ਗੁਹਾਟੀ (ਸਮਾਜ ਵੀਕਲੀ) : ਨਾਰਥ ਈਸਟ ਡੈਮੋਕਰੈਟਿਕ ਅਲਾਇੰਸ (ਐੱਨਈਡੀਏ) ਦੇ ਕਨਵੀਨਰ ਹਿਮੰਤ ਬਿਸਵਾ ਸਰਮਾ ਨੂੰ ਅੱਜ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਅਤੇ ਉਨ੍ਹਾਂ ਨੂੰ ਜਲਦੀ ਹੀ ਸੂਬੇ ਦੇ ਮੁੱਖ ਮੰਤਰੀ ਵਜੋਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਜਾਵੇਗਾ। ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਇਹ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਸਰਬਨੰਦ ਸੋਨੋਵਾਲ ਨੇ ਸਰਮਾ ਦੇ ਨਾਂ ਦੀ ਤਜਵੀਜ਼ ਪੇਸ਼ ਕੀਤੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਰੰਜੀਤ ਕੁਮਾਰ ਦਾਸ ਅਤੇ ਹਾਫਲਾਂਗ ਤੋਂ ਨਵੀਂ ਚੁਣੀ ਵਿਧਾਇਕਾ ਨੰਦਿਤਾ ਗਾਰਲੋਸਾ ਨੇ ਇਸ ਤਜਵੀਜ਼ ਦੀ ਹਮਾਇਤ ਕੀਤੀ। ਤਜਵੀਜ਼ ’ਚ ਕਿਸੇ ਹੋਰ ਦਾ ਨਾਂ ਨਹੀਂ ਰੱਖਿਆ ਗਿਆ ਸੀ ਇਸ ਲਈ ਸਰਮਾ ਨੂੰ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ।
ਤੋਮਰ ਨੇ ਕਿਹਾ ਕਿ ਭਾਜਪਾ, ਅਸਮ ਗਣ ਪ੍ਰੀਸ਼ਦ (ਏਜੀਪੀ) ਅਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂਪੀਪੀਐੱਲ) ਦੇ ਆਪਣੇ ਗੱਠਜੋੜ ਦੇ ਹਮਾਇਤੀਆਂ ਨਾਲ ਜਲਦੀ ਹੀ ਮੀਟਿੰਗ ਕਰੇਗੀ। ਅਸਮ ਗਣ ਪ੍ਰੀਸ਼ਦ ਵਿਧਾਇਕ ਦਲ ਨੇ ਵੀ ਅੱਜ ਮੀਟਿੰਗ ਕੀਤੀ। ਪਾਰਟੀ ਨੇ ਐਲਾਨ ਕੀਤਾ ਕਿ ਉਹ ਭਾਜਪਾ ਵਿਧਾਇਕ ਦਲ ਵੱਲੋਂ ਚੁਣੇ ਗਏ ਨੇਤਾ ਦੀ ਹਮਾਇਤ ਕਰੇਗੀ। ਇਸ ਤੋਂ ਬਾਅਦ ਹਿਮੰਤ ਬਿਸਵਾ ਸਰਮਾ ਨੇ ਰਾਜਪਾਲ ਜਗਦੀਸ਼ ਮੁਖੀ ਨਾਲ ਰਾਜ ਭਵਨ ’ਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly