
(ਸਮਾਜ ਵੀਕਲੀ)
ਦਸੰਬਰ 2019 ਵਿੱਚ ਚੀਨ ਦੇ ਵੁਹਾਨ ਇਲਾਕੇ ਤੋਂ ਸ਼ੁਰੂ ਹੋਏ ਨੋਵਲ ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਦਾ ਚੱਕਰ ਲਾ ਲਿਆ ਹੈ। ਸੁਰੂਆਤੀ ਦਿਨਾ ਤੋਂ ਹੀ ਦੁਨੀਆਂ ਭਰ ਦੇ ਲੋਕਾਂ ਵਿੱਚ ਇਸਦੇ ਡਰ ਦੀ ਦਹਿਸ਼ਤ ਫੈਲ ਗਈ ਸੀ। ਮਾਸ ਮੀਡੀਆ ਦੇ ਸਾਧਨਾਂ ਦੀ ਬਹੁਤਾਤ ਕਾਰਨ ਪਲ ਪਲ ਦੀ ਖਬਰ ਦੁਨੀਆਂ ਦੇ ਹਰ ਕੋਨੇ ਵਿੱਚਲੇ ਲੋਕਾਂ ਤੱਕ ਮਿੰਟਾਂ ਸਕਿੰਟਾਂ ਵਿੱਚ ਪਹੁੰਚ ਜਾਂਦੀ ਹੈ। ਇਨ੍ਹਾਂ ਖਬਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਖਬਰਾਂ ਮੁਤਾਬਕ ਲੋਕਾਂ ਦਾ ਨਜ਼ਰੀਆ ਵੀ ਇਸ ਬਿਮਾਰੀ ਪ੍ਰਤੀ ਦਿਨੋ ਦਿਨ ਬਦਲਦਾ ਰਿਹਾ। ਹੌਲੀ ਹੌਲੀ ਜਦੋਂ ਇਹ ਹੋਰਨਾ ਦੇਸ਼ਾਂ ਵਿੱਚ ਫੈਲਣ ਲਗਿਆ ਤਾਂ ਸਭ ਸਹਿਮ ਗਏ। ਚੀਨ ਤੋਂ ਬਾਅਦ ਇਟਲੀ ਵਿੱਚ ਹੋਈਆਂ ਮੌਤਾਂ ਨੇ ਪੂਰੀ ਦੁਨੀਆਂ ਨੂੰ ਡਰਾ ਕੇ ਰੱਖ ਦਿੱਤਾ। ਵਿਸ਼ਵ ਸਿਹਤ ਸੰਸਥਾ ਨੇ ਇਸ ਨੂੰ ਅੰਤਰਾਸ਼ਟਰੀ ਮਹਾਂਮਾਰੀ ਐਲਾਨ ਦਿੱਤਾ। ਸਾਰੇ ਦੇਸ਼ਾਂ ਨੇ ਇਸ ਬਿਮਾਰੀ ਨਾਲ ਲੜਣ ਲਈ ਤਿਆਰੀਆਂ ਅਰੰਭ ਦਿੱਤੀਆਂ। ਬਹੁਤ ਸਾਰੇ ਦੇਸ਼ਾਂ ਨੇ ਲੌਕਡਾਉਨ ਕਰ ਦਿੱਤਾ ਅਤੇ ਆਮ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ। ਇਸੇ ਵਿਚਕਾਰ ਇਸ ਕਰੋਨਾ ਵਾਇਰਸ ਦਾ ਚੀਨ ਵੱਲੋਂ ਖੁਦ ਤਿਆਰ ਕੀਤਾ ਜਾਣਾ ਅਤੇ ਵੁਹਾਨ ਦੀ ਲੈਬੋਰਟਰੀ ਵਿੱਚੋਂ ਲੀਕ ਹੋਣ ਦੀਆਂ ਖਬਰਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ।
ਭਾਰਤ ਵਿੱਚ ਜਦੋਂ ਇਸ ਵਾਇਰਸ ਨੇ ਦਸਤਕ ਦਿੱਤੀ ਤਾਂ ਸਾਡੇ ਲੋਕਾਂ ਦਾ ਸਹਿਮ ਹੋਰ ਵੱਧ ਗਿਆ। ਉਸ ਸਮੇਂ ਭਾਵੇਂ ਨੋਵਲ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਆਮ ਲੋਕਾਂ ਵਿੱਚ ਇਸਦੇ ਪ੍ਰਤੀ ਡਰ ਅਤੇ ਸਹਿਮ ਸਿਖਰ ਤੇ ਸੀ। ਇਥੋਂ ਤੱਕ ਕਿ ਲੋਕ ਮਾਨਸਿਕ ਤੌਰ ਤੇ ਆਪਣੇ ਆਪ ਵਿੱਚ ਇਸ ਬਿਮਾਰੀ ਦੇ ਲੱਛਣ ਵੇਖਣ ਲੱਗੇ ਸਨ। ਪੰਜਾਬ ਵਿੱਚ 20ਮਾਰਚ ਨੂੰ ਬੱਸ ਸੇਵਾ ਬੰਦ ਹੋਣ ਤੋਂ ਬਾਅਦ 22 ਮਾਰਚ ਨੂੰ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਕਰਫਿਊ ਲਗਾ ਦਿੱਤਾ ਗਿਆ। ਸਿਹਤ, ਪੁਲਿਸ ਅਤੇ ਸਫਾਈ ਤੋਂ ਇਲਾਵਾ ਸਾਰੀਆਂ ਸੇਵਾਵਾਂ ਬੰਦ ਹੋ ਗਈਆਂ। ਲੋਕ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ। ਡਰ, ਸਹਿਮ ਅਤੇ ਕਾਰੋਬਾਰੀ ਚਿੰਤਾ ਤੋਂ ਇਲਾਵਾ ਹਰ ਪਾਸੇ ਇਕੋ ਸ਼ਬਦ ਕਰੋਨਾ.. ਕਰੋਨਾ..ਕਰੋਨਾ ਸੁਣ ਸੁਣ ਕੇ ਇਸ ਸ਼ਬਦ ਨਾਲ ਸਭ ਨੂੰ ਨਫਰਤ ਜਿਹੀ ਹੋ ਗਈ।
ਪੰਜਾਬ ਵਿੱਚ ਸ਼ੁਰੂ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀਆਂ ਹੋਈਆਂ ਮੌਤਾਂ ਪਿੱਛੇ ਕਰੋਨਾ ਬਾਰੇ ਲੋਕਾਂ ਦੇ ਮਨਾਂ ਵਿੱਚ ਬੈਠਿਆ ਡਰ ਜਿਆਦਾ ਜਿੰਮੇਵਾਰ ਲੱਗ ਰਿਹਾ ਹੈ। ਕਿਉਂਕਿ ਕਰੋਨਾ ਦਾ ਖੋਫ ਉਸ ਸਮੇਂ ਇਨਾਂ ਹਾਵੀ ਸੀ ਕਿ ਪਾਜਟਿਵ ਆਉਣ ਵਾਲਾ ਵਿਅਕਤੀ ਆਪਣੀ ਮੌਤ ਤਹਿ ਸਮਝਦਾ ਸੀ। ਉਸ ਦੀਆਂ ਅੱਖਾਂ ਸਾਹਮਣੇ ਚੀਨ ਅਤੇ ਇਟਲੀ ਵਿੱਚ ਹੋਈਆਂ ਮੌਤਾਂ ਦੀਆਂ ਵੀਡੀਓ ਹੀ ਘੁੰਮਣ ਲੱਗਦੀਆਂ ਸਨ। ਕੁਝ ਇੱਕ ਲੋਕਾਂ ਨੂੰ ਛੱਡ ਇਸ ਵਾਇਰਸ ਤੋਂ ਬਚਾਅ ਲਈ ਪੂਰੀਆਂ ਸਾਵਧਾਨੀਆਂ ਵਰਤ ਰਹੇ ਸਨ। ਜਿਉਂ ਜਿਉਂ ਵੱਖ ਵੱਖ ਜਿਲ੍ਹਿਆਂ ਵਿੱਚ ਕੇਸ ਆਉਣ ਲੱਗੇ ਲੋਕਾਂ ਦੀ ਚਿੰਤਾ ਵਧਦੀ ਜਾ ਰਹੀ ਸੀ। ਲੋਕ ਪਾਜਟਿਵ ਮਰੀਜ਼ਾਂ ਵਾਲੇ ਏਰੀਏ ਤੋਂ ਵੀ ਡਰਦੇ ਸਨ। ਹੌਲੀ ਹੌਲੀ ਸਾਰੇ ਜਿਲਿਆਂ ਵਿੱਚ ਮਰੀਜ਼ਾਂ ਦੀ ਗਿਣਤੀ ਵੱਧਣ ਲੱਗੀ। ਪਰ ਖੁਸ਼ਕਿਸਮਤੀ ਨਾਲ ਪੰਜਾਬ ਵਿੱਚ ਕਰੋਨਾ ਕਾਰਨ ਮੌਤਾਂ ਬਹੁਤ ਘੱਟ ਹੋਈਆਂ ਅਤੇ ਜੋ ਮਰੀਜ਼ ਆਈਸੋਲੇਸ਼ਨ ਵਾਰਡਾਂ ਵਿੱਚ ਭਰਤੀ ਸਨ ਉਹ ਵੀ ਛੇਤੀ ਸਿਹਤਯਾਬ ਹੋ ਕੇ ਘਰ ਪਰਤਣ ਲੱਗੇ। ਇਸ ਨਾਲ ਲੋਕਾਂ ਦੇ ਦਿਲਾਂ ਵਿੱਚ ਕਰੋਨਾ ਵਾਇਰਸ ਦਾ ਡਰ ਕੁੱਝ ਘਟਣ ਲੱਗਾ ।
ਪਰ ਇੱਕ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਜਦੋਂ ਪੰਜਾਬ ਵਿੱਚ ਸਿਰਫ 20-30 ਕਰੋਨਾ ਪਾਜਟਿਵ ਕੇਸ ਸਨ ਤਾਂ ਲੋਕਾਂ ਵਿੱਚ ਬੜਾ ਡਰ ਫੋਲਿਆ ਹੋਇਆ ਸੀ। ਜਦੋਂ ਕਿ ਹੁਣ ਪਾਜਟਿਵ ਮਰੀਜ਼ਾਂ ਦਾ ਗਰਾਫ 3000 ਦੇ ਕਰੀਬ ਪਹੁੰਚ ਚੁੱਕਾ ਹੈ ਲੋਕ ਕਰੋਨਾ ਤੋਂ ਓਨਾ ਜਿਆਦਾ ਨਹੀਂ ਡਰਦੇ ਭਾਵ ਹੁਣ ਲੋਕ ਕਰੋਨਾ ਵਾਇਰਸ ਤੋਂ ਪਹਿਲਾਂ ਵਾਂਗੂ ਨਹੀਂ ਡਰ ਰਹੇ ।
