ਹਿੰਦ-ਪਾਕਿ ਦੋਸਤੀ ਮੇਲਾ: ਧਾਰਾ 370 ਖ਼ਤਮ ਕਰਨ ਦਾ ਮੁੱਦਾ ਰਿਹਾ ਭਾਰੂ

ਇਥੇ ਅੱਜ ਪੰਜਾਬ ਨਾਟਸ਼ਾਲਾ ਵਿਚ ਹੋਏ 24ਵੇਂ ਹਿੰਦ-ਪਾਕਿ ਦੋਸਤੀ ਸੰਮੇਲਨ ਵਿਚ ਜਾਰੀ ਕੀਤੇ ਗਏ ਐਲਾਨਨਾਮੇ ਵਿਚ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਨੂੰ ਖਤਮ ਕਰਕੇ ਕੇਂਦਰੀ ਪ੍ਰਸ਼ਾਸਿਤ ਖੇਤਰਾਂ ਵਿਚ ਵੰਡਣ ਦੇ ਸਰਕਾਰ ਦੇ ਫੈਸਲੇ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਗੰਭੀਰ ਫ਼ੈਸਲੇ ’ਤੇ ਮੁੜ ਸੰਜੀਦਗੀ ਨਾਲ ਵਿਚਾਰ ਕਰੇ, ਸਿਆਸੀ ਲੀਡਰਸ਼ਿਪ ਨੂੰ ਬਿਨਾਂ ਦੇਰੀ ਰਿਹਾਅ ਕਰੇ ਅਤੇ ਪ੍ਰੈੱਸ ਅਤੇ ਆਮ ਲੋਕਾਂ ’ਤੇ ਲਾਈਆਂ ਪਾਬੰਦੀਆਂ ਖਤਮ ਕੀਤੀਆਂ ਜਾਣ। ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ, ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕਰੇਸੀ, ਆਗਾਜ਼-ਇ-ਦੋਸਤੀ, ਸਾਫਮਾ ਅਤੇ ਪੰਜਾਬ ਜਾਗ੍ਰਿਤੀ ਮੰਚ ਵਲੋਂ ਕਰਵਾਏ ਇਸ ਸੰਮੇਲਨ ਵਿਚ ਬੁਲਾਰਿਆਂ ਨੇ ਜਿਥੇ ਭਾਰਤ -ਪਾਕਿਸਤਾਨ ਸਬੰਧਾਂ ਵਿਚਾਲੇ ਆਏ ਵਿਗਾੜ ’ਤੇ ਚਿੰਤਾ ਪ੍ਰਗਟਾਈ, ਉਥੇ ਇਹ ਵੀ ਕਿਹਾ ਗਿਆ ਕਿ ਧਾਰਾ 370 ਖਤਮ ਕਰਨ ਤੋਂ ਪਹਿਲਾਂ ਕਸ਼ਮੀਰ ਦੇ ਲੋਕਾਂ ਨੂੰ ਭਰੋਸੇ ਵਿਚ ਲੈ ਕੇ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ। ਹਿੰਦ-ਪਾਕਿ ਦੋਸਤੀ ਮੰਚ ਦੀ ਪ੍ਰਧਾਨ ਸਈਦਾ ਹਮੀਦ ਨੇ ਕਿਹਾ ਕਿ ਧਾਰਾ 370 ਨੂੰ ਹਟਾਉਣ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਕਸ਼ਮੀਰੀਆਂ ਨੂੰ ਵਿਸ਼ਵਾਸ ਵਿਚ ਲੈ ਕੇ ਸਲਾਹ ਲੈਂਦੀ। ਉਨ੍ਹਾਂ ਕਿਹਾ ਕਿ ਜਿਹੜਾ ਰਾਹ ਅਖ਼ਤਿਆਰ ਕੀਤਾ ਗਿਆ, ਉਹ ਲੋਕਤੰਤਰੀ ਸੰਵਿਧਾਨ ਦੀ ਉਲੰਘਣਾ ਹੈ। ‘ਦਾ ਵਾਇਰ ਵੈੱਬਸਾਈਟ’ ਦੇ ਸੰਚਾਲਕ ਅਤੇ ‘ਦਾ ਹਿੰਦੂ’ ਦੇ ਸਾਬਕਾ ਸੰਪਾਦਕ ਸਿਧਾਰਥ ਵਰਧਰਾਜਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਅੰਦਰੂਨੀ ਹਾਲਤ ਵਿਗੜਦੇ ਜਾ ਰਹੇ ਹਨ ਅਤੇ ਸੁਧਾਰਾਂ ਦੇ ਆਸਾਰ ਨਜ਼ਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਅਮਨ ਲਈ ਆਵਾਜ਼ ਉਠਦੀ ਰਹਿਣੀ ਚਾਹੀਦੀ ਹੈ। ਰਾਜ ਸਭਾ ਮੈਂਬਰ ਕੁਮਾਰ ਕੇਤਕਰ ਨੇ ਕਿਹਾ ਕਿ ਸਰਹੱਦਾਂ ਬਦਲਦੀਆਂ ਰਹਿੰਦੀਆਂ ਹਨ ਤੇ ਪਾਕਿ-ਭਾਰਤ ਸਰਹੱਦ ਵੀ ਨਹੀਂ ਰਹਿਣੀ। ਉਨ੍ਹਾਂ ਕਿਹਾ ਕਿ ਅਮਨ ਦੀ ਗੱਲ ਚਲਦੀ ਰਹਿਣੀ ਚਾਹੀਦੀ ਹੈ। ਪਾਕਿਸਤਾਨ-ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕਰੇਸੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਜਤਿਨ ਦੇਸਾਈ ਨੇ ਸ਼ੰਕਾ ਜਾਹਿਰ ਕੀਤਾ ਕਿ ਭਾਜਪਾ ਮੁੰਬਈ, ਨਾਗਾਲੈਂਡ, ਮਣੀਪੁਰ ਨੂੰ ਵੀ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਾਂ ਕਿ ਕਰਤਾਰਪੁਰ ਦਾ ਲਾਂਘਾ ਭਾਰਤ-ਪਾਕਿ ਵਿਚਾਲੇ ਅਮਨ ਦੀ ਕਾਇਮੀ ਲਈ ਅਹਿਮ ਭੂਮਿਕਾ ਨਿਭਾਵੇਗਾ। ਆਗਾਜ਼-ਇ-ਦੋਸਤੀ ਦੇ ਬੈਨਰ ਹੇਠ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਅਮਨਪਸੰਦ ਲੋਕਾਂ ਨੂੰ ਲੈ ਕੇ ਆਏ ਰਵੀ ਨਤੀਸ਼ ਨੇ ਕਿਹਾ ਕਿ ਸਰਕਾਰਾਂ ਬਦਲ ਜਾਂਦੀਆਂ ਹਨ ਪਰ ਦੋਸਤੀ ਨਹੀਂ ਬਦਲਣੀ ਚਾਹੀਦੀ। ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਅਮਨ-ਸ਼ਾਂਤੀ ਲਈ ਨਿਰੰਤਰ ਯਤਨ ਜਾਰੀ ਰੱਖਾਂਗੇ। ਸਾਫਮਾ ਪੰਜਾਬ ਦੇ ਕੋਆਰਡੀਨੇਟਰ ਤੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚ ਅਮਨ-ਸ਼ਾਂਤੀ ਦੀ ਕਾਇਮੀ ਲਈ ਸਾਡੇ ਯਤਨ ਜਾਰੀ ਰਹਿਣਗੇ। ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਂਝੇ ਯਤਨ ਸਫਲ ਜ਼ਰੂਰ ਹੋਣਗੇ। ਇਸ ਮੌਕੇ ਅਕਾਦਮੀ ਦਾ ਮੈਗਜ਼ੀਨ ‘ਪੰਜ ਪਾਣੀ’ ਵੀ ਰਿਲੀਜ਼ ਕੀਤਾ ਗਿਆ।

Previous articleਲੰਙੇਆਣਾ ਵਿੱਚੋਂ ਠੇਕਾ ਚੁਕਾਉਣ ਲਈ ਮੁਜ਼ਾਹਰਾ
Next articleਭਾਰਤੀ-ਅਮਰੀਕੀ ਸੰਸਦ ਰੋ ਖੰਨਾ ਪਾਕਿ ਕੌਕਸ ’ਚ ਸ਼ਾਮਲ