ਮਨੁੱਖ ਦੀ ਇਹ ਹਸਰਤ ਹੈ ਉਹ ਡਰ ਵੀ ਬੜੀ ਜਲਦੀ ਜਾਂਦਾ ਹੈ ਅਤੇ ਬੜੀ ਛੇਤੀ ਅਵੇਸਲਾ ਵੀ ਹੋ ਜਾਂਦਾ ਹੈ । ਕਰਫਿਊ ਖਤਮ ਹੋਣ ਸਾਰ ਹੀ ਲੋਕਾਂ ਨੇ ਆਵਾਜਾਈ ਸ਼ੁਰੂ ਕਰ ਦਿੱਤੀ ਹੈ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੀ ਕੋਸ਼ਿਸ਼ ਘੱਟ ਕਰਨ ਲੱਗੇ ਹਨ। ਕਰਫਿਊ ਹਟਾਉਣਾ ਸਰਕਾਰ ਦੀ ਮਜਬੂਰੀ ਹੈ ਪਰ ਲੌਕਡਾਉਨ ਜਾਰੀ ਰੱਖ ਕੇ ਇਸ ਬਿਮਾਰੀ ਤੋਂ ਬਚਾਅ ਰੱਖਣ ਲਈ ਮਾਸਕ ਪਹਿਨਣਾ, ਬਿਨਾ ਕਿਸੇ ਜਰੂਰੀ ਕੰਮ ਤੋਂ ਬਾਹਰ ਨਾ ਜਾਣਾ, ਸਮਾਜਿਕ ਦੂਰੀ ਬਣਾਏ ਰੱਖਣਾ ਆਦਿ ਸਾਵਧਾਨੀਆਂ ਵਰਤਣ ਲਈ ਵੀ ਕਿਹਾ ਹੈ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕਰਫਿਊ ਖਤਮ ਹੋਇਆ ਹੈ ਕਰੋਨਾ ਵਾਇਰਸ ਨਹੀਂ। ਇਸ ਲਈ ਸਾਨੂੰ ਇਸ ਬਿਮਾਰੀ ਤੋਂ ਆਪਣਾ ਅਤੇ ਹੋਰਾਂ ਦਾ ਬਚਾਅ ਕਰਨ ਲਈ ਜਰੂਰੀ ਹਦਾਇਤਾਂ ਦੀ ਪਾਲਣਾ ਲਾਜਮੀ ਕਰਨੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਬਾਹਰ ਤੋਂ ਆਇਆ ਹੈ ਤਾਂ ਉਸ ਨੂੰ 14 ਦਿਨ ਇਕਾਂਤਵਾਸ ਰਹਿਣਾ ਅਤੇ ਆਪਣਾ ਆਰ ਟੀ – ਪੀ ਸੀ ਆਰ ਟੈਸਟ (ਕਰੋਨਾ ਟੈਸਟ) ਕਰਵਾ ਲੈਣਾ ਚਾਹੀਦਾ ਹੈ। ਇਹ ਟੈਸਟ ਹਰ ਇੱਕ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਹਰ ਹਫਤੇ ਵੱਖ ਵੱਖ ਦਿਨ ਮੁਫਤ ਲਏ ਜਾਂਦੇ ਹਨ। ਵਧੇਰੇ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਦੁਕਾਨਦਾਰਾਂ, ਕਰਮਚਾਰੀਆਂ , ਗਭੀਰ ਰੋਗਾਂ ਤੋਂ ਪੀੜਤ ਮਰੀਜ਼ਾਂ, ਗਰਭਵਤੀ ਔਰਤਾਂ ਨੂੰ ਇਹ ਟੈਸਟ ਕਰਵਾ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕਿਉਂਕਿ ਇਹ ਵਾਇਰਸ ਏਨੀ ਛੇਤੀ ਜਾਣ ਵਾਲਾ ਨਹੀਂ ਸਾਨੂੰ ਇਸ ਤੋਂ ਬਚਣ ਲਈ ਲਗਾਤਾਰ ਧਿਆਨ ਰੱਖਣ ਦੀ ਲੋੜ ਹੈ।
– ਚਾਨਣ ਦੀਪ ਸਿੰਘ ਔਲਖ, 9876888